Wed,Mar 27,2019 | 12:44:48am
HEADLINES:

Punjab

ਫਗਵਾੜਾ ਹਿੰਸਾ : ਦਲਿਤ ਨੌਜਵਾਨ ਬੌਬੀ ਦੀ ਮੌਤ, ਭਾਰੀ ਸੁਰੱਖਿਆ ਵਿਵਸਥਾ 'ਚ ਅੰਤਮ ਸਸਕਾਰ

ਫਗਵਾੜਾ ਹਿੰਸਾ : ਦਲਿਤ ਨੌਜਵਾਨ ਬੌਬੀ ਦੀ ਮੌਤ, ਭਾਰੀ ਸੁਰੱਖਿਆ ਵਿਵਸਥਾ 'ਚ ਅੰਤਮ ਸਸਕਾਰ

ਅੰਬੇਡਕਰ ਜੈਯੰਤੀ ਤੋਂ ਇੱਕ ਦਿਨ ਪਹਿਲਾਂ 13 ਅਪ੍ਰੈਲ ਨੂੰ ਦਲਿਤ ਸੰਗਠਨ ਵੱਲੋਂ ਫਗਵਾੜਾ ਦੇ ਗੋਲ ਚੌਂਕ ਦਾ ਨਾਂ 'ਸੰਵਿਧਾਨ ਚੌਂਕ' ਰੱਖੇ ਜਾਣ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਇਸਦਾ ਵਿਰੋਧ ਕਰ ਦਿੱਤਾ ਸੀ। ਇਸ ਦੌਰਾਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਣ ਤੋਂ ਬਾਅਦ ਜਮ ਕੇ ਪੱਥਰਬਾਜ਼ੀ, ਭੰਨਤੋੜ ਹੋਈ ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ। ਇਸ ਹਿੰਸਾ ਦੌਰਾਨ ਗੋਲੀ ਲੱਗਣ ਨਾਲ ਗੰਭੀਰ ਤੌਰ 'ਤੇ ਜ਼ਖਮੀ ਦਲਿਤ ਨੌਜਵਾਨ ਜਸਵੰਤ ਬੌਬੀ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸਦੀ 28 ਅਪ੍ਰੈਲ ਨੂੰ ਮੌਤ ਹੋ ਗਈ।
 
ਇਸ 'ਤੇ ਇੱਕ ਵਾਰ ਫਿਰ ਸਥਿਤੀ ਤਣਾਅਪੂਰਨ ਹੋ ਗਈ। ਹਾਲਾਂਕਿ ਪੁਲਸ ਨੇ ਭਾਰੀ ਸੁਰੱਖਿਆ ਵਿਵਸਥਾ ਵਿੱਚ ਐਤਵਾਰ ਨੂੰ ਕਰੀਬ 11 ਵਜੇ ਬੌਬੀ ਦਾ ਅੰਤਮ ਸਸਕਾਰ ਕਰਵਾ ਦਿੱਤਾ। ਇਸ ਤੋਂ ਪਹਿਲਾਂ ਉਦੋਂ ਮਾਹੌਲ ਇੱਕ ਵਾਰ ਫਿਰ ਗਰਮ ਹੋ ਗਿਆ, ਜਦੋਂ ਦਲਿਤਾਂ ਨੇ ਮ੍ਰਿਤਕ ਦੇਹ ਲੈ ਕੇ ਹਾਈਵੇ 'ਤੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਦਿੱਤਾ। 
 
ਅੰਤਮ ਸਸਕਾਰ ਦੌਰਾਨ ਹਾਲਾਤ ਖਰਾਬ ਨਾ ਹੋਣ, ਇਸਨੂੰ ਦੇਖਦਿਆਂ ਪੁਲਸ ਵੱਲੋਂ ਹਾਈਵੇ ਸਮੇਤ ਫਗਵਾੜਾ ਆਉਣ ਵਾਲੀਆਂ ਲਿੰਕ ਸੜਕਾਂ ਬੰਦ ਰੱਖੀਆਂ ਗਈਆਂ। ਇਸ ਦੌਰਾਨ ਦੂਜੇ ਜ਼ਿਲ੍ਹਿਆਂ ਤੋਂ ਗੱਡੀਆਂ, ਬੱਸਾਂ ਫਗਵਾੜਾ ਨਹੀਂ ਆ ਸਕੀਆਂ। ਅੰਤਮ ਸਸਕਾਰ ਤੋਂ ਬਾਅਦ ਹੀ ਇਨ੍ਹਾਂ ਸੜਕਾਂ 'ਤੇ ਟ੍ਰੈਫਿਕ ਖੋਲਿਆ ਗਿਆ। ਦੂਜੇ ਪਾਸੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ 28 ਅਪ੍ਰੈਲ ਦੀ ਰਾਤ ਤੋਂ ਹੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।
 
29 ਅਪ੍ਰੈਲ ਨੂੰ ਸਾਰਾ ਦਿਨ ਫਗਵਾੜਾ ਦੀਆਂ ਦੁਕਾਨਾਂ ਬੰਦ ਰਹੀਆਂ ਅਤੇ 3 ਹਜ਼ਾਰ ਤੋਂ ਜ਼ਿਆਦਾ ਪੈਰਾਮਿਲੀਟ੍ਰੀ ਫੋਰਸ ਤੇ ਪੁਲਸ ਦੇ ਜਵਾਨ ਜਗ੍ਹਾ-ਜਗ੍ਹਾ ਤੈਨਾਤ ਰਹੇ। ਬੰਗਾ ਰੋਡ ਵਿਖੇ ਸ਼ਮਸ਼ਾਨਘਾਟ 'ਚ ਬੌਬੀ ਦੇ ਅੰਤਮ ਸਸਕਾਰ ਸਮੇਂ ਵੱਡੀ ਗਿਣਤੀ ਵਿੱਚ ਦਲਿਤ ਸਮਾਜ ਦੇ ਲੋਕ ਮੌਜੂਦ ਸਨ।
 
ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਹਿੰਸਾ ਦੌਰਾਨ ਦਲਿਤ ਸਮਾਜ ਦੇ ਤਿੰਨ ਨੌਜਵਾਨ ਗੰਭੀਰ ਤੌਰ 'ਤੇ ਜ਼ਖਮੀ ਹੋਏ ਸਨ। ਇਨ੍ਹਾਂ ਵਿੱਚੋਂ ਜਸਵੰਤ ਬੌਬੀ ਦੀ ਡੀਐੱਮਸੀ ਹਸਪਤਾਲ 'ਚ ਮੌਤ ਹੋ ਗਈ। ਗੋਲੀ ਲੱਗਣ ਨਾਲ ਜ਼ਖਮੀ ਹੋਏ ਇੱਕ ਹੋਰ ਨੌਜਵਾਨ ਕੁਲਵਿੰਦਰ ਪੁੱਤਰ ਜੀਤ ਰਾਮ ਵਾਸੀ ਭੁੱਲਾਰਾਈ ਦਾ ਇਲਾਜ ਜਲੰਧਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ।
 
ਇਸ ਘਟਨਾ ਦੇ ਸਬੰਧ ਵਿੱਚ ਪੁਲਸ ਨੇ ਦੋਵੇਂ ਧਿਰਾਂ ਦੇ 32 ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਕਰੀਬ 450 ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ ਹਿੰਦੂ ਸੰਗਠਨਾਂ ਨਾਲ ਸਬੰਧਤ 4 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਹਿੰਦੂ ਸੰਗਠਨਾਂ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਦਲਿਤਾਂ ਦੇ ਪੱਖ ਦੇ ਲੋਕਾਂ ਦੀ ਵੀ ਗ੍ਰਿਫਤਾਰੀ ਕੀਤੀ ਜਾਵੇ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Comments

Leave a Reply