Wed,Mar 27,2019 | 12:42:13am
HEADLINES:

Punjab

ਪੰਜਾਬ ਦੀ ਹਰ ਪੰਜਵੀਂ ਮਹਿਲਾ ਹੁੰਦੀ ਹੈ ਘਰੇਲੂ ਹਿੰਸਾ ਦੀ ਸ਼ਿਕਾਰ

ਪੰਜਾਬ ਦੀ ਹਰ ਪੰਜਵੀਂ ਮਹਿਲਾ ਹੁੰਦੀ ਹੈ ਘਰੇਲੂ ਹਿੰਸਾ ਦੀ ਸ਼ਿਕਾਰ

ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਵਿੱਚ ਪੰਜਾਬ 'ਚ ਘਰੇਲੂ ਹਿੰਸਾ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਕੀਤੇ ਗਏ ਇਸ ਸਰਵੇ ਦੀ ਰਿਪੋਰਟ ਮੁਤਾਬਕ, ਸੂਬੇ ਵਿੱਚ ਹਰ ਪੰਜਵੀਂ ਮਹਿਲਾ ਘਰੇਲੂ ਹਿੰਸਾ ਦੀ ਸ਼ਿਕਾਰ ਹੈ। ਮਹਿਲਾਵਾਂ ਨੂੰ ਸਹੁਰੇ ਪਰਿਵਾਰ ਵਿੱਚ ਸੱਸ ਦੇ ਸ਼ੋਸ਼ਣ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਰਿਪੋਰਟ 'ਚ ਇਹ ਵੀ ਸਾਹਮਣੇ ਆਇਆ ਹੈ ਕਿ 60 ਫੀਸਦੀ ਮਾਮਲਿਆਂ ਵਿੱਚ ਪਤੀ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਨਾਲ ਕੁੱਟਮਾਰ ਕਰਦੇ ਹਨ।
 
ਨੈਸ਼ਨਲ ਫੈਮਿਲੀ ਹੈਲਥ ਸਰਵੇ ਰਿਪੋਰਟ ਦੱਸਦੀ ਹੈ ਕਿ ਪੰਜਾਬ ਵਿੱਚ ਬੇਸ਼ੱਕ ਸ਼ਹਿਰੀ ਖੇਤਰ 'ਚ ਵਿੱਚ ਮਹਿਲਾ ਰਹਿੰਦੀ ਹੈ ਜਾਂ ਫਿਰ ਪੇਂਡੂ ਖੇਤਰ ਵਿੱਚ, ਦੋਵੇਂ ਜਗ੍ਹਾ ਉਨ੍ਹਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸੱਸ ਅੱਗੇ ਸਵਾਲ-ਜਵਾਬ ਕਰਨ ਅਤੇ ਲੜਕੀ ਨੂੰ ਜਨਮ ਦੇਣ 'ਤੇ ਵੀ ਉਨ੍ਹਾਂ 'ਤੇ ਅੱਤਿਆਚਾਰ ਕੀਤੇ ਜਾਂਦੇ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ, ਹੈਲਥ ਸਰਵੇ ਸਾਲ 2015-16 ਵਿਚਕਾਰ ਕੀਤਾ ਗਿਆ ਸੀ, ਜਿਸ ਵਿੱਚ ਪੰਜਾਬ ਦੇ 16,449 ਪਰਿਵਾਰਾਂ ਦੇ 15 ਤੋਂ 49 ਉਮਰ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ।
 
ਸਰਵੇ ਦੌਰਾਨ 19,484 ਮਹਿਲਾਵਾਂ ਨੇ ਖੁੱਲ ਕੇ ਆਪਣੀ ਗੱਲ ਰਖੀ। ਸਰਵੇ 'ਚ ਪੁਰਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸਦੇ ਮੁਤਾਬਕ, 20.5 ਫੀਸਦੀ ਮਹਿਲਾਵਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹਨ। ਇਨ੍ਹਾਂ ਵਿੱਚ 19 ਫੀਸਦੀ ਵਿਆਹੁਤਾ ਹਨ। ਇਸ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ ਇਨ੍ਹਾਂ ਵਿੱਚੋਂ 63 ਫੀਸਦੀ ਮਹਿਲਾਵਾਂ ਘਰੇਲੂ ਹਿੰਸਾ ਖਿਲਾਫ ਨਾ ਤਾਂ ਕਿਸੇ ਨੂੰ ਦੱਸਦੀਆਂ ਹਨ ਅਤੇ ਨਾ ਹੀ ਇਸਦੇ ਖਿਲਾਫ ਆਵਾਜ਼ ਚੁੱਕਦੀਆਂ ਹਨ। ਉਹ ਚੁੱਪ ਚੁਪੀਤੇ ਅੱਤਿਆਚਾਰ ਸਹਿੰਦੀਆਂ ਰਹਿੰਦੀਆਂ ਹਨ, ਕਿਉਂਕਿ ਉਹ ਜਾਣਦੀਆਂ ਹਨ ਕਿ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਮਾਤਾ-ਪਿਤਾ ਅਤੇ ਸਹੁਰੇ ਪਰਿਵਾਰ ਦੋਵੇਂ ਘਰਾਂ ਦੇ ਦਰਵਾਜੇ ਉਨ੍ਹਾਂ ਵਾਸਤੇ ਹਮੇਸ਼ਾ ਲਈ ਬੰਦ ਹੋ ਜਾਣਗੇ।
 
ਰਿਪੋਰਟ ਮੁਤਾਬਕ, ਪੰਜਾਬ ਵਿੱਚ 60 ਫੀਸਦੀ ਮਾਮਲਿਆਂ ਵਿੱਚ ਪਾਇਆ ਗਿਆ ਕਿ ਹਿੰਸਾ ਦੇ ਸਮੇਂ ਪਤੀ ਸ਼ਰਾਬ ਦੇ ਨਸ਼ੇ ਵਿੱਚ ਹੁੰਦੇ ਹਨ। ਮਤਲਬ, ਨਸ਼ੇ ਵਿੱਚ ਛੋਟੀਆਂ-ਛੋਟੀਆਂ ਗੱਲਾਂ 'ਤੇ ਪਤਨੀਆਂ ਨਾਲ ਕੁੱਟਮਾਰ ਕਰਦੇ ਹਨ। ਇੱਕ ਹੋਰ ਖਾਸ ਤੱਥ ਸਰਵੇ ਵਿੱਚ ਸਾਹਮਣੇ ਆਇਆ ਕਿ ਪੰਜਾਬ ਵਿੱਚ 33 ਫੀਸਦੀ ਮਹਿਲਾਵਾਂ ਵਿਸ਼ੇਸ਼ ਹਾਲਾਤ ਵਿੱਚ ਪਤੀ ਵੱਲੋਂ ਕੀਤੀ ਗਈ ਕੁੱਟਮਾਰ ਨੂੰ ਸਹੀ ਮੰਨਦੀਆਂ ਹਨ।
 
ਦੂਜੇ ਪਾਸੇ 21 ਫੀਸਦੀ ਮਹਿਲਾਵਾਂ ਦਾ ਕਹਿਣਾ ਹੈ ਕਿ ਜੇਕਰ ਸੱਸ ਦੇ ਨਾਲ ਉਨ੍ਹਾਂ ਨੇ ਚੰਗਾ ਵਿਵਹਾਰ ਨਹੀਂ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਵਿੱਚ ਕੁਝ ਵੀ ਗਲਤ ਨਹੀਂ ਹੈ। 15 ਫੀਸਦੀ ਦਾ ਮੰਨਣਾ ਹੈ ਕਿ ਬੱਚਿਆਂ ਦੀ ਠੀਕ ਢੰਗ ਨਾਲ ਦੇਖਭਾਲ ਨਾ ਕੀਤੇ ਜਾਣ 'ਤੇ ਕੁੱਟਮਾਰ ਠੀਕ ਹੈ। 
 
ਪੰਜਾਬ ਦੇ ਨਾਲ ਲਗਦੇ ਸੂਬੇ ਹਰਿਆਣਾ ਦੀ ਸਥਿਤੀ ਇਸ ਤੋਂ ਵੀ ਖਰਾਬ ਹੈ। ਹਰਿਆਣਾ ਵਿੱਚ ਹਰ ਤੀਜੀ ਮਹਿਲਾ ਘਰੇਲੂ ਹਿੰਸਾ ਦੀ ਸ਼ਿਕਾਰ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ-4 (2015-16) ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਲਈ ਅੰਤਰ ਰਾਸ਼ਟਰੀ ਜਨਸੰਖਿਆ ਵਿਗਿਆਨ ਨੇ ਕੀਤਾ ਹੈ। ਉਸਦਾ ਉਦੇਸ਼ ਭਾਰਤੀ ਸਮਾਜ ਦੇ ਹਰੇਕ ਖੇਤਰ ਸਿਹਤ, ਸਿੱਖਿਆ, ਜਨਮ-ਮੌਤ ਦਰ, ਜਾਤੀ, ਧਰਮ ਆਦਿ ਵਿੱਚ ਹੋ ਰਹੇ ਪ੍ਰੀਵਰਤਨ ਬਾਰੇ ਅੰਕੜੇ ਇਕੱਠੇ ਕਰਨਾ ਹੈ।

ਸਹਿਣਾ ਪੈਂਦਾ ਹੈ ਅਪਮਾਨ ਤੇ ਯੌਨ ਸ਼ੋਸ਼ਣ
ਹੈਲਥ ਸਰਵੇ ਮੁਤਾਬਕ, ਮਹਿਲਾਵਾਂ 'ਤੇ ਅਲੱਗ-ਅਲੱਗ ਢੰਗ ਨਾਲ ਅੱਤਿਆਚਾਰ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਇਆ ਜਾਂਦਾ ਹੈ। ਮਹਿਲਾਵਾਂ ਖਿਲਾਫ ਯੌਨ ਹਿੰਸਾ ਕੀਤੀ ਜਾਂਦੀ ਹੈ। ਮਹਿਲਾਵਾਂ ਨੂੰ ਮਾੜੇ ਵਿਵਹਾਰ, ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
 
ਉਨ੍ਹਾਂ ਦੇ ਚਰਿੱਤਰ 'ਤੇ ਉਂਗਲੀ ਚੁੱਕੀ ਜਾਂਦੀ ਹੈ। ਲੜਕਾ ਨਾ ਜੰਮਣ ਜਾਂ ਦਾਜ ਘੱਟ ਲਿਆਉਣ 'ਤੇ ਅਪਮਾਨ ਸਹਿਣਾ ਪੈਂਦਾ ਹੈ। ਨੌਕਰੀ ਛੱਡਣ ਜਾਂ ਜਬਰਦਸਤੀ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਇੱਥੇ ਤੱਕ ਕਿ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਵੀ ਪਰੇਸ਼ਾਨ ਕੀਤਾ ਜਾਂਦਾ ਹੈ। ਬੱਚਿਆਂ ਦੀ ਦੇਖਭਾਲ ਲਈ ਪੈਸੇ ਉਪਲਬਧ ਨਹੀਂ ਕਰਵਾਏ ਜਾਂਦੇ। ਮਹਿਲਾਵਾਂ ਦੀ ਕਮਾਈ ਵਿੱਚੋਂ ਪੈਸੇ ਲੈ ਲਏ ਜਾਂਦੇ ਹਨ।

ਘਰੇਲੂ ਹਿੰਸਾ ਲਈ ਇਹ ਕਾਰਨ ਜ਼ਿੰਮੇਵਾਰ
-ਪੁਰਸ਼ ਵੱਲੋਂ ਮਹਿਲਾ ਦੇ ਚਰਿੱਤਰ 'ਤੇ ਸ਼ੱਕ ਕਰਨਾ।
-ਮਹਿਲਾਵਾਂ ਵਿੱਚ ਸਿੱਖਿਆ ਦੀ ਘਾਟ।
-ਪਤੀ ਦਾ ਸ਼ਰਾਬੀ ਹੋਣਾ ਜਾਂ ਉਸਦੇ ਵੱਲੋਂ ਕੋਈ ਹੋਰ ਨਸ਼ਾ ਕਰਨਾ।
-ਆਰਥਿਕ ਪੱਖੋਂ ਮਹਿਲਾਵਾਂ ਦਾ ਆਤਮ ਨਿਰਭਰ ਨਾ ਹੋਣਾ।
-ਦਾਜ ਲੈਣ ਦੀ ਮਾੜੀ ਪ੍ਰਥਾ।
-ਮਹਿਲਾਵਾਂ ਵੱਲੋਂ ਬੇਟੀ ਨੂੰ ਜਨਮ ਦੇਣਾ।
-ਸਹੁਰੇ ਪਰਿਵਾਰ ਵਲੋਂ ਕੀਤੇ ਮਾੜੇ ਵਿਵਹਾਰ ਦਾ ਵਿਰੋਧ ਕਰਨਾ।

 

Comments

Leave a Reply