Wed,Apr 01,2020 | 06:49:22am
HEADLINES:

Punjab

ਮੈਨੇਜਰ ਖੁਦਕੁਸ਼ੀ : ਦਲਿਤ ਚਾਹੇ ਅਫਸਰ ਬਣ ਜਾਣ, ਪਰ ਵਿਤਕਰਾ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ

ਮੈਨੇਜਰ ਖੁਦਕੁਸ਼ੀ : ਦਲਿਤ ਚਾਹੇ ਅਫਸਰ ਬਣ ਜਾਣ, ਪਰ ਵਿਤਕਰਾ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ

ਬਰਨਾਲੇ ਦੇ ਧਨੌਲਾ ਦੀ ਕੋਆਪਰੇਟਿਵ ਐਗ੍ਰੀਕਲਚਰ ਸੁਸਾਇਟੀ ਦੇ ਮੈਨੇਜਰ ਹਰਮੇਲ ਸਿੰਘ ਨੇ 18 ਫਰਵਰੀ ਨੂੰ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਹਰਮੇਲ ਨੂੰ ਸੁਸਾਇਟੀ ਨਾਲ ਜੁੜੇ ਉੱਚ ਜਾਤੀ ਦੇ ਲੋਕਾਂ ਵੱਲੋਂ ਤੰਗ ਕੀਤਾ ਜਾਂਦਾ ਸੀ, ਜਿਸ ਤੋਂ ਦੁਖੀ ਹੋ ਕੇ ਉਹ ਜ਼ਿੰਦਗੀ ਨੂੰ ਖਤਮ ਕਰਨ ਵਾਲਾ ਇਹ ਕਦਮ ਚੁੱਕਣ ਲਈ ਮਜਬੂਰ ਹੋਏ।

ਦੋਸ਼ ਇਹ ਵੀ ਲੱਗੇ ਕਿ ਪੁਲਸ ਨੇ ਐੱਸਸੀ ਅਫਸਰ ਦੀ ਮੌਤ ਦੀ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬਸਪਾ ਆਗੂ ਡਾ. ਮੱਖਣ ਸਿੰਘ ਕਹਿੰਦੇ ਹਨ ਕਿ ਜੇਕਰ ਇਸੇ ਤਰ੍ਹਾਂ ਕਿਸੇ ਉੱਚ ਜਾਤੀ ਦੇ ਨੇਤਾ ਜਾਂ ਅਫਸਰ ਦੀ ਮੌਤ ਹੋਈ ਹੁੰਦੀ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਾ ਸੀ, ਪਰ ਇਸ ਦਲਿਤ ਅਫਸਰ ਦੀ ਮੌਤ ਤੋਂ ਬਾਅਦ ਮਾਮਲਾ ਦਰਜ ਕਰਨ 'ਚ ਦੇਰੀ ਤੋਂ ਲੈ ਕੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਨਾ ਕਰਨ ਤੱਕ ਦੇ ਹਰ ਪੱਖ 'ਚ ਪੁਲਸ ਨੇ ਢਿੱਲੀ ਕਾਰਗੁਜਾਰੀ ਦਿਖਾਈ।

ਇਸੇ ਕਰਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਸਿਆਸੀ ਤੇ ਸਮਾਜਿਕ ਜੱਥੇਬੰਦੀਆਂ ਨੂੰ ਇਨਸਾਫ ਲਈ ਸੜਕ 'ਤੇ ਆ ਕੇ ਪ੍ਰਦਰਸ਼ਨ ਕਰਨਾ ਪਿਆ।

ਮ੍ਰਿਤਕ ਹਰਮੇਲ ਸਿੰਘ ਦੇ ਬੇਟੇ ਭੁਪਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਸ ਨੇ ਦੋਸ਼ੀਆਂ ਦਾ ਸਾਥ ਦਿੱਤਾ। ਉਸਨੇ ਦੋਸ਼ ਲਗਾਇਆ ਕਿ 18 ਫਰਵਰੀ ਨੂੰ ਦੁਪਹਿਰ ਕਰੀਬ 12 ਵਜੇ ਉਸਦੇ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ।

ਇਸਦੇ ਬਾਵਜੂਦ ਦੇਰ ਰਾਤ ਤੱਕ ਪੁਲਸ ਉਨ੍ਹਾਂ ਦੇ ਬਿਆਨ ਨਹੀਂ ਲਏ। ਰਾਤ ਨੂੰ ਕਰੀਬ 10 ਵਜੇ ਉਸਦੇ ਬਿਆਨ ਲੈ ਕੇ ਪੁਲਸ ਨੇ ਅੱਧਾ ਅਧੂਰਾ ਪਰਚਾ ਦਰਜ ਕੀਤਾ। ਪਰਚੇ 'ਚ ਐੱਸਸੀ-ਐੱਸਟੀ ਐਕਟ ਵੀ ਨਹੀਂ ਲਗਾਇਆ ਗਿਆ। ਭੁਪਿੰਦਰ ਨੇ ਇਹ ਵੀ ਦੋਸ਼ ਲਗਾਇਆ ਕਿ ਰਾਤ 11 ਵਜੇ ਪਰਚਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਖੁਦ ਹੀ ਇਸਦੀ ਜਾਣਕਾਰੀ ਦੋਸ਼ੀਆਂ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ।

ਦੋਸ਼ੀਆਂ ਦੀ ਪਛਾਣ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ, ਸਾਬਕਾ ਡਾਇਰੈਕਟਰ ਮਾਰਕਫੈਡ ਸੁਖਚੈਨ ਸਿੰਘ, ਕਰਮਚਾਰੀ ਗੁਰਜੰਟ ਸਿੰਘ ਤੇ ਸੰਜੈ ਸਿੰਗਲਾ ਦੇ ਰੂਪ 'ਚ ਹੋਈ ਹੈ।

ਭੁਪਿੰਦਰ ਨੇ ਦੱਸਿਆ ਕਿ ਉਸਦੇ ਪਿਤਾ ਹਰਮੇਲ ਸਿੰਘ ਸਾਲ 2010 ਤੱਕ ਕੋਆਪਰੇਟਿਵ ਐਗ੍ਰੀਕਲਚਰ ਸੁਸਾਇਟੀ ਧਨੌਲਾ 'ਚ ਕਲਾਸ ਫੋਰ ਦਾ ਕੰਮ ਕਰਦੇ ਸਨ। ਇਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਕੀਤੀ। 3 ਵਾਰ ਪ੍ਰਮੋਟ ਹੋ ਕੇ ਮੈਨੇਜਰ ਬਣੇ। ਇਸੇ ਗੱਲ ਤੋਂ ਦੋਸ਼ੀ ਸੜਦੇ ਸਨ। 18 ਫਰਵਰੀ ਨੂੰ ਮੀਟਿੰਗ ਖਤਮ ਹੋਣ ਤੋਂ ਬਾਅਦ ਦੋਸ਼ੀਆਂ ਨੇ ਉਨ੍ਹਾਂ ਦੇ ਪਿਤਾ ਹਰਮੇਲ ਸਿੰਘ ਨੂੰ ਕਮਰੇ 'ਚ ਬੰਦ ਕਰਕੇ ਕੁੱਟਮਾਰ ਕੀਤੀ। ਕੁੱਟਮਾਰ ਤੇ ਜਾਤੀ ਤੌਰ 'ਤੇ ਜ਼ਲੀਲ ਕੀਤੇ ਜਾਣ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।  

ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਬਸਪਾ, ਖੱਪੇ ਪੱਖੀ ਪਾਰਟੀਆਂ ਤੇ ਹੋਰ ਸਮਾਜਿਕ ਜੱਥੇਬੰਦੀਆਂ ਨਾਲ ਜੁੜੇ ਲੋਕਾਂ ਨੇ 19 ਫਰਵਰੀ ਨੂੰ ਲਾਸ਼ ਚੰਡੀਗੜ ਹਾਈਵੇ 'ਤੇ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ। ਇਹ ਧਰਨਾ ਪ੍ਰਦਰਸ਼ਨ ਰਾਤ ਕਰੀਬ 8.30 ਵਜੇ ਤੱਕ ਚੱਲਦਾ ਰਿਹਾ। ਬਾਅਦ 'ਚ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਮ੍ਰਿਤਕ ਪਰਿਵਾਰ ਨੂੰ ਸਰਕਾਰੀ ਨੌਕਰੀ, ਮੁਆਵਜ਼ਾ ਦੇਣ ਦੀ ਫਾਈਲ ਸੂਬਾ ਸਰਕਾਰ ਕੋਲ ਭੇਜਣ ਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕਹਿ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਧਰਨਾ ਹਟਾ ਲਿਆ ਗਿਆ।

ਦੂਜੇ ਪਾਸੇ ਐੱਸਐੱਚਓ ਧਨੌਲਾ ਹਾਕਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ 18 ਫਰਵਰੀ ਨੂੰ ਦੁਪਹਿਰ ਤੋਂ ਹੀ ਮ੍ਰਿਤਕ ਦੇ ਪਰਿਵਾਰ ਨੂੰ ਬਿਆਨ ਦੇਣ ਲਈ ਸੱਦ ਰਹੇ ਸਨ, ਪਰ ਪਰਿਵਾਰਕ ਮੈਂਬਰ ਰਾਤ 11 ਵਜੇ ਤੱਕ ਨਹੀਂ ਆਏ। ਇਸੇ ਦੌਰਾਨ ਦੋਸ਼ੀ ਫਰਾਰ ਹੋ ਗਏ। ਐੱਸਐੱਸਪੀ ਸੰਦੀਪ ਗੋਇਲ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਆਦਿ ਸੂਬਿਆਂ ਵਾਂਗ ਪੰਜਾਬ 'ਚ ਵੀ ਦਲਿਤਾਂ ਨਾਲ ਜਾਤੀ ਵਿਤਕਰੇ ਤੇ ਉਨ੍ਹਾਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਚੁੱਕੀ ਹੈ। ਦਲਿਤ ਚਾਹੇ ਗਰੀਬ ਮਜ਼ਦੂਰ ਹੋਵੇ ਜਾਂ ਫਿਰ ਪੜ੍ਹ-ਲਿਖ ਕੇ ਅਫਸਰ ਬਣ ਜਾਵੇ, ਉਸਨੂੰ ਜ਼ਿੰਦਗੀ ਦੇ ਹਰ ਮੋੜ 'ਤੇ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

Comments

Leave a Reply