Sat,May 30,2020 | 12:30:07am
HEADLINES:

Punjab

ਸ੍ਰੀ ਗੁਰੂ ਰਵਿਦਾਸ ਗੁਰੂ ਘਰ ਮੁੱਦੇ 'ਤੇ ਬਸਪਾ 5 ਸਤੰਬਰ ਨੂੰ ਸੂਬੇ ਭਰ 'ਚ ਕਰੇਗੀ ਪ੍ਰਦਰਸ਼ਨ

ਸ੍ਰੀ ਗੁਰੂ ਰਵਿਦਾਸ ਗੁਰੂ ਘਰ ਮੁੱਦੇ 'ਤੇ ਬਸਪਾ 5 ਸਤੰਬਰ ਨੂੰ ਸੂਬੇ ਭਰ 'ਚ ਕਰੇਗੀ ਪ੍ਰਦਰਸ਼ਨ

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅੱਜ ਸੂਬਾ ਪੱਧਰੀ ਮੀਟਿੰਗ ਪਾਰਟੀ ਦੇ ਜਲੰਧਰ ਦਫਤਰ 'ਚ ਹੋਈ| ਬਸਪਾ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਜਦਕਿ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ| 

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜੇ ਜਾਣ ਅਤੇ ਲੁਧਿਆਣਾ ਦੇ ਜਮਾਲਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜੇ ਜਾਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਖਿਲਾਫ ਬਸਪਾ ਵੱਲੋਂ 5 ਸਤੰਬਰ ਨੂੰ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ|

ਕੇਂਦਰ ਦੀ ਭਾਜਪਾ ਤੇ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਇਹ ਪ੍ਰਦਰਸ਼ਨ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਹੋਣਗੇ| ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ਦੇ ਸਬੰਧ ਵਿੱਚ ਜਿਲ੍ਹਾ ਹੈਡਕੁਆਰਟਰਾਂ 'ਤੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਤੇ ਰਾਜਪਾਲ ਦੇ ਨਾਂ ਮੈਮੋਰੰਡਮ ਵੀ ਦਿੱਤੇ ਜਾਣਗੇ|

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਦੀ ਅੱਜ ਸੂਬੇ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿੱਚ ਪ੍ਰਦਰਸ਼ਨ ਬਾਰੇ ਫੈਸਲਾ ਲਿਆ ਗਿਆ ਹੈ| ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਢਾਹੁਣ ਦੇ ਮਾਮਲੇ ਵਿੱਚ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਤੇ ਕੇਂਦਰ ਦੀਆਂ ਪਿਛਲੀਆਂ ਕਾਂਗਰਸ ਸਰਕਾਰਾਂ ਦੋਵੇਂ ਹੀ ਜ਼ਿੰਮੇਵਾਰ ਹਨ|

ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਜਿੱਠਿਆ ਜਾ ਸਕਦਾ ਸੀ, ਪਰ ਇਸ ਮਾਮਲੇ ਵਿੱਚ ਸੰਜੀਦਗੀ ਨਾ ਵਰਤਦੇ ਹੋਏ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਗੁਰੂ ਘਰ ਨੂੰ ਢਾਹ ਦਿੱਤਾ ਗਿਆ| ਇਸ ਨੂੰ ਲੈ ਕੇ ਦੇਸ਼-ਵਿਦੇਸ਼ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਵਿੱਚ ਭਾਰੀ ਰੋਸ ਹੈ| ਬਸਪਾ ਇਸ ਮੁੱਦੇ 'ਤੇ ਅੰਦੋਲਨ ਕਰਕੇ ਗੁਰੂ ਘਰ ਨੂੰ ਉਸੇ ਸਥਾਨ 'ਤੇ ਮੁੜ ਬਣਾਉਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰੇਗੀ|

ਸ. ਜਸਵੀਰ ਸਿੰਘ ਗੜ੍ਹੀ ਨੇ ਇਹ ਵੀ ਕਿਹਾ ਕਿ ਦਿੱਲੀ ਵਰਗੀ ਘਟਨਾ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਵੀ ਲੁਧਿਆਣਾ ਦੇ ਜਮਾਲਪੁਰ ਵਿਖੇ ਅੰਜਾਮ ਦੇਣ ਜਾ ਰਹੀ ਹੈ | ਇੱਥੇ ਵੀ ਗਲਾਡਾ ਵੱਲੋਂ ਗੁਰੂ ਘਰ ਢਾਹੁਣ ਸਬੰਧੀ ਨੋਟਿਸ ਦਿੱਤੇ ਗਏ ਹਨ| ਬਸਪਾ ਕਿਸੇ ਵੀ ਕੀਮਤ 'ਤੇ ਕਾਂਗਰਸ ਸਰਕਾਰ ਨੂੰ ਇਹ ਗੁਰੂ ਘਰ ਢਾਹੁਣ ਨਹੀਂ ਦੇਵੇਗੀ|

ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ 'ਤੇ ਕੰਮ ਕਰਨ ਲਈ ਬਸਪਾ ਨੇ 11 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਹੈ| ਸ. ਗੜ੍ਹੀ ਨੇ ਪਾਰਟੀ ਦੇ ਸਾਰੇ ਵਰਕਰਾਂ ਨੂੰ 5 ਸਤੰਬਰ ਦੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਕਰਨ ਲਈ ਕਿਹਾ| ਇਸ ਮੌਕੇ 'ਤੇ ਬਸਪਾ ਦੇ ਸੂਬਾ ਉਪਪ੍ਰਧਾਨ ਹਰਜੀਤ ਸਿੰਘ ਲੌਾਗੀਆ, ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ, ਡਾ. ਨਛੱਤਰ ਪਾਲ, ਬਲਵਿੰਦਰ ਕੁਮਾਰ, ਕੁਲਦੀਪ ਸਰਦੂਲਗੜ, ਡਾ. ਮੱਖਣ ਸਿੰਘ, ਬਲਦੇਵ ਸਿੰਘ ਮਹਿਰਾ ਆਦਿ ਵੀ ਮੌਜੂਦ ਸਨ|

Comments

Leave a Reply