Fri,May 24,2019 | 05:20:48pm
HEADLINES:

Punjab

ਕੋਰਸ ਇੱਕੋ, ਪਰ ਅਲੱਗ-ਅਲੱਗ ਬਿਠਾਏ ਜਾਂਦੇ ਨੇ ਜਨਰਲ ਕਲਾਸ ਤੇ ਐੱਸਸੀ ਵਰਗ ਦੇ ਵਿਦਿਆਰਥੀ!

ਕੋਰਸ ਇੱਕੋ, ਪਰ ਅਲੱਗ-ਅਲੱਗ ਬਿਠਾਏ ਜਾਂਦੇ ਨੇ ਜਨਰਲ ਕਲਾਸ ਤੇ ਐੱਸਸੀ ਵਰਗ ਦੇ ਵਿਦਿਆਰਥੀ!

ਅੰਮ੍ਰਿਤਸਰ ਦੇ ਇੱਕ ਸਿੱਖਿਆ ਸੰਸਥਾਨ 'ਚ ਇੱਕੋ ਕੋਰਸ ਲਈ ਜਨਰਲ ਵਰਗ ਦੇ ਵਿਦਿਆਰਥੀਆਂ ਤੇ ਐੱਸਸੀ ਸਟੂਡੈਂਟਸ ਲਈ ਅਲੱਗ-ਅਲੱਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਸਬੰਧ 'ਚ ਇੱਕ ਐੱਸਸੀ ਵਿਦਿਆਰਥਣ ਨੇ ਜਾਤੀ ਭੇਦਭਾਵ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਉਸਨੇ ਇਸ ਬਾਰੇ ਸੰਸਥਾਨ ਦੀ ਇੰਚਾਰਜ (ਭਾਜਪਾ ਆਗੂ ਦੀ ਪਤਨੀ) ਅੱਗੇ ਇਤਰਾਜ਼ ਪ੍ਰਗਟ ਕੀਤਾ ਤਾਂ ਉਸਨੂੰ ਸੰਸਥਾਨ 'ਚੋਂ ਬਾਹਰ ਕੱਢ ਦਿੱਤਾ ਗਿਆ।
 
ਇਸ ਸਬੰਧ 'ਚ 'ਦ ਟ੍ਰਿਬਿਊਨ' ਦੀ ਇੱਕ ਖਬਰ ਮੁਤਾਬਕ, ਅੰਮ੍ਰਿਤਸਰ ਦੇ ਲਾਹੌਰੀ ਗੇਟ ਵਿਖੇ ਸਕਿੱਲ ਡਵੈਲਪਮੈਂਟ ਇੰਸਟੀਚਿਊਟ ਦੀ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੀ ਵਿਦਿਆਰਥਣ ਨੇ ਇੱਥੇ ਦੀ ਮੈਨੇਜਮੈਂਟ ਵੱਲੋਂ ਐੱਸਸੀ ਵਿਦਿਆਰਥੀਆਂ ਲਈ ਅਲੱਗ ਤੋਂ ਕਲਾਸਾਂ ਲਗਾਏ ਜਾਣ ਦਾ ਵਿਰੋਧ ਕੀਤਾ। ਮੇਕਅੱਪ ਆਰਟਿਸਟ ਕੋਰਸ ਦੀ ਵਿਦਿਆਰਥਣ ਤਾਨਿਆ ਨੇ ਕਿਹਾ ਕਿ ਸੰਸਥਾਨ ਦੀ ਮੈਨੇਜਮੈਂਟ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨਾਲ ਭੇਦਭਾਵ ਕਰ ਰਹੀ ਹੈ। 
 
ਤਾਨਿਆ ਨੇ ਕਿਹਾ ਕਿ ਸੰਸਥਾਨ ਵਿੱਚ ਐੱਸਸੀ ਵਰਗ ਦੇ ਵਿਦਿਆਰਥੀਆਂ ਨੂੰ ਜਨਰਲ ਵਰਗ ਦੇ ਵਿਦਿਆਰਥੀਆਂ ਤੋਂ ਅਲੱਗ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
 
ਤਾਨਿਆ ਨੇ ਇਹ ਵੀ ਕਿਹਾ ਕਿ ''ਇਸੇ ਸੰਸਥਾਨ ਵਿੱਚ ਪੜ੍ਹਾਈ ਕਰਨ ਵਾਲੇ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਸਿਲਾਈ ਦੇ ਕੋਰਸ ਦੀਆਂ ਕਲਾਸਾਂ ਵਿੱਚ ਐੱਸਸੀ ਤੇ ਜਨਰਲ ਵਰਗ ਦੇ ਵਿਦਿਆਰਥੀ ਇਕੱਠੇ ਬੈਠਦੇ ਹਨ। ਮੈਂ ਇਹ ਗੱਲ ਆਪਣੇ ਵੱਡੇ ਭਰਾ ਨੂੰ ਦੱਸੀ ਤੇ ਪੁੱਛਿਆ ਕਿ ਮੈਨੇਜਮੈਂਟ ਕੁਝ ਕੋਰਸਾਂ ਵਿੱਚ ਭੇਦਭਾਵ ਕਿਉਂ ਕਰ ਰਹੀ ਹੈ।''
 
ਤਾਨਿਆ ਨੇ ਕਿਹਾ ਕਿ ''4 ਅਕਤੂਬਰ ਨੂੰ ਮੇਰਾ ਭਰਾ ਇਸ ਸਿੱਖਿਆ ਸੰਸਥਾਨ 'ਚ ਗਿਆ ਤੇ ਸੰਸਥਾਨ ਦੀ ਇੰਚਾਰਜ ਰਾਧਿਕਾ ਚੁਘ ਤੋਂ ਇਸ ਬਾਰੇ ਪੁੱਛਿਆ। ਇਸ 'ਤੇ ਰਾਧਿਕਾ ਚੁਘ ਕਹਿਣ ਲੱਗੇ ਕਿ ਉਹ ਇੱਕ ਤਾਂ ਇਹ ਕੋਰਸ ਮੁਫਤ ਵਿੱਚ ਕਰਵਾ ਰਹੇ ਹਨ, ਉੱਪਰੋਂ ਤੁਸੀਂ ਇਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹੋ।''
 
ਤਾਨਿਆ ਦੇ ਭਰਾ ਵਿਸ਼ਵ ਲੂਥਰਾ ਨੇ ਕਿਹਾ ਕਿ ''ਮੈਂ ਇੰਚਾਰਜ ਨੂੰ ਕਿਹਾ ਕਿ ਇਹ ਕੋਰਸ ਸਰਕਾਰ ਮੁਫਤ 'ਚ ਕਰਵਾ ਰਹੀ ਹੈ, ਇਸ ਲਈ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ। ਇਹ ਅਪਮਾਨਜਨਕ ਹੈ। ਇਸ ਤੋਂ ਬਾਅਦ ਇੰਚਾਰਜ ਰਾਧਿਕਾ ਚੁਘ ਨੇ ਸੰਸਥਾਨ ਦੇ ਇੱਕ ਕਰਮਚਾਰੀ ਨੂੰ ਸੱਦਿਆ ਤੇ ਉਸਨੂੰ ਕਿਹਾ ਕਿ ਇਸਦੀ ਭੈਣ ਦੇ ਸਰਟੀਫਿਕੇਟ ਵਾਪਸ ਕਰ ਦਿਓ ਤੇ ਉਸਦਾ ਦਾਖਲਾ ਵੀ ਰੱਦ ਕਰ ਦਿਓ।''
 
7 ਅਕਤੂਬਰ ਨੂੰ ਸੰਸਥਾਨ ਦੇ ਇੱਕ ਟੀਚਰ ਨੇ ਤਾਨਿਆ ਨੂੰ ਫੋਨ ਕੀਤਾ ਤੇ ਉਸਨੂੰ ਸੰਸਥਾਨ 'ਚੋਂ ਬਰਖਾਸਤ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ। ਰਾਧਿਕਾ ਚੁਘ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁਘ ਦੇ ਪਤਨੀ ਹਨ।
 
ਖਬਰ ਮੁਤਾਬਕ, ਜਦੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਰਾਧਿਕਾ ਚੁਘ ਦੀ ਜਗ੍ਹਾ ਉਨ੍ਹਾਂ ਦੇ ਪਤੀ ਤਰੁਣ ਚੁਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਗਾਈਡਲਈਂਸ ਮੁਤਾਬਕ ਹੀ ਐੱਸਸੀ, ਬੀਸੀ ਤੇ ਜਨਰਲ ਕੈਟੇਗਰੀ ਦੇ ਵਿਦਿਆਰਥੀਆਂ ਦੀਆਂ ਅਲੱਗ-ਅਲੱਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਦੇ ਸਸ਼ਕਤੀਕਰਨ ਲਈ ਹੀ ਸਫਾਈ ਕਰਮਚਾਰੀਆਂ ਦੀਆਂ ਬੇਟੀਆਂ ਲਈ ਅਲੱਗ ਤੋਂ ਕੋਰਸ ਕਰਵਾਏ ਜਾ ਰਹੇ ਹਨ।
 
ਚੁਘ ਨੇ ਕਿਹਾ ਕਿ ਸਾਰੇ ਸਕਿੱਲ ਡਵੈਲਪਮੈਂਟ ਇੰਸਟੀਚਿਊਟ ਵਿੱਚ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਨੂੰ ਅਲੱਗ-ਅਲੱਗ ਕਲਾਸਾਂ ਵਿੱਚ ਬਿਠਾਇਆ ਜਾਂਦਾ ਹੈ। ਅਸੀਂ ਕੇਂਦਰ ਸਰਕਾਰ ਦੀਆਂ ਗਾਈਡਲਾਈਂਸ ਮੁਤਾਬਕ ਹੀ ਕੰਮ ਕਰ ਰਹੇ ਹਾਂ।
 
ਜਦੋਂ ਤਰੁਣ ਚੁਘ ਤੋਂ ਪੁੱਛਿਆ ਗਿਆ ਕਿ ਤਾਨਿਆ ਲੂਥਰਾ ਨੂੰ ਸੰਸਥਾਨ 'ਚੋਂ ਬਾਹਰ ਕਿਉਂ ਕੱਢਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤਾਨਿਆ ਨੇ ਉਨ੍ਹਾਂ ਦੀ ਪਤਨੀ ਰਾਧਿਕਾ ਚੁਘ ਨਾਲ ਗਲਤ ਵਿਵਹਾਰ ਕੀਤਾ ਸੀ।
 
ਦੂਜੇ ਪਾਸੇ ਤਾਨਿਆ ਨੇ ਇਸ ਸਬੰਧ ਵਿੱਚ ਇੱਕ ਸ਼ਿਕਾਇਤ ਡੀਸੀ ਨੂੰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਤੋਂ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਗਈ ਹੈ।

 

Comments

Leave a Reply