Thu,Aug 22,2019 | 09:25:59am
HEADLINES:

Punjab

ਮਾੜਾ ਸਿਸਟਮ : ਪੰਜਾਬ ਦੇ ਬਾਰਡਰ ਏਰੀਆ ਦੇ 55 ਸਕੂਲਾਂ 'ਚ ਇੱਕ ਵੀ ਟੀਚਰ ਨਹੀਂ

ਮਾੜਾ ਸਿਸਟਮ : ਪੰਜਾਬ ਦੇ ਬਾਰਡਰ ਏਰੀਆ ਦੇ 55 ਸਕੂਲਾਂ 'ਚ ਇੱਕ ਵੀ ਟੀਚਰ ਨਹੀਂ

ਪੰਜਾਬ ਵਿੱਚ ਸਰਕਾਰੀ ਸਿੱਖਿਆ ਵਿਵਸਥਾ ਬਦਹਾਲੀ ਦੀ ਸ਼ਿਕਾਰ ਹੈ। ਹਾਲਾਤ ਇਹ ਹਨ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਲਈ ਆਉਣ ਵਾਲੇ ਬੱਚਿਆਂ ਨੂੰ ਪੜ੍ਹਾਉਣ ਲਈ ਟੀਚਰ ਵੀ ਨਹੀਂ ਹਨ। ਸੈਂਕੜੇ ਸਕੂਲ ਅਜਿਹੇ ਹਨ, ਜਿੱਥੇ ਸਿਰਫ 1 ਟੀਚਰ ਹੈ। ਜੇਕਰ ਉਹ ਟੀਚਰ ਕਿਸੇ ਕਾਰਨ ਛੁੱਟੀ ਕਰ ਜਾਂਦਾ ਹੈ ਤਾਂ ਸਕੂਲ ਵਿੱਚ ਸਾਰਾ ਦਿਨ ਬੱਚੇ ਖਾਲੀ ਸਮਾਂ ਬਿਤਾ ਕੇ ਘਰ ਮੁੜ ਜਾਂਦੇ ਹਨ।
 
'ਦ ਟ੍ਰਿਬਿਊਨ' ਦੀ ਇੱਕ ਖਬਰ ਮੁਤਾਬਕ, ਸੂਬੇ ਦੇ ਬਾਰਡਰ ਜ਼ਿਲ੍ਹਿਆਂ ਦੇ 55 ਸਕੂਲਾਂ ਵਿੱਚ ਇੱਕ ਵੀ ਟੀਚਰ ਨਹੀਂ ਹੈ। ਦੂਜੇ ਪਾਸੇ ਬਾਰਡਰ ਏਰੀਆ ਦੇ ਹੀ 155 ਪ੍ਰਾਈਮਰੀ ਤੇ ਮਿਡਲ ਸਕੂਲਾਂ ਵਿੱਚ ਸਿਰਫ 1 ਟੀਚਰ ਹੈ। ਸੂਬੇ ਦੇ 1000 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਵੀ ਅਜਿਹੇ ਹਾਲਾਤ ਹੀ ਹਨ। ਮਤਲਬ, ਉਨ੍ਹਾਂ ਵਿੱਚ ਸਿਰਫ 1 ਟੀਚਰ ਤੈਨਾਤ ਹੈ। ਜੇਕਰ ਉਹ ਟੀਚਰ ਕਿਸੇ ਵਜ੍ਹਾ ਕਰਕੇ ਛੁੱਟੀ ਕਰ ਜਾਂਦਾ ਹੈ ਤਾਂ ਉਨ੍ਹਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਾਲਾ ਕੋਈ ਨਹੀਂ ਹੁੰਦਾ।
 
ਖਬਰ ਮੁਤਾਬਕ, ਬਾਰਡਰ ਏਰੀਆ ਨਾਲ ਲਗਦੇ ਤਰਨਤਾਰਨ ਦੇ 16, ਅੰਮ੍ਰਿਤਸਰ ਦੇ 15, ਫਿਰੋਜ਼ਪੁਰ ਦੇ 11, ਗੁਰਦਾਸਪੁਰ ਦੇ 11, ਫਾਜ਼ਿਲਕਾ ਦੇ 1 ਅਤੇ ਪਠਾਨਕੋਟ ਦੇ 1 ਸਰਕਾਰੀ ਸਕੂਲ ਵਿੱਚ ਕੋਈ ਸਟਾਫ ਨਹੀਂ ਹੈ। ਤਰਨਤਾਰਨ ਦਾ ਰਾਮ ਸਿੰਘ ਵਾਲਾ ਮਿਡਲ ਸਕੂਲ ਕਰੀਬ 3 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ, ਕਿਉਂਕਿ ਇੱਥੇ ਕੋਈ ਵੀ ਸਟਾਫ ਨਹੀਂ ਸੀ।
 
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਮਜ਼ਬੂਰੀ ਵਿੱਚ ਬੱਚਿਆਂ ਨੂੰ ਸਰਕਾਰੀ ਹਾਈ ਸਕੂਲ ਟੂਟ ਜਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬੁੱਧਾ ਜਾਣਾ ਪੈਂਦਾ ਹੈ, ਜੋ ਕਿ ਇੱਥੋਂ 5 ਕਿਲੋਮੀਟਰ ਦੀ ਦੂਰੀ 'ਤੇ ਹਨ। ਸਰਕਾਰੀ ਸਿੱਖਿਆ ਬੱਚਿਆਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ।
 
ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਕੂਲਾਂ ਵਿੱਚ ਟੀਚਰ ਹੀ ਨਹੀਂ ਹੋਣਗੇ, ਤਾਂ ਬੱਚੇ ਕਿਵੇਂ ਚੰਗੀ ਸਿੱਖਿਆ ਪ੍ਰਾਪਤ ਕਰਕੇ ਸੁਨਹਿਰੀ ਭਵਿੱਖ ਦੀ ਉਮੀਦ ਕਰ ਸਕਦੇ ਹਨ। ਬੱਚਿਆਂ ਦੀ ਗਿਣਤੀ ਦੇ ਮੁਕਾਬਲੇ ਸਿਰਫ 1 ਟੀਚਰ ਹੋਣਾ ਵੀ ਉਨ੍ਹਾਂ ਨਾਲ ਮਜ਼ਾਕ ਕਰਨ ਦੇ ਬਰਾਬਰ ਹੈ। 
 
ਟੀਚਰਾਂ ਦੀ ਨਿਯੁਕਤੀ ਵਿੱਚ ਅਨਿਯਮਿਤਤਾ ਦੇਖਣ ਨੂੰ ਮਿਲ ਰਹੀ ਹੈ। ਖਬਰ ਮੁਤਾਬਕ, ਸੂਬੇ ਦੇ ਟੀਚਰ ਆਮ ਤੌਰ 'ਤੇ ਬਾਰਡਰ ਏਰੀਆ ਦੇ ਸਕੂਲਾਂ ਵਿੱਚ ਨਿਯੁਕਤੀ ਤੋਂ ਭੱਜਦੇ ਹਨ। ਇਹੀ ਕਾਰਨ ਹੈ ਕਿ ਉਹ ਰਾਜਨੀਤਕ ਦਬਾਅ ਰਾਹੀਂ ਇੱਥੋਂ ਆਪਣੀ ਟ੍ਰਾਂਸਫਰ ਕਰਵਾ ਲੈਂਦੇ ਹਨ। ਹਾਲਾਂਕਿ ਸੂਬੇ ਦੇ ਸਰਕਾਰੀ ਸਕੂਲਾਂ ਦੀ ਕੁੱਲ ਮਿਲਾ ਕੇ ਹਾਲਤ ਦੇਖੀਏ ਤਾਂ ਹਾਲਾਤ ਉਥੇ ਵੀ ਤਸੱਲੀ ਯੋਗ ਨਜ਼ਰ ਨਹੀਂ ਆਉਂਦੇ। 
 
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਸਕੂਲਾਂ ਵਿੱਚ ਟੀਚਰਾਂ ਦੀਆਂ ਨਿਯੁਕਤੀਆਂ ਵਿਦਿਆਥੀਆਂ ਮੁਤਾਬਕ ਕਰ ਦਿੱਤੀਆਂ ਜਾਣਗੀਆਂ। ਸਕੂਲਾਂ ਵਿੱਚ ਟੀਚਰਾਂ ਦੀ ਤੈਨਾਤੀ ਸਬੰਧੀ ਰੀਵਿਊ ਕੀਤਾ ਜਾਵੇਗਾ।
 
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਮ ਤੌਰ 'ਤੇ ਅਨੁਸੂਚਿਤ ਜਾਤੀ ਵਰਗ, ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰੀ ਸਕੂਲਾਂ ਵਿੱਚ ਟੀਚਰਾਂ ਦੀ ਘਾਟ ਅਤੇ ਸਕੂਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਘਾਟ ਦਾ ਸਭ ਤੋਂ ਮਾੜਾ ਅਸਰ ਇਨ੍ਹਾਂ ਵਰਗਾਂ 'ਤੇ ਹੀ ਪੈਂਦਾ ਨਜ਼ਰ ਆ ਰਿਹਾ ਹੈ।

 

Comments

Leave a Reply