Sun,Jan 26,2020 | 09:10:19am
HEADLINES:

Punjab

ਪੰਜਾਬ 'ਚ ਦਲਿਤਾਂ 'ਤੇ ਜ਼ੁਲਮ : ਭੀਮ ਟਾਂਕ ਤੋਂ ਬਾਅਦ ਰੂਹ ਕੰਬਾ ਦੇਣ ਵਾਲੀ ਘਟਨਾ ਹੈ ਜਗਮੇਲ ਹੱਤਿਆਕਾਂਡ

ਪੰਜਾਬ 'ਚ ਦਲਿਤਾਂ 'ਤੇ ਜ਼ੁਲਮ : ਭੀਮ ਟਾਂਕ ਤੋਂ ਬਾਅਦ ਰੂਹ ਕੰਬਾ ਦੇਣ ਵਾਲੀ ਘਟਨਾ ਹੈ ਜਗਮੇਲ ਹੱਤਿਆਕਾਂਡ

ਅਬੋਹਰ ਦੇ 11 ਦਸੰਬਰ 2015 ਦੇ ਦਲਿਤ ਨੌਜਵਾਨ ਭੀਮ ਟਾਂਕ ਦੇ ਕਤਲ ਕਾਂਡ ਤੋਂ ਲੈ ਕੇ 7 ਨਵੰਬਰ 2019 ਨੂੰ ਸੰਗਰੂਰ ਦੇ ਚੰਗਲੀਵਾਲਾ ਪਿੰਡ ਵਿੱਚ ਦਲਿਤ ਮਜਦੂਰ ਜਗਮੇਲ ਸਿੰਘ 'ਤੇ ਜ਼ੁਲਮ ਤੱਕ ਦੀਆਂ ਘਟਨਾਵਾਂ ਪੰਜਾਬ ਵਿੱਚ ਇਸ ਦੱਬੇ-ਕੁਚਲੇ ਸਮਾਜ ਦੇ ਮਾੜੇ ਹਾਲਾਤ ਦੀ ਤਸਵੀਰ ਨੂੰ ਬਿਆਨ ਕਰਦੀਆਂ ਹਨ। ਭੀਮ ਟਾਂਕ ਦੀਆਂ ਲੱਤਾਂ ਵੱਢ ਕੇ ਉਸਨੂੰ ਮਾਰਿਆ ਗਿਆ, ਜਦਕਿ ਜਗਮੇਲ ਦੀਆਂ ਲੱਤਾਂ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਕਿ ਇਲਾਜ ਦੌਰਾਨ ਉਨ੍ਹਾਂ ਨੂੰ ਵੱਢਣਾ ਪਿਆ, ਜਿਸ ਨਾਲ ਉਸਦੀ ਮੌਤ ਹੋ ਗਈ।

ਇਨ੍ਹਾਂ ਦੋਵੇਂ ਘਟਨਾਵਾਂ ਵਿਚਕਾਰ ਮਾਨਸਾ ਵਿੱਚ ਦਲਿਤ ਨੌਜਵਾਨ ਸੁਖਚੈਨ ਦੀ ਹੱਤਿਆ ਦੀ ਘਟਨਾ ਵੀ ਹੋ ਚੁੱਕੀ ਹੈ। ਸੁਖਚੈਨ ਦਾ ਕਤਲ ਕਰਕੇ ਦੋਸ਼ੀ ਉਸਦੀ ਲੱਤ ਵੱਢ ਕੇ ਨਾਲ ਲੈ ਗਏ ਸਨ। ਫਿਰੋਜ਼ਪੁਰ ਵਿੱਚ ਖੇਤ 'ਚੋਂ ਸਿਰਫ ਛੱਲੀ ਤੋੜਨ 'ਤੇ ਦਲਿਤ ਨੌਜਵਾਨ ਸੁਖਦੇਵ ਨੂੰ ਗੋਲੀ ਮਾਰ ਦਿੱਤੀ ਗਈ।

ਮੁਕਤਸਰ ਵਿੱਚ ਦਲਿਤ ਨੌਜਵਾਨ ਅਜੈ ਕੁਮਾਰ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਸੰਗਰੂਰ ਦੇ ਝਲੂਰ ਪਿੰਡ ਵਿੱਚ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਦਲਿਤਾਂ 'ਤੇ ਹਮਲਾ ਹੋਇਆ ਤੇ ਉਨ੍ਹਾਂ ਦੀ ਬਜ਼ੁਰਗ ਮਹਿਲਾ ਦੀ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਦੋਸ਼ੀ ਧਿਰ ਪ੍ਰਭਾਵਸ਼ਾਲੀ ਉੱਚ ਜਾਤੀ ਵਰਗ ਨਾਲ ਸਬੰਧਤ ਸੀ।

ਸੂਬੇ ਵਿੱਚ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਲੋਕ ਆਪਣੀ ਵੱਡੀ ਆਬਾਦੀ (35 ਫੀਸਦੀ ਤੋਂ ਜ਼ਿਆਦਾ) ਦੇ ਬਾਵਜੂਦ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਨ। ਸੂਬੇ ਦੇ ਐੱਸਸੀ ਕਮਿਸ਼ਨ ਦਾ ਰਿਕਾਰਡ ਦੱਸਦਾ ਹੈ ਕਿ ਸਾਲ 2007 ਤੋਂ ਲੈ ਕੇ 2016 ਵਿਚਕਾਰ ਇੱਥੇ ਦਲਿਤਾਂ ਖਿਲਾਫ ਅੱਤਿਆਚਾਰ ਦੇ 8.058 ਮਾਮਲੇ ਸਾਹਮਣੇ ਆਏ।

ਸਮਾਜਿਕ ਤੌਰ 'ਤੇ ਹਾਸ਼ੀਏ 'ਤੇ ਰੱਖੇ ਗਏ ਦਲਿਤ ਸਮਾਜ ਦੇ ਲੋਕ ਆਪਣੇ ਖਿਲਾਫ ਹੋਣ ਵਾਲੇ ਅੱਤਿਆਚਾਰਾਂ ਨੂੰ ਰੋਕਣ ਅਤੇ ਇਨਸਾਫ ਲਈ ਜਿਸ ਪ੍ਰਸ਼ਾਸਨ ਤੋਂ ਉਮੀਦ ਕਰਦੇ ਹਨ, ਉੱਥੋਂ ਵੀ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗਦੀ ਹੈ। ਭੀਮ ਟਾਂਕ ਤੇ ਜਗਮੇਲ ਹੱਤਿਆ ਮਾਮਲਿਆਂ ਨੂੰ ਉਦਾਹਰਨ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇਨ੍ਹਾਂ ਵਿੱਚ ਪੁਲਸ ਪ੍ਰਸ਼ਾਸਨ ਨੇ ਉਦੋਂ ਤੱਕ ਸਖਤ ਕਦਮ ਨਹੀਂ ਚੁੱਕੇ, ਜਦੋਂ ਤੱਕ ਕਿ ਲੋਕਾਂ ਦਾ ਦਬਾਅ ਨਹੀਂ ਬਣਿਆ।

ਭੀਮ ਟਾਂਕ ਵਿੱਚ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਤੋਂ ਬਾਅਦ ਜਾ ਕੇ ਪੁਲਸ ਨੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਜਗਮੇਲ ਸਿੰਘ ਖਿਲਾਫ ਅੱਤਿਆਚਾਰ ਦੀ ਘਟਨਾ 7 ਨਵੰਬਰ ਨੂੰ ਹੋਈ, ਜਦਕਿ 12 ਨਵੰਬਰ ਤੱਕ ਪੁਲਸ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਤੇ 14 ਨਵੰਬਰ ਦੀ ਸ਼ਾਮ ਤੱਕ ਕੋਈ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ। ਬਾਅਦ ਵਿੱਚ ਬਸਪਾ ਵੱਲੋਂ ਮਾਮਲਾ ਚੁੱਕੇ ਜਾਣ 'ਤੇ ਪੁਲਸ ਨੇ 13 ਨਵੰਬਰ ਨੂੰ ਪਰਚਾ ਦਰਜ ਕੀਤਾ ਤੇ 3 ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ।

ਹੋਣਾ ਤਾਂ ਇਹ ਚਾਹੀਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਅਜਿਹੀ ਵਿਵਸਥਾ ਦਾ ਨਿਰਮਾਣ ਕਰਨ ਕਿ ਦੱਬੇ-ਕੁਚਲੇ ਸਮਾਜ ਦੇ ਲੋਕਾਂ 'ਤੇ ਜ਼ੁਲਮ ਹੋਣ ਹੀ ਨਾ, ਜੇ ਕਿਤੇ ਹੋ ਵੀ ਜਾਣ ਤਾਂ ਉਨ੍ਹਾਂ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ। ਹਾਲਾਂਕਿ ਬੀਤਾ ਹੋਇਆ ਸਮਾਂ ਅਤੇ ਮੌਜੂਦਾ ਹਾਲਾਤ ਦੱਸਦੇ ਹਨ ਕਿ ਦੱਬੇ-ਕੁਚਲੇ ਵਰਗਾਂ ਲਈ ਅਜਿਹੀ ਵਿਵਸਥਾ ਫਿਲਹਾਲ ਸੁਪਨੇ ਵਾਂਗ ਹੀ ਹੈ।

ਬਸਪਾ ਦੇ ਸੂਬਾ ਜਨਰਲ ਸਕੱਤਰ ਡਾ. ਮੱਖਣ ਸਿੰਘ ਆਪਣੀ ਫੇਸਬੁੱਕ ਵਾਲ 'ਤੇ ਲਿਖਦੇ ਹਨ ਕਿ ਦਲਿਤ ਰੀਂਗ-ਰੀਂਗ ਕੇ ਮਰਨ ਲਈ ਮਜਬੂਰ ਹਨ। ਉਨ੍ਹਾਂ ਨੇ ਜਗਮੇਲ ਮਾਮਲੇ ਵਿੱਚ ਲਹਿਰਾ ਪੁਲਸ ਦੀ ਢਿੱਲੀ ਕਾਰਗੁਜਾਰੀ 'ਤੇ ਵੀ ਸਵਾਲ ਚੁੱਕੇ। ਉਹ ਕਹਿੰਦੇ ਹਨ ਕਿ ਪੰਜਾਬ ਦੇ ਦਲਿਤਾਂ ਨੂੰ ਇਹ ਸੋਚਣਾ ਹੋਵੇਗਾ ਕਿ ਉਨ੍ਹਾਂ ਨੇ ਇਸੇ ਤਰ੍ਹਾਂ ਰੀਂਗ-ਰੀਂਗ ਕੇ ਮਰਨਾ ਹੈ ਜਾਂ ਫਿਰ ਅਣਖ ਤੇ ਸਨਮਾਨ ਭਰੀ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨਾ ਹੈ।

Comments

Leave a Reply