Sat,May 25,2019 | 01:17:07pm
HEADLINES:

Punjab

ਅਗਲੇ ਸੈਸ਼ਨ ਤੋਂ ਐੱਸਸੀ ਵਿਦਿਆਰਥੀਆਂ ਤੋਂ ਫੀਸਾਂ ਦੀ ਵਸੂਲੀ ਕਰਨਗੇ ਪ੍ਰਾਈਵੇਟ ਕਾਲਜ

ਅਗਲੇ ਸੈਸ਼ਨ ਤੋਂ ਐੱਸਸੀ ਵਿਦਿਆਰਥੀਆਂ ਤੋਂ ਫੀਸਾਂ ਦੀ ਵਸੂਲੀ ਕਰਨਗੇ ਪ੍ਰਾਈਵੇਟ ਕਾਲਜ

ਪੰਜਾਬ ਦੇ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਹੋਰ ਵਧਣ ਜਾ ਰਹੀਆਂ ਹਨ। ਖਬਰ ਹੈ ਕਿ ਅਗਲੇ ਸੈਸ਼ਨ ਤੋਂ ਪ੍ਰਾਈਵੇਟ ਕਾਲਜ ਇਨ੍ਹਾਂ ਵਿਦਿਆਰਥੀਆਂ ਤੋਂ ਦਾਖਲਾ ਫੀਸ ਦੀ ਵਸੂਲੀ ਕਰਨਗੇ। ਇੱਕ ਮੀਡੀਆ ਰਿਪੋਰਟ ਮੁਤਾਬਕ, ਪਿਛਲੇ 3 ਸਾਲ ਤੋਂ ਪ੍ਰਾਈਵੇਟ ਕਾਲਜਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਪੂਰੀ ਰਕਮ ਦਾ ਭੁਗਤਾਨ ਨਹੀਂ ਹੋਇਆ ਹੈ। ਇਸ ਕਾਰਨ ਕਾਲਜ ਪ੍ਰਬੰਧਕਾਂ ਨੇ ਅਗਲੇ ਸੈਸ਼ਨ ਵਿੱਚ ਐੱਸਸੀ-ਐੱਸਟੀ ਵਿਦਿਆਰਥੀਆਂ ਤੋਂ ਫੀਸ ਲੈਣ ਦਾ ਫੈਸਲਾ ਕਰ ਲਿਆ ਹੈ।
 
ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇਕਰ ਵਿਦਿਆਰਥੀਆਂ ਤੋਂ ਅਗਲੇ ਸੈਸ਼ਨ ਵਿੱਚ ਫੀਸ ਨਹੀਂ ਲਈ ਗਈ ਤਾਂ ਕਾਲਜ ਬੰਦ ਹੋ ਜਾਣਗੇ। ਆਰਥਿਕ ਪੱਖੋਂ ਕਮਜ਼ੋਰ ਐੱਸਸੀ ਵਿਦਿਆਰਥੀ ਬਿਨਾਂ ਕਿਸੇ ਮੁਸ਼ਕਿਲ ਦੇ ਆਪਣੀ ਪੜ੍ਹਾਈ ਅੱਗੇ ਜਾਰੀ ਰੱਖ ਸਕਣ, ਇਸਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਪਰ ਹੋ ਇਸਦੇ ਉਲਟ ਰਿਹਾ ਹੈ।
 
ਕੇਂਦਰ ਸਰਕਾਰ ਨੇ 5 ਮਹੀਨੇ ਪਹਿਲਾਂ ਸੂਬਾ ਸਰਕਾਰ ਨੂੰ 327 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਇਸ ਵਿੱਚ 60 ਕਰੋੜ ਰੁਪਏ ਸੂਬਾ ਸਰਕਾਰ ਨੇ ਦੇਣੇ ਸਨ, ਪਰ ਸੂਬਾ ਸਰਕਾਰ ਨੇ 387 ਕਰੋੜ ਵਿੱਚੋਂ ਸਿਰਫ 40 ਕਰੋੜ ਰੁਪਏ ਰਿਲੀਜ਼ ਕੀਤੇ ਹਨ। ਖਬਰ ਮੁਤਾਬਕ, ਸੂਬੇ ਵਿੱਚ ਕਰੀਬ 1000 ਪ੍ਰਾਈਵੇਟ ਕਾਲਜ ਹਨ, ਜਿਨ੍ਹਾਂ ਵਿੱਚ ਲੱਖਾਂ ਐੱਸਸੀ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਪੜ੍ਹਾਈ ਕਰ ਰਹੇ ਹਨ। ਕਨਫੈਡਰੇਸ਼ਨ ਆਫ ਪੰਜਾਬ ਅਨ ਐਡਿਡ ਇੰਸਟੀਟਿਊਸ਼ੰਸ ਦੇ ਪ੍ਰਧਾਨ ਅਨਿਲ ਚੋਪੜਾ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਰਕਮ ਨਾ ਮਿਲਣ ਕਾਰਨ ਅਗਲੇ ਸੈਸ਼ਨ ਤੋਂ ਫੀਸਾਂ ਦੀ ਵਸੂਲੀ ਕੀਤੀ ਜਾਵੇਗੀ।

ਫੀਸ ਲਈ ਬਣਾਇਆ ਜਾ ਰਿਹ ਦਬਾਅ
ਪ੍ਰਾਈਵੇਟ ਕਾਲਜਾਂ ਨੇ ਐੱਸਸੀ ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਰਕਮ ਦੀ ਵਸੂਲੀ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਸਬੰਧ ਵਿੱਚ ਜਲੰਧਰ ਦੇ ਮੇਹਰ ਚੰਦ ਪਾਲੀਟੈਕਨਿਕ ਕਾਲਜ, ਜਲੰਧਰ ਦੇ ਵਿਦਿਆਰਥੀ ਬੀਤੇ ਦਿਨੀਂ ਏਡੀਸੀ ਨੂੰ ਮਿਲੇ।
 
ਗੌਰਵ, ਨੀਲਮ, ਮਨਪ੍ਰੀਤ, ਵਿਸ਼ਾਲ ਆਦਿ ਵਿਦਿਆਰਥੀਆਂ ਨੇ ਦੱਸਿਆ ਕਾਲਜ 'ਚ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਅੱਧੀ ਫੀਸ ਜਮ੍ਹਾਂ ਕਰਾਉਣ ਲਈ ਕਹਿ ਦਿੱਤਾ ਹੈ। ਇਸੇ ਤਰ੍ਹਾਂ ਐੱਸਡੀ ਕਾਲਜ, ਜਲੰਧਰ ਦੀਆਂ ਵਿਦਿਆਰਥਣਾਂ ਨੇ ਵੀ ਦੋਸ਼ ਲਾਇਆ ਕਿ ਫੀਸ ਜਮ੍ਹਾਂ ਨਾ ਹੋਣ 'ਤੇ ਉਨ੍ਹਾਂ ਨੂੰ ਰੋਲ ਨੰਬਰ ਨਹੀਂ ਦਿੱਤੇ ਜਾ ਰਹੇ।

Comments

Leave a Reply