Sat,May 25,2019 | 01:19:11pm
HEADLINES:

Punjab

'ਦੋ ਦਿਨਾਂ 'ਚ ਮਾਫੀ ਮੰਗੇ ਸਿਮਰਨਜੀਤ ਸਿੰਘ ਮਾਨ, ਨਹੀਂ ਤਾਂ ਬਸਪਾ ਸਬਕ ਸਿਖਾਵੇਗੀ'

'ਦੋ ਦਿਨਾਂ 'ਚ ਮਾਫੀ ਮੰਗੇ ਸਿਮਰਨਜੀਤ ਸਿੰਘ ਮਾਨ, ਨਹੀਂ ਤਾਂ ਬਸਪਾ ਸਬਕ ਸਿਖਾਵੇਗੀ'

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪੰਜਾਬ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਸ ਵਲੋਂ ਭੈਣ ਕੁਮਾਰੀ ਮਾਇਆਵਤੀ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਤੇ ਮਾਫੀ ਮੰਗਣ ਦਾ ਦੋ ਦਿਨ ਦਾ ਸਮਾਂ ਦਿੱਤਾ ਹੈ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਸਿਮਰਨਜੀਤ ਸਿੰਘ ਮਾਨ ਦੋ ਦਿਨਾਂ ਵਿੱਚ ਜਨਤੱਕ ਤੌਰ ਤੇ ਮਾਫੀ ਨਹੀਂ ਮੰਗਦਾ ਤਾਂ ਫਿਰ ਬਸਪਾ  ਉਸਨੂੰ ਸਬਕ ਸਿਖਾਉਣ ਦੇ ਲਈ 7 ਜੂਨ ਨੂੰ ਅਗਲਾ ਪ੍ਰੋਗਰਾਮ ਐਲਾਨੇਗੀ। 

ਬਸਪਾ ਸੂਬਾ ਪ੍ਰਧਾਨ ਨੇ ਜਲੰਧਰ ਵਿਖੇ ਪਾਰਟੀ ਦੇ ਸੂਬਾ ਦਫਤਰ 'ਚ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਕਿ 1 ਜੂਨ ਨੂੰ ਬਰਗਾੜੀ ਕਾਂਡ ਦੇ ਸਬੰਧ ਵਿੱਚ ਹੋਏ ਸਮਾਗਮ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਬਸਪਾ ਮੁਖੀ ਖਿਲਾਫ ਬਹੁਤ ਹੀ ਅਪਮਾਨਜਨਕ ਟਿੱਪਣੀ ਕੀਤੀ। 

ਇਸਨੂੰ ਲੈ ਕੇ ਬਸਪਾ ਵਰਕਰਾਂ ਵਿੱਚ ਕਾਫੀ ਗੁੱਸਾ ਹੈ ਤੇ ਉਹ ਮਾਨ ਨੂੰ ਉਸਦੀ ਬਦਜੁਬਾਨੀ ਦੇ ਲਈ ਸਬਕ ਸਿਖਾਉਣ ਦੇ ਲਈ ਵੀ ਤਿਆਰ ਬੈਠੇ ਹਨ, ਪਰ ਬਸਪਾ ਵਲੋਂ ਫਿਲਹਾਲ ਮਾਨ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣੀ ਟਿੱਪਣੀ ਦੇ ਲਈ ਜਨਤਕ ਤੌਰ 'ਤੇ ਮਾਫੀ ਮੰਗੇ। ਜੇਕਰ ਮਾਨ ਦੋ ਦਿਨਾਂ ਵਿੱਚ ਅਜਿਹਾ ਨਹੀਂ ਕਰਦਾ ਤਾਂ ਬਸਪਾ ਵਲੋਂ ਇਸ ਸਬੰਧ ਵਿੱਚ ਇੱਕ ਹੰਗਾਮੀ ਸੂਬਾ ਪੱਧਰੀ ਮੀਟਿੰਗ 7 ਜੂਨ ਨੂੰ ਪਾਰਟੀ ਦੇ ਸੂਬਾ ਦਫਤਰ ਜਲੰਧਰ ਵਿਖੇ ਰੱਖੀ ਗਈ ਹੈ। 

ਇਸ ਵਿੱਚ ਮਾਨ ਨੂੰ ਉਸਦੀ ਬਦਜੁਬਾਨੀ ਦੇ ਲਈ ਸਬਕ ਸਿਖਾਉਣ ਦੇ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਮਾਨ ਨੇ ਇੱਕ ਔਰਤ ਤੇ ਬਸਪਾ ਮੁਖੀ ਖਿਲਾਫ ਅਜਿਹੀ ਟਿੱਪਣੀ ਕਰਕੇ ਆਪਣੇ ਬੇਹੱਦ ਘਟੀਆਪਨ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਮਝਦਾਰ ਵਿਅਕਤੀ ਕਿਸੇ ਵੀ ਸਟੇਜ ਤੋਂ ਕਿਸੇ ਵੀ ਔਰਤ ਖਿਲਾਫ ਅਜਿਹੀ ਟਿੱਪਣੀ ਕਰਨ ਦੀ ਸੋਚ ਵੀ ਨਹੀਂ ਸਕਦਾ, ਪਰ ਮਾਨ ਨੇ ਬਰਗਾੜੀ ਕਾਂਡ ਦੇ ਸਬੰਧ ਵਿਚ ਰੱਖੇ ਸਮਾਗਮ ਵਿਚ ਭੈਣ ਜੀ ਖਿਲਾਫ ਟਿੱਪਣੀ ਕਰਕੇ ਇਹ ਸਾਬਿਤ ਕੀਤਾ ਹੈ ਕਿ ਉਹ ਮਾਨਸਿਕ ਪੱਖੋਂ ਬਿਲਕੁਲ ਹੀ ਕੰਗਾਲ ਹੈ। 

ਸ੍ਰੀ ਰਾਜੂ ਨੇ ਕਿਹਾ ਕਿ ਬਸਪਾ ਆਪਣੀ ਮੁਖੀ ਦੇ ਖਿਲਾਫ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੀ ਤੇ ਇਸਦੇ ਲਈ ਮਾਨ ਨੂੰ ਸਬਕ ਸਿਖਾਏਗੀ, ਤਾਂਕਿ ਉਸਦੀ ਮਾਨਸਿਕ ਕੰਗਾਲੀ ਕੁਝ ਦਰੁਸਤ ਹੋ ਸਕੇ ਤੇ ਉਹ ਭਵਿੱਖ ਕਿਸੇ ਵੀ ਔਰਤ ਖਿਲਾਫ ਅਜਿਹੀ ਟਿੱਪਣੀ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕੇ। 

ਇਸ ਮੌਕੇ ਤੇ ਬਸਪਾ ਸੂਬਾ ਸਕੱਤਰ ਰਚਨਾ ਦੇਵੀ, ਜਲੰਧਰ ਜੋਨ ਇੰਚਾਰਜ ਬਲਵਿੰਦਰ ਕੁਮਾਰ, ਪ੍ਰਵੀਨ ਬੰਗਾ, ਰਮੇਸ਼ ਕੌਲ, ਜਲੰਧਰ ਸ਼ਹਿਰੀ ਇੰਚਾਰਜ ਸਤਪਾਲ ਪਾਲਾ ਤੇ ਬਿੰਦਰ ਲਾਖਾ, ਪੀਡੀ ਸ਼ਾਂਤ, ਜਲੰਧਰ ਦੇਹਾਤੀ ਪ੍ਰਧਾਨ ਜਗਦੀਸ਼ ਰਾਣਾ, ਜਲੰਧਰ ਸ਼ਹਿਰੀ ਪ੍ਰਧਾਨ ਕੁਲਦੀਪ ਬੰਗੜ ਆਦਿ ਵੀ ਮੌਜੂਦ ਸਨ।

Comments

Leave a Reply