Sat,Sep 19,2020 | 07:37:05am
HEADLINES:

Punjab

ਅਕਾਲੀ ਤੇ ਕਾਂਗਰਸ ਲੀਡਰਾਂ ਦੀਆਂ 'ਗੈਂਗਸਟਰਾਂ' ਨਾਲ 'ਨਜ਼ਦੀਕੀਆਂ' 'ਤੇ ਮਚਿਆ ਸਿਆਸੀ ਤੂਫਾਨ

ਅਕਾਲੀ ਤੇ ਕਾਂਗਰਸ ਲੀਡਰਾਂ ਦੀਆਂ 'ਗੈਂਗਸਟਰਾਂ' ਨਾਲ 'ਨਜ਼ਦੀਕੀਆਂ' 'ਤੇ ਮਚਿਆ ਸਿਆਸੀ ਤੂਫਾਨ

ਸਿਆਸਤ ਨਾਲ ਅਪਰਾਧਿਕ ਤੱਤਾਂ ਦਾ ਮੇਲ ਹਮੇਸ਼ਾ ਵਿਵਾਦ ਦਾ ਵਿਸ਼ਾ ਰਿਹਾ ਹੈ। ਪੰਜਾਬ ਦੀ ਸਿਆਸਤ ਵੀ ਇਸ ਪੱਖੋਂ ਕੋਈ ਅਲੱਗ ਨਹੀਂ ਹੈ। ਇੱਥੇ ਸਮੇਂ-ਸਮੇਂ 'ਤੇ ਨੇਤਾਵਾਂ ਤੇ ਅਪਰਾਧਿਕ ਇਮੇਜ਼ ਵਾਲੇ ਲੋਕਾਂ ਦੀ ਅੰਦਰੂਨੀ ਸਾਂਝ ਜੱਗ ਜਾਹਿਰ ਹੁੰਦੀ ਰਹੀ ਹੈ। ਇਨ੍ਹਾਂ ਦਿਨੀਂ ਵੀ ਕਾਂਗਰਸ ਤੇ ਅਕਾਲੀ ਦਲ ਦੇ ਲੀਡਰਾਂ ਦੀਆਂ ਕਥਿਤ ਗੈਂਗਸਟਰਾਂ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਤੇ ਸਿਆਸੀ ਤੂਫਾਨ ਮਚਿਆ ਹੋਇਆ ਹੈ। ਇਸ ਮੁੱਦੇ 'ਤੇ ਗਰਮ ਹੋਈ ਪੰਜਾਬ ਦੀ ਸਿਆਸਤ ਵਿਚਕਾਰ ਦੋਵੇਂ ਪਾਰਟੀਆਂ ਦੇ ਆਗੂ ਆਪਣੀ-ਆਪਣੀ ਸਫਾਈ ਦੇਣ ਲੱਗੇ ਹੋਏ ਹਨ।

ਬੀਤੇ ਦਿਨੀਂ ਮੁੱਖ ਮੰਤਰੀ ਦਫਤਰ ਵੱਲੋਂ ਫੋਟੋਆਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਹਰਜਿੰਦਰ ਸਿੰਘ ਬਿੱਟੂ ਸਨਮਾਨਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਦਫਤਰ ਵੱਲੋਂ ਹਰਜਿੰਦਰ ਬਿੱਟੂ ਨੂੰ ਗੈਂਗਸਟਰ ਦੱਸਿਆ ਗਿਆ।

ਬਿੱਟੂ ਤਲਵੰਡੀ ਸਾਬੋ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦਾ ਕਥਿਤ ਨਜ਼ਦੀਕੀ ਦੱਸਿਆ ਜਾਂਦਾ ਹੈ। ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਬਿੱਟੂ ਗੁਰਪ੍ਰੀਤ ਸੇਖੋਂ ਗੈਂਗ ਦੇ ਮੈਂਬਰਾਂ ਨੂੰ ਪਨਾਹ ਦਿਵਾਉਂਦਾ ਰਿਹਾ ਹੈ। ਬਿੱਟੂ 'ਤੇ ਨਸ਼ੇ, ਕਤਲ, ਡਕੈਤੀ, ਆਰਮਸ ਐਕਟ ਆਦਿ ਦੇ 7 ਤੋਂ ਜ਼ਿਆਦਾ ਪਰਚੇ ਦਰਜ ਹਨ।

ਅਪਰਾਧਿਕ ਕੇਸਾਂ ਵਿੱਚ ਘਿਰੇ ਬਿੱਟੂ ਨਾਲ 'ਨਜ਼ਦੀਕੀ ਸਬੰਧਾਂ' 'ਤੇ ਫਿਲਹਾਲ ਅਕਾਲੀ ਦਲ ਵੱਲੋਂ ਕੋਈ ਖਾਸ ਸਫਾਈ ਨਹੀਂ ਦਿੱਤੀ ਗਈ। ਹਾਲਾਂਕਿ ਇੰਨਾ ਜ਼ਰੂਰ ਹੋਇਆ ਕਿ ਉਸਨੇ ਗੈਂਗਸਟਰ ਦੇ ਮੁੱਦੇ 'ਤੇ ਕਾਂਗਰਸ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ।

ਅਕਾਲੀ ਦਲ ਨੇ ਵੀ ਕਾਂਗਰਸ 'ਤੇ ਗੈਂਗਸਟਰਾਂ ਨੂੰ ਸ਼ਹਿ ਦੇਣ ਦਾ ਦੋਸ਼ ਲਗਾਇਆ। ਉਸਦੇ ਵੱਲੋਂ ਇੱਕ ਫੋਟੋ ਵੀ ਜਾਰੀ ਕੀਤੀ ਗਈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਗੈਂਗਸਟਰ ਦੱਸੇ ਜਾ ਰਹੇ ਹਰਜਿੰਦਰ ਸਿੰਘ ਬਿੱਟੂ ਨੂੰ ਕਾਂਗਰਸ ਦਾ ਪਟਕਾ ਪਾ ਕੇ ਕਾਂਗਰਸ ਵਿੱਚ ਸ਼ਾਮਲ ਕਰ ਰਹੇ ਹਨ।

ਇਹ ਫੋਟੋ 2017 ਦੀਆਂ ਵਿਧਾਨਸਭਾ ਚੋਣਾਂ ਦੀ ਦੱਸੀ ਜਾ ਰਹੀ ਹੈ। ਇਸ 'ਤੇ ਸਫਾਈ ਦਿੰਦੇ ਹੋਏ ਕਾਂਗਰਸ ਵੱਲੋਂ ਕਿਹਾ ਗਿਆ ਹੈ ਕਿ ਬਿੱਟੂ ਦੇ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਦੀ ਜਾਣਕਾਰੀ ਮਿਲਣ 'ਤੇ ਉਸਨੂੰ ਪਾਰਟੀ ਤੋਂ ਦੂਰ ਕਰ ਦਿੱਤਾ ਗਿਆ ਸੀ।

ਇਸ ਮਾਮਲੇ 'ਤੇ ਹਰਜਿੰਦਰ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਵਿਧਾਨਸਭਾ ਚੋਣਾਂ ਦੌਰਾਨ ਹਜ਼ਾਰਾਂ ਲੋਕਾਂ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਨੇ ਉਸਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ, ਜਦਕਿ ਉਸ ਤੋਂ ਪਹਿਲਾਂ ਉਹ ਅਕਾਲੀ ਦਲ ਦਾ ਮੈਂਬਰ ਸੀ ਤੇ ਸਰਪੰਚੀ ਦੀ ਚੋਣ ਜਿੱਤ ਚੁੱਕਾ ਹੈ। ਉਸਨੂੰ ਕਈ ਕੇਸਾਂ ਵਿੱਚ ਅਦਾਲਤ ਨੇ ਬਰੀ ਕਰ ਦਿੱਤਾ ਹੈ, ਫਿਰ ਵੀ ਕਾਂਗਰਸ ਤੇ ਅਕਾਲੀ ਦਲ ਵੱਲੋਂ ਉਸਨੂੰ ਗੈਂਗਸਟਰ ਕਿਹਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਨੇੜਤਾ ਹੋਣ ਦੇ ਦੋਸ਼ ਲੱਗ ਚੁੱਕੇ ਹਨ। ਜੱਗੂ ਭਗਵਾਨਪੁਰੀਆ 'ਤੇ ਇਸ ਸਮੇਂ 44 ਦੇ ਕਰੀਬ ਕੇਸ ਅਪਰਾਧਿਕ ਕੇਸ ਚੱਲ ਰਹੇ ਹਨ। ਇਸ ਤੋਂ ਇਲਾਵਾ ਰੰਧਾਵਾ ਵੱਲੋਂ ਮਜੀਠੀਆ ਦੀਆਂ ਤਸਵੀਰਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

ਰੰਧਾਵਾ ਵੱਲੋਂ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪੰਮਾ ਸੁਲਤਾਨਵਿੰਡ ਨਾਲ ਨਜ਼ਰ ਆ ਰਹੇ ਹਨ। ਪੰਮਾ, ਜੋ ਕਿ ਗੈਂਗਸਟਰ ਦੱਸਿਆ ਜਾ ਰਿਹਾ ਹੈ, ਉਹ ਕੁਝ ਸਮੇਂ ਪਹਿਲਾਂ ਹੀ ਪੈਰੋਲ 'ਤੇ ਜੇਲ੍ਹ 'ਚੋਂ ਬਾਹਰ ਆਇਆ ਸੀ। ਪੰਮਾ ਸੁਲਤਾਨਵਿੰਡ, ਗੋਲੀ ਗੋਪੀ (ਇਸ ਸਮੇਂ ਨਾਭਾ ਜੇਲ੍ਹ 'ਚ ਬੰਦ) ਤੇ ਸੋਨੂੰ ਕੰਗਲਾ ਇੱਕ ਤਸਵੀਰ ਵਿੱਚ ਮਜੀਠੀਆ ਦੇ ਪੀਏ ਤਲਬੀਰ ਸਿੰਘ ਨਾਲ ਨਜ਼ਰ ਆ ਰਹੇ ਹਨ।

ਬੀਤੇ ਸਮੇਂ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਕਈ ਅਪਰਾਧਿਕ ਕੇਸਾਂ ਵਿੱਚ ਸ਼ਾਮਲ ਕੁਲਬੀਰ ਨਰੂਆਣਾ ਨਾਲ ਵੀ ਤਸਵੀਰ ਕਾਫੀ ਵਾਇਰਲ ਹੋ ਚੁੱਕੀ ਹੈ। ਤਸਵੀਰ ਵਿੱਚ ਮਜੀਠੀਆ ਨਰੂਆਣਾ ਨੂੰ ਸਿਰੋਪਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਤਸਵੀਰ 2014 ਦੀ ਦੱਸੀ ਜਾ ਰਹੀ ਹੈ, ਜਦੋਂ ਕੁਲਬੀਰ ਨਰੂਆਣਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ ਸੀ। ਨਰੂਆਣਾ 'ਤੇ ਬਠਿੰਡਾ ਜੇਲ੍ਹ ਅੰਦਰ ਗੋਲੀ ਚਲਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਉਸਦੇ ਖਿਲਾਫ ਡਕੈਤੀ, ਪੁਲਸ 'ਤੇ ਫਾਇਰਿੰਗ ਵਰਗੇ ਵੀ ਕਈ ਕੇਸ ਦਰਜ ਹਨ।

ਫਿਲਹਾਲ, ਗੈਂਗਸਟਰਾਂ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨਾਲ 'ਨਜ਼ਦੀਕੀਆਂ' ਦੇ ਦੋਸ਼ਾਂ ਨੂੰ ਲੈ ਕੇ ਬੇਸ਼ੱਕ ਅਕਾਲੀ ਦਲ ਤੇ ਕਾਂਗਰਸ ਆਪਣੇ-ਆਪਣੇ ਤਰਕ ਦੇ ਰਹੇ ਹਨ, ਪਰ ਇੰਨਾ ਜ਼ਰੂਰ ਹੈ ਕਿ ਇਸ ਮੁੱਦੇ ਨੇ ਇੱਕ ਵਾਰ ਫਿਰ ਪੰਜਾਬ ਦੀ ਜਨਤਾ ਨੂੰ ਸੋਚਾਂ 'ਚ ਪਾ ਦਿੱਤਾ ਹੈ।

Comments

Leave a Reply