Wed,Dec 19,2018 | 09:49:56am
HEADLINES:

Punjab

ਦਲਿਤ ਲੜਕੀ ਦੀ ਨਿੱਕਲੀ 1.50 ਕਰੋੜ ਦੀ ਲਾਟਰੀ, ਮਾਂ ਨੇ ਕਿਹਾ-ਧੀਆਂ ਸ਼ੁਭ ਹੁੰਦੀਆਂ ਨੇ, ਕੁੱਖ 'ਚ ਨਾ ਮਾਰੋ

ਦਲਿਤ ਲੜਕੀ ਦੀ ਨਿੱਕਲੀ 1.50 ਕਰੋੜ ਦੀ ਲਾਟਰੀ, ਮਾਂ ਨੇ ਕਿਹਾ-ਧੀਆਂ ਸ਼ੁਭ ਹੁੰਦੀਆਂ ਨੇ, ਕੁੱਖ 'ਚ ਨਾ ਮਾਰੋ

ਬਠਿੰਡਾ ਜ਼ਿਲ੍ਹੇ ਦੇ ਗੁਲਾਬਗੜ 'ਚ ਰਹਿਣ ਵਾਲੀ ਦਲਿਤ ਲੜਕੀ ਲਖਵਿੰਦਰ ਕੌਰ 12ਵੀਂ ਤੋਂ ਬਾਅਦ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ, ਪਰ ਉਸਦੇ ਘਰ ਦੇ ਮਾੜੇ ਆਰਥਿਕ ਹਾਲਾਤ ਉਸਦੀ ਰਾਹ 'ਚ ਮੁਸ਼ਕਿਲਾਂ ਖੜੇ ਕਰ ਰਹੇ ਸਨ। 14 ਨਵੰਬਰ ਦਾ ਦਿਨ ਇਸ ਪਰਿਵਾਰ ਲਈ ਅਜਿਹੀ ਖਬਰ ਲੈ ਕੇ ਆਇਆ, ਜਿਸ ਨਾਲ ਇਨ੍ਹਾਂ ਦੀਆਂ ਉਮੀਦਾਂ ਨੂੰ ਨਵੇਂ ਖੰਭ ਲੱਗ ਗਏ।

ਪਿੰਡ ਗੁਲਾਬਗੜ ਦੀ ਰਹਿਣ ਵਾਲੀ ਲੜਕੀ ਲਖਵਿੰਦਰ ਕੌਰ ਵੱਲੋਂ ਖਰੀਦੀ ਗਈ ਪੰਜਾਬ ਸਟੇਟ ਲਾਟਰੀ ਬੰਪਰ ਦਾ ਡ੍ਰਾਅ ਉਸਦੇ ਨਾਂ 'ਤੇ ਨਿਕਲਣ ਤੋਂ ਬਾਅਦ ਪੂਰਾ ਪਰਿਵਾਰ ਖੁਸ਼ੀ 'ਚ ਝੂਮ ਉਠਿਆ। ਲਖਵਿੰਦਰ ਕੌਰ ਦੇ ਪਿਤਾ ਪਰਮਜੀਤ ਸਿੰਘ ਹੋਮਗਾਰਡ ਦੇ ਜਵਾਨ ਹਨ। ਹਾਲਾਂਕਿ ਉਨ੍ਹਾਂ ਦੀ ਤਨਖਾਹ ਇੰਨੀ ਨਹੀਂ ਹੈ ਕਿ ਜਿਸ ਨਾਲ ਪਰਿਵਾਰ ਚੰਗੀ ਜ਼ਿੰਦਗੀ ਜੀਅ ਸਕੇ। ਘਰ ਦੀਆਂ ਛੱਤਾਂ ਖਰਾਬ ਹਨ ਤੇ ਕੰਧਾਂ ਦੀ ਹਾਲਤ ਵੀ ਮਾੜੀ ਹੈ। 

ਲਖਵਿੰਦਰ ਦੀ ਵੱਡੀ ਭੈਣ ਅਵਤਾਰ ਕੌਰ ਬੀਕਾਮ, ਛੋਟਾ ਭਰਾ ਰਾਮ ਸਿੰਘ ਨੌਵੀਂ ਕਲਾਸ 'ਚ ਪੜ੍ਹ ਰਹੇ ਹਨ। ਉਸਦਾ ਇੱਕ ਹੋਰ ਭਰਾ ਅਰਸ਼ਦੀਪ ਸਿੰਘ ਵੀ ਹੈ। ਲਖਵਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਗਰੀਬੀ ਉਸਦੇ ਰਾਹ 'ਚ ਮੁਸ਼ਕਿਲ ਨਹੀਂ ਬਣੇਗੀ ਤੇ ਉਹ 12ਵੀਂ ਤੋਂ ਬਾਅਦ ਆਪਣੀ ਪੜ੍ਹਾਈ ਅੱਗੇ ਜਾਰੀ ਰੱਖ ਸਕੇਗੀ। ਲਖਵਿੰਦਰ ਪੜ੍ਹ-ਲਿਖ ਕੇ ਵੱਡੀ ਅਫਸਰ ਬਣਨਾ ਚਾਹੁੰਦੀ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲਖਵਿੰਦਰ ਕੌਰ ਦੀ ਮਾਤਾ ਹਰਦੀਪ ਕੌਰ ਨੇ ਸਮਾਜ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਧੀਆਂ ਸ਼ੁਭ ਹੁੰਦੀਆਂ ਹਨ। ਉਨ੍ਹਾਂ ਨੂੰ ਕੁੱਖ ਵਿੱਚ ਨਹੀਂ ਮਾਰਨਾ ਚਾਹੀਦਾ। ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ।

Comments

Leave a Reply