Tue,Oct 20,2020 | 03:35:32am
HEADLINES:

Punjab

ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ 'ਤੇ ਪੰਜਾਬ ਭਰ 'ਚ ਅੰਦੋਲਨ ਕਰੇਗੀ ਬਸਪਾ

ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ 'ਤੇ ਪੰਜਾਬ ਭਰ 'ਚ ਅੰਦੋਲਨ ਕਰੇਗੀ ਬਸਪਾ

ਬਹੁਜਨ ਸਮਾਜ ਪਾਰਟੀ (ਬਸਪਾ) ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ 'ਤੇ ਪੰਜਾਬ ਭਰ 'ਚ ਅੰਦੋਲਨ ਕਰਨ ਜਾ ਰਹੀ ਹੈ। ਇਹ ਫੈਸਲਾ ਬੀਤੇ ਦਿਨੀਂ ਜਲੰਧਰ 'ਚ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਇਸ ਮੌਕੇ ਬਸਪਾ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਘਪਲੇ ਅਤੇ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਨਾ ਮਿਲਣ ਦੇ ਮੁੱਦੇ 'ਤੇ ਕਾਂਗਰਸ ਸਰਕਾਰ ਨੂੰ ਘੇਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸੂਬੇ ਦੇ ਦਲਿਤ, ਪੱਛੜੇ, ਘੱਟ ਗਿਣਤੀਆਂ ਤੇ ਆਮ ਪਰਿਵਾਰਾਂ ਦੇ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਵਿਦਿਆਰਥੀਆਂ ਦੇ ਹੱਕ 'ਚ ਬਸਪਾ ਲਗਾਤਾਰ ਆਵਾਜ਼ ਬੁਲੰਦ ਕਰਦੀ ਰਹੀ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਾਲ-ਨਾਲ ਲੋਕਹਿੱਤ ਦੇ ਹੋਰ ਮੁੱਦਿਆਂ ਨੂੰ ਲੈ ਕੇ ਬਸਪਾ ਸੂਬੇ ਭਰ 'ਚ ਪ੍ਰਦਰਸ਼ਨ ਕਰਨ ਜਾ ਰਹੀ ਹੈ।

ਬਸਪਾ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਸਸਤੀ ਸਿੱਖਿਆ, ਸਰਕਾਰੀ ਭ੍ਰਿਸਟਾਚਾਰ ਤੇ ਘਪਲੇ, ਗਰੀਬ ਕਿਸਾਨਾਂ ਦਾ ਮੁੱਦਾ, ਫਸਲਾਂ ਦੇ ਐੱਮਐੱਸਪੀ, ਮਹਿੰਗੀ ਬਿਜਲੀ, ਕਾਂਗਰਸ ਦੇ ਮੈਨੀਫੈਸਟੋ ਦੇ ਝੂਠੇ ਵਾਅਦੇ ਆਦਿ ਇਹ ਸਾਰੇ ਮੁੱਦੇ ਲੈ ਕੇ ਬਸਪਾ ਸੜਕਾਂ 'ਤੇ ਉੱਤਰੇਗੀ। ਪੰਜਾਬ ਨੂੰ ਬਚਾਉਣ ਲਈ ਬਸਪਾ ਹਰ ਕਦਮ ਅੱਗੇ ਰੱਖੇਗੀ।

ਬਸਪਾ ਪੰਜਾਬ ਵੱਲੋਂ ਲੋਕ ਮੁੱਦਿਆਂ ਨੂੰ ਲੈ ਕੇ 14 ਸਤੰਬਰ ਨੂੰ ਫਗਵਾੜਾ, 18 ਸਤੰਬਰ ਹੁਸ਼ਿਆਰਪੁਰ, 21 ਸਤੰਬਰ ਅੰਮ੍ਰਿਤਸਰ, 24 ਸਤੰਬਰ ਨੂੰ ਪੂਨਾ ਪੈਕਟ ਮੌਕੇ 117 ਵਿਧਾਨ ਸਭਾਵਾਂ 'ਚ ਕਾਂਗਰਸ ਦਾ ਧਿੱਕਾਰ ਦਿਵਸ, 28 ਸਤੰਬਰ ਬਠਿੰਡਾ, 29 ਸਤੰਬਰ ਪਟਿਆਲਾ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ।

ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ 24 ਸਤੰਬਰ 1932 ਨੂੰ ਹੋਏ ਪੂਨਾ ਸਮਝੌਤੇ ਨੂੰ ਲੈ ਕੇ ਇਸ ਦਿਨ ਪੰਜਾਬ ਦੇ ਸਾਰੇ 117 ਵਿਧਾਨਸਭਾ ਹਲਕਿਆਂ 'ਚ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਪੂਨਾ ਪੈਕਟ ਦਾ ਧਿੱਕਾਰ ਦਿਵਸ ਕਾਂਗਰਸ ਦੇ ਧਿੱਕਾਰ ਦਿਵਸ ਦੇ ਰੂਪ 'ਚ ਰੋਸ ਮੁਜਾਹਰੇ ਕਰਕੇ ਮਨਾਇਆ ਜਾਵੇਗਾ।।

ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਹੋਏ ਘਪਲੇ 'ਚ ਕਾਂਗਰਸ ਵੱਲੋਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਉੱਪਰ ਕੋਈ ਕਾਰਵਾਈ ਨਾ ਕਰਨ ਨਾਲ ਕਾਂਗਰਸ ਦਾ ਦਲਿਤ-ਪੱਛੜੇ ਵਰਗਾਂ ਅਤੇ ਘੱਟ ਗਿਣਤੀਆਂ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਸਪਾ 2022 'ਚ ਮਜ਼ਬੂਤ ਤੀਜਾ ਬਦਲ ਦੇਣ ਦੇ ਉਦੇਸ਼ ਵੱਲ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਪੰਜਾਬ ਦੀ ਰਾਜਨੀਤੀ ਦਾ ਕੇਂਦਰੀ ਧੁਰਾ ਬਣਕੇ ਉਭਰੇਗੀ।

ਇਸ ਮੌਕੇ ਬਸਪਾ ਸੂਬਾ ਉਪਪ੍ਰਧਾਨ ਹਰਜੀਤ ਸਿੰਘ ਲੌਂਗੀਆ, ਡਾਕਟਰ ਨਛੱਤਰ ਪਾਲ, ਬਲਵਿੰਦਰ ਕੁਮਾਰ, ਬਲਦੇਵ ਸਿੰਘ ਮਹਿਰਾ, ਅਜੀਤ ਸਿੰਘ ਭੈਣੀ, ਰਮੇਸ਼ ਕੌਲ ਫਗਵਾੜਾ, ਰਾਜਾ ਰਜਿੰਦਰ ਸਿੰਘ ਨਨ੍ਹੇਰੀਆਂ, ਕੁਲਦੀਪ ਸਿੰਘ ਸਰਦੂਲਗੜ, ਮਨਜੀਤ ਸਿੰਘ ਅਟਵਾਲ, ਸ਼ਵਿੰਦਰ ਸਿੰਘ ਛੱਜਲਵੱਡੀ, ਸੁਖਬੀਰ ਸਲਾਰਪੁਰ, ਸੰਤ ਰਾਮ ਮੱਲੀਆਂ, ਲਾਲ ਸਿੰਘ ਸੁਲਹਾਣੀ, ਪਰਮਜੀਤ ਮੱਲ ਆਦਿ ਬਸਪਾ ਆਗੂ ਵੀ ਹਾਜ਼ਰ ਸਨ।

Comments

Leave a Reply