Fri,Jan 18,2019 | 10:13:04pm
HEADLINES:

Punjab

ਪੰਜਾਬ ਪੁਲਸ 'ਚ ਜਾਤੀਵਾਦ! ਚੌਕੀ ਇੰਚਾਰਜ ਨੇ ਹੌਲਦਾਰ ਬਾਰੇ ਕਹੇ ਜਾਤੀਸੂਚਕ ਸ਼ਬਦ

ਪੰਜਾਬ ਪੁਲਸ 'ਚ ਜਾਤੀਵਾਦ! ਚੌਕੀ ਇੰਚਾਰਜ ਨੇ ਹੌਲਦਾਰ ਬਾਰੇ ਕਹੇ ਜਾਤੀਸੂਚਕ ਸ਼ਬਦ

ਜਲੰਧਰ। ਪੰਜਾਬ ਪੁਲਸ ਵੀ ਜਾਤੀ ਭੇਦਭਾਵ ਦੇ ਲੱਗਣ ਵਾਲੇ ਦਾਗ ਕਾਰਨ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਇੱਕ ਏਐੱਸਆਈ ਦੀ ਅਨੁਸੂਚਿਤ ਜਾਤੀ (ਐੱਸਸੀ) ਵਰਗ ਬਾਰੇ ਅਪਮਾਨਜਨਕ ਟਿੱਪਣੀ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਹੁਣ ਜਲੰਧਰ 'ਚ ਵੀ ਇੱਕ ਆਡੀਓ ਕਲਿੱਪ ਸਾਹਮਣੇ ਆਈ ਹੈ। ਦੋਸ਼ ਹੈ ਕਿ ਇਸ ਵਿੱਚ ਏਐੱਸਆਈ ਰੈਂਕ ਦਾ ਚੌਕੀ ਇੰਚਾਰਜ ਐੱਸਸੀ ਵਰਗ ਦੇ ਹੌਲਦਾਰ ਬਾਰੇ ਜਾਤੀਸੂਚਕ ਸ਼ਬਦ ਕਹਿੰਦਾ ਸੁਣਾਈ ਦੇ ਰਿਹਾ ਹੈ।

'ਦੈਨਿਕ ਭਾਸਕਰ' ਦੀ ਇੱਕ ਖਬਰ ਮੁਤਾਬਕ, ਜਲੰਧਰ ਦੇਹਾਤੀ ਦੇ ਥਾਣਾ ਲਾਂਬੜਾ ਦੀ ਉਪ ਚੌਕੀ ਮੰਡ ਦੇ ਏਐੱਸਆਈ ਦਿਲਬਾਗ ਸਿੰਘ ਦੀ 5 ਮਿੰਟ 21 ਸੈਕੰਡ ਦੀ ਆਡੀਓ ਸਾਹਮਣੇ ਆਈ ਹੈ। ਦੋਸ਼ ਹੈ ਕਿ ਚੌਕੀ ਇੰਚਾਰਜ ਨੇ ਸਾਥੀ ਸਿਪਾਹੀ ਨੂੰ ਫੋਨ ਕਰਕੇ ਚੌਕੀ ਵਿੱਚ ਤੈਨਾਤ ਐੱਸਸੀ ਵਰਗ ਦੇ ਹੌਲਦਾਰ ਕੁਲਦੀਪ ਸਿੰਘ ਬਾਰੇ ਜਾਤੀਸੂਚਕ ਸ਼ਬਦ ਕਹਿੰਦੇ ਹੋਏ ਪੁੱਛਿਆ, ਕਿੱਦਾਂ ਰਹੀ ਲੋਹੜੀ? ਮਿਲਿਆ-ਮੁਲੇਆ ਨਈ ਕੁਝ ਕਿਤੋਂ?

ਇਸ ਕਲਿੱਪ ਦੀ ਜਾਣਕਾਰੀ ਸੀਨੀਅਰ ਪੁਲਸ ਅਫਸਰਾਂ ਤੱਕ ਪਹੁੰਚਣ 'ਤੇ ਚੌਕੀ ਇੰਚਾਰਜ ਦਿਲਬਾਗ ਸਿੰਘ ਖਿਲਾਫ ਐੱਸਸੀ-ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਚੌਕੀ ਇੰਚਾਰਜ ਅਜੇ ਫਰਾਰ ਦੱਸਿਆ ਜਾਂਦਾ ਹੈ।

ਖਬਰ ਮੁਤਾਬਕ, ਮੰਡ ਚੌਕੀ ਵਿੱਚ ਤੈਨਾਤ ਹੌਲਦਾਰ ਕੁਲਦੀਪ ਸਿੰਘ ਦੇ ਹੱਥ ਸੋਮਵਾਰ ਨੂੰ ਸਿਪਾਹੀ ਹਰਜਿੰਦਰ ਸਿੰਘ ਦੇ ਮੋਬਾਈਲ ਤੋਂ ਇੱਕ ਆਡੀਓ ਮਿਲੀ। ਇਸਨੂੰ ਲੈ ਕੇ ਉਹ ਸੀਨੀਅਰ ਅਫਸਰ ਨੂੰ ਮਿਲੇ। ਐੱਸਐੱਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੇ ਆਦੇਸ਼ ਦਿੰਦੇ ਹੋਏ ਕੇਸ ਦਰਜ ਕਰਵਾਇਆ। 

ਥਾਣਾ ਲਾਂਬੜਾ ਵਿੱਚ ਦਰਜ ਐੱਫਆਈਆਰ ਨੰ. 7 ਵਿੱਚ ਚੌਕੀ ਮੰਡ ਦੇ ਇੰਚਾਰਜ ਦਿਲਬਾਗ ਸਿੰਘ ਤੇ ਉਸਦੇ ਖਾਸ ਸਿਪਾਹੀ ਹਰਜਿੰਦਰ ਸਿੰਘ ਵਿਚਕਾਰ ਹੋਈ ਗੱਲਬਾਤ ਨੂੰ ਆਧਾਰ ਬਣਾ ਕੇ ਕੇਸ ਬਣਾਇਆ ਗਿਆ ਹੈ।

ਆਡੀਓ ਵਿੱਚ ਚੌਕੀ ਇੰਚਾਰਜ ਦਿਲਬਾਗ ਸਿੰਘ ਆਪਣੇ ਖਾਸ ਸਿਪਾਹੀ ਹਰਜਿੰਦਰ ਸਿੰਘ ਨੂੰ ਫੋਨ 'ਤੇ ਕਹਿੰਦਾ ਹੈ-ਮੇਰਾ ਲੱਡੂ ਕਿਤਰਾਂ। ਅੱਗੇ ਸਿਪਾਹੀ ਕਹਿੰਦਾ ਹੈ-ਏਥੇ ਆਏ ਆਂ ਚੈਂਪੀਅਨਸ਼ਿਪ ਕਰਾ ਰਹੇ ਆਂ। ਚੌਕੀ ਇੰਚਾਰਜ ਅੱਗੇ ਕਹਿੰਦਾ ਹੈ-#%#*# (ਜਾਤੀਸੂਚਕ ਸ਼ਬਦ)। ਸਿਪਾਹੀ ਕਹਿੰਦਾ ਹੈ-ਉਹ ਚੌਕੀ ਆ, ਉਹ ਤੇ। ਹਰਪ੍ਰੀਤ, ਮੈਂ ਤੇ ਥਾਣੇਦਾਰ ਸਾਹਬ ਆਏ ਹਾਂ। ਚੌਕੀ ਇੰਚਾਰਜ ਪੁੱਛਦਾ ਹੈ-ਕਿਤਰਾਂ ਰਹੀ ਲੋਹੜੀ। ਸਿਪਾਹੀ ਕਹਿੰਦਾ-ਲੋਹੜੀ ਠੀਕ ਠਾਕ ਰਹੀ ਜੀ£ ਚੋਕੀ ਇੰਚਾਰਜ ਪੁੱਛਦਾ ਹੈ — ਮਿਲਿਆ-ਮੁਲੇਆ ਨਈ ਕੁਝ ਕਿਤੋਂ। 

ਇਸ ਕਲਿੱਪ ਵਿੱਚ ਅੱਗੇ ਚੌਕੀ ਇੰਚਾਰਜ ਤੇ ਸਿਪਾਹੀ ਵਿਚਕਾਰ ਲੋਹੜੀ ਲੈਣ ਬਾਰੇ ਚਰਚਾ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਚੌਕੀ ਇੰਚਾਰਜ ਨੇ ਇਹ ਫੋਨ ਪਟਨਾ (ਬਿਹਾਰ) ਤੋਂ ਕੀਤਾ ਸੀ, ਜਿੱਥੇ ਉਹ ਇੱਕ ਕੇਸ ਦੇ ਸਬੰਧ ਵਿੱਚ ਗਿਆ ਸੀ।

Comments

Leave a Reply