Sat,May 30,2020 | 12:15:11am
HEADLINES:

Punjab

ਕਰਜ਼ੇ ਨੇ ਖਤਮ ਕਰ ਦਿੱਤੀਆਂ ਕਿਸਾਨ ਪਰਿਵਾਰ ਦੀਆਂ 4 ਪੀੜ੍ਹੀਆਂ

ਕਰਜ਼ੇ ਨੇ ਖਤਮ ਕਰ ਦਿੱਤੀਆਂ ਕਿਸਾਨ ਪਰਿਵਾਰ ਦੀਆਂ 4 ਪੀੜ੍ਹੀਆਂ

ਪੰਜਾਬ ਦੇ ਗਰੀਬ ਤੇ ਮਿਡਲ ਕਲਾਸ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ। ਇਸੇ ਕਰਜ਼ੇ ਕਾਰਨ ਸੂਬੇ ਵਿੱਚ ਹਰ ਸਾਲ ਕਈ ਕਿਸਾਨ ਖੁਦਕੁਸ਼ੀ ਕਰ ਲੈਂਦੇ ਹਨ। ਬਰਨਾਲੇ ਦੇ ਇੱਕ ਕਿਸਾਨ ਪਰਿਵਾਰ ਦੀਆਂ 4 ਪੀੜ੍ਹੀਆਂ ਨੂੰ ਵੀ ਇਸੇ ਕਰਜ਼ੇ ਨੇ ਨਿਗਲ ਲਿਆ। 10 ਸਤੰਬਰ ਨੂੰ ਬਰਨਾਲੇ ਦੇ ਭਟੋਆ ਪਿੰਡ ਵਿੱਚ 22 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਕਰਜ਼ੇ ਕਾਰਨ ਪਰੇਸ਼ਾਨ ਸੀ, ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ।

ਖਬਰਾਂ ਮੁਤਾਬਕ, ਲਵਪ੍ਰੀਤ ਦੇ ਪੜਦਾਦੇ ਜੋਗਿੰਦਰ ਸਿੰਘ ਨੇ ਕਰਜ਼ਾ ਲਿਆ ਸੀ, ਪਰ ਇਹ ਕਰਜ਼ਾ ਨਾ ਚੁਕਾਉਣ ਕਾਰਨ ਪਰੇਸ਼ਾਨੀ ਵਿੱਚ ਉਨ੍ਹਾਂ ਨੇ 40 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਲਵਪ੍ਰੀਤ ਦੇ ਦਾਦੇ ਭਗਵਾਨ ਸਿੰਘ ਨੇ ਵੀ ਇਸੇ ਤਰ੍ਹਾਂ ਕਰਜ਼ੇ ਦੇ ਬੋਝ ਹੇਠਾਂ ਦੱਬਣ ਕਾਰਨ 25 ਸਾਲ ਪਹਿਲਾਂ ਆਤਮਹੱਤਿਆ ਕਰ ਲਈ ਸੀ।

ਸਾਲ 2018 ਵਿੱਚ ਇਸੇ ਕਰਜ਼ੇ ਨੂੰ ਨਾ ਦੇ ਸਕਣ ਕਾਰਨ ਲਵਪ੍ਰੀਤ ਦੇ ਪਿਤਾ ਕੁਲਵੰਤ ਸਿੰਘ ਨੇ ਵੀ ਖੁਦਕੁਸ਼ੀ ਕੀਤੀ ਸੀ। ਹੁਣ 10 ਸਤੰਬਰ 2019 ਨੂੰ ਲਵਪ੍ਰੀਤ ਨੇ ਵੀ ਉਸੇ ਕਰਜ਼ੇ ਕਾਰਨ ਜਾਨ ਦੇ ਦਿੱਤੀ। ਕਰਜ਼ੇ ਕਾਰਨ ਖੁਦਕੁਸ਼ੀ ਦੇ ਰਾਹ ਤੁਰਨ ਵਾਲਾ ਲਵਪ੍ਰੀਤ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਵਿੱਚੋਂ ਸੀ। ਉਸਦੇ ਪੜਦਾਦੇ ਦੇ ਭਰਾ ਨੇ ਵੀ ਇਸੇ ਕਰਜ਼ੇ ਕਾਰਨ ਜਾਨ ਦੇ ਦਿੱਤੀ ਸੀ।

ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਦੇ ਪੜਦਾਦੇ ਨੇ ਜੋ ਕਰਜ਼ਾ ਲਿਆ ਸੀ, ਉਸਨੂੰ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਚੁਕਾ ਨਹੀਂ ਸਕੀਆਂ। ਇਹ ਕਰਜ਼ਾ ਰਕਮ ਵਧ ਕੇ 8.57 ਲੱਖ ਤੱਕ ਪਹੁੰਚ ਗਈ। ਇਸੇ ਕਰਜ਼ੇ ਕਾਰਨ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਪਰਿਵਾਰ ਵਿੱਚ ਸਿਰਫ ਮਹਿਲਾਵਾਂ ਹੀ ਰਹਿ ਗਈਆਂ ਹਨ।

ਖਬਰ ਮੁਤਾਬਕ, ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ 5 ਲੱਖ ਤੱਕ ਦਾ ਕਰਜ਼ਾ ਮਾਫ ਕੀਤੇ ਜਾਣ ਦੀ ਯੋਜਨਾ ਚਲਾਉਣ ਦੀ ਗੱਲ ਕਹੀ ਜਾ ਰਹੀ ਹੈ, ਪਰ ਇਸ ਪਰਿਵਾਰ ਦਾ ਯੋਜਨਾ ਵਿੱਚੋਂ ਸਿਰਫ 57 ਹਜ਼ਾਰ ਦਾ ਕਰਜ਼ਾ ਹੀ ਮਾਫ ਕੀਤਾ ਗਿਆ ਹੈ। ਪਰਿਵਾਰ ਨੇ 6 ਲੱਖ ਰੁਪਏ ਆੜਤੀਏ ਤੋਂ ਲਏ ਸਨ, ਜਦਕਿ 2 ਲੱਖ ਰੁਪਏ ਬੈਂਕ ਦਾ ਕਰਜ਼ਾ ਹੈ।

ਇੱਕ ਮੀਡੀਆ ਰਿਪੋਰਟ ਮੁਤਾਬਕ, ਕਰਜ਼ਾ ਮਾਫੀ ਯੋਜਨਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਵਿੱਚ ਅਸਫਲ ਰਹੀ ਹੈ। ਸਰਕਾਰ ਦੀ ਯੋਜਨਾ ਲਾਗੂ ਹੋਣ ਤੋਂ ਬਾਅਦ ਸੂਬੇ ਵਿੱਚ 60 ਤੋਂ ਜ਼ਿਆਦਾ ਕਿਸਾਨ ਕਰਜ਼ੇ ਕਾਰਨ ਆਪਣੀ ਜਾਨ ਦੇ ਚੁੱਕੇ ਹਨ।

ਖੁਦਕੁਸ਼ੀ ਕਰਨ ਵਾਲੇ ਨੌਜਵਾਨ ਲਵਪ੍ਰੀਤ ਦੀ ਦਾਦੀ ਗੁਰਦੇਵ ਕੌਰ ਨੇ ਰੋਂਦੇ ਹੋਏ ਕਿਹਾ-''ਮੇਰੇ ਜਿੰਨਾ ਬਦਕਿਸਮਤ ਇਨਸਾਨ ਇਸ ਦੁਨੀਆ ਵਿੱਚ ਕੌਣ ਹੈ। 40 ਸਾਲ ਵਿੱਚ ਆਪਣੇ ਪਰਿਵਾਰ ਦੇ 5 ਮੈਂਬਰ ਮੈਂ ਮਰਦੇ ਦੇਖੇ ਨੇ। ਹੁਣ ਮੇਰਾ ਵੀ ਇਸ ਦੁਨੀਆ ਵਿੱਚ ਰਹਿਣ ਨੂੰ ਜੀਅ ਨਹੀਂ ਕਰਦਾ। ਹੁਣ ਸਾਡਾ ਵੰਸ਼ ਹੀ ਖਤਮ ਹੋ ਗਿਆ।''

ਗੁਰਦੇਵ ਕੌਰ ਨੇ ਕਿਹਾ ਕਿ 45 ਸਾਲ ਪਹਿਲਾਂ ਉਹ ਇਸ ਘਰ ਵਿੱਚ ਆਏ ਸਨ। 40 ਸਾਲ ਪਹਿਲਾਂ ਆੜਤੀਏ ਦੇ ਕਰਜ਼ੇ ਕਾਰਨ ਉਨ੍ਹਾਂ ਦੇ ਸਹੁਰੇ ਜੋਗਿੰਦਰ ਸਿੰਘ ਨੇ ਖੁਦਕੁਸ਼ੀ ਕੀਤੀ। ਫਿਰ ਉਨ੍ਹਾਂ ਦੇ ਪਤੀ ਭਗਵਾਨ ਸਿੰਘ 25 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ। ਫਿਰ ਦਿਓਰ ਨਾਹਰ ਸਿੰਘ ਨੇ ਖੁਦਕੁਸ਼ੀ ਕਰ ਲਈ।

2 ਸਾਲ ਪਹਿਲਾਂ ਉਨ੍ਹਾਂ ਦੇ ਬੇਟੇ ਕੁਲਵੰਤ ਸਿੰਘ ਨੇ ਜਾਨ ਦੇ ਦਿੱਤੀ। ਇੰਨੀਆਂ ਮੌਤਾਂ ਤੋਂ ਬਾਅਦ ਵੀ ਉਹ ਨਹੀਂ ਟੁੱਟੇ, ਕਿਉਂਕਿ ਉਨ੍ਹਾਂ ਨੂੰ ਆਪਣੇ ਪੋਤੇ ਤੋਂ ਉਮੀਦ ਸੀ ਕਿ ਉਹ ਉਨ੍ਹਾਂ ਦਾ ਵੰਸ਼ ਚਲਾ ਰਿਹਾ ਹੈ, ਪਰ ਹੁਣ ਪੋਤੇ ਦੀ ਜ਼ਿੰਦਗੀ ਵੀ ਖਤਮ ਹੋ ਗਈ।

ਗੁਰਦੇਵ ਕੌਰ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਜਿਊਣ ਦੀ ਉਮੀਦ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਹੁਣ ਉਹ ਜਿਊਣਾ ਨਹੀਂ ਚਾਹੁੰਦੇ। ਉਨ੍ਹਾਂ ਦੇ ਘਰ ਦਾ ਦੀਵਾ ਬੁਝ ਗਿਆ ਹੈ।

Comments

Leave a Reply