Sat,May 30,2020 | 12:52:29am
HEADLINES:

Punjab

ਕਿਸਾਨ ਪਰੇਸ਼ਾਨ : ਨਾ ਫਸਲ ਦੀ ਬਿਜਾਈ ਲਈ ਬੀਜ ਮਿਲ ਰਹੇ ਤੇ ਨਾ ਹੀ ਮਜ਼ਦੂਰ

ਕਿਸਾਨ ਪਰੇਸ਼ਾਨ : ਨਾ ਫਸਲ ਦੀ ਬਿਜਾਈ ਲਈ ਬੀਜ ਮਿਲ ਰਹੇ ਤੇ ਨਾ ਹੀ ਮਜ਼ਦੂਰ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ 'ਪੰਜਾਬ ਬੰਦ' ਦੌਰਾਨ ਕਿਸਾਨਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਮੁੱਦਾ ਚੁੱਕਿਆ ਹੈ। ਯੂਨੀਅਨ ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ 'ਪੰਜਾਬ ਬੰਦ' ਦਾ ਸਰਕਾਰੀ ਐਲਾਨ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਆਪਣੇ ਪ੍ਰੈਸ ਨੋਟ 'ਚ ਯੂਨੀਅਨ ਨੇ ਕਿਹਾ ਹੈ ਕਿ ਸਬਜ਼ੀਆਂ, ਮੂੰਗੀ, ਮੱਕੀ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਬੀਜ ਨਹੀਂ ਮਿਲ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੂਬਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਸਬੰਧੀ ਪਲਾਨ ਤਿਆਰ ਕੀਤਾ ਜਾਵੇ ਜਾਂ ਖੇਤੀਬਾੜੀ ਵਿਭਾਗ ਰਾਹੀਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਏ।ਜਾਣ, ਕਿਉਂਕਿ ਬਿਜਾਈ ਲੇਟ ਹੋਣ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਵੇਗਾ, ਉਥੇ ਖਪਤਕਾਰਾਂ ਨੂੰ ਪਿਆਜ਼ ਦੀ ਤਰ੍ਹਾਂ ਮਹਿੰਗਾਈ ਦੀ ਮਾਰ ਨਾ ਝੱਲਣੀ ਪਵੇਗੀ।

ਯੂਨੀਅਨ ਨੇ ਇਹ ਵੀ ਕਿਹਾ ਹੈ ਕਿ ਕਣਕ ਦੀ ਕਟਾਈ ਕਰਨ ਲਈ ਕਿਸਾਨਾਂ ਨੇ ਕੰਬਾਈਨਾਂ ਦੀ ਰਿਪੇਅਰ ਕਰਨੀ ਹੈ, ਪਰ ਲਾਕਡਾਊਨ ਕਰਕੇ ਮਾਰਕੀਟ ਬੰਦ ਹੈ। ਇਸ ਕਰਕੇ ਮਸ਼ੀਨ ਦੇ ਸਪੇਅਰ ਪਾਰਟਸ ਨਹੀਂ ਮਿਲ ਰਹੇ, ਜਿਸ ਨਾਲ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਸਰਕਾਰ ਇਸ ਪਾਸੇ ਧਿਆਨ ਦੇਵੇ।

ਯੂਨੀਅਨ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਲਾਕਡਾਊਨ ਕਰਕੇ ਇੱਕ ਹੋਰ ਮਾਰ ਪਈ ਹੈ। ਤੇਲਾ,ਉੱਲੀ ਰੋਗ ਦੀ ਦਵਾਈ ਨਾ ਮਿਲਣ ਕਾਰਨ ਕਣਕ ਦੀ ਫਸਲ 'ਤੇ ਸਪਰੇ ਨਹੀਂ ਕੀਤੀ ਜਾ ਸਕੀ ਹੈ, ਜਿਸ ਨਾਲ ਝਾੜ ਘਟਣ ਦੀ ਕਿਸਾਨਾਂ ਨੂੰ ਭਾਰੀ ਚਿੰਤਾ ਹੈ। ਕਣਕ ਦੀ ਫਸਲ ਕੁਝ ਦਿਨਾਂ ਤੱਕ ਪੱਕਣ ਲਈ ਤਿਆਰ ਹੈ।

ਕਿਸਾਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਫਸਲ ਦੀ ਖਰੀਦ ਦਾ ਕੀ ਬਣੇਗਾ, ਕਿਉਂਕਿ ਮੰਡੀ 'ਚ ਪ੍ਰਵਾਸੀ ਮਜ਼ਦੂਰ ਨਹੀਂ ਹਨ। ਇਹ ਮਜ਼ਦੂਰ ਪਹਿਲਾਂ ਹੋਲੀ ਕਰਕੇ ਯੂਪੀ-ਬਿਹਾਰ ਵਿਖੇ ਆਪਣੇ-ਆਪਣੇ ਘਰਾਂ ਨੂੰ ਗਏ ਸਨ, ਪਰ ਹੁਣ ਕੋਰੋਨਾ ਵਾਇਰਸ ਕਰਕੇ ਦੇਸ਼ 'ਚ ਲਾਕਡਾਊਨ ਹੋਣ ਤੋਂ ਬਾਅਦ ਰੇਲਾਂ ਬੰਦ ਹੋਣ ਕਰਕੇ ਇਹ ਵਾਪਸ ਨਹੀਂ ਆਏ ਹਨ।

ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਦਾ ਹੱਲ ਕਰੇ।

Comments

Leave a Reply