Tue,Aug 11,2020 | 12:55:57pm
HEADLINES:

Punjab

ਬਸਪਾ ਆਵਾਜ਼ ਨਾ ਚੁੱਕਦੀ ਤਾਂ ਦੱਬਿਆ ਰਹਿ ਜਾਣਾ ਸੀ ਜਗਮੇਲ ਹੱਤਿਆਕਾਂਡ!

ਬਸਪਾ ਆਵਾਜ਼ ਨਾ ਚੁੱਕਦੀ ਤਾਂ ਦੱਬਿਆ ਰਹਿ ਜਾਣਾ ਸੀ ਜਗਮੇਲ ਹੱਤਿਆਕਾਂਡ!

ਸੰਗਰੂਰ ਦੇ ਚੰਗਾਲੀਵਾਲਾ ਪਿੰਡ ਵਿੱਚ ਦਲਿਤ ਮਜਦੂਰ ਜਗਮੇਲ ਸਿੰਘ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਇਸ ਸਮੇਂ ਪੰਜਾਬ ਦਾ ਮਾਹੌਲ ਭਖਿਆ ਹੋਇਆ ਹੈ। ਜਿਹੜੇ ਨੇਤਾ ਇਸ ਘਟਨਾ ਦੇ ਇੱਕ ਹਫਤਾ ਬੀਤਣ ਦੇ ਬਾਅਦ ਵੀ ਕੁਝ ਨਹੀਂ ਬੋਲੇ, ਮਾਮਲਾ ਭਖਣ ਤੋਂ ਬਾਅਦ ਸਿਆਸੀ ਲਾਹਾ ਲੈਣ ਲਈ ਉਹ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪਹੁੰਚ ਰਹੇ ਹਨ। ਹਾਲਾਂਕਿ ਮਾਮਲਾ ਭਖਣ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਛੱਡ ਕੇ ਕੋਈ ਵੀ ਰਾਜਨੀਤਕ ਪਾਰਟੀ ਇਸ ਮੁੱਦੇ 'ਤੇ ਸੰਘਰਸ਼ ਕਰਦੀ ਨਜ਼ਰ ਨਹੀਂ ਆਈ।

ਸਮਾਜਿਕ ਤੌਰ 'ਤੇ ਹਾਸ਼ੀਏ 'ਤੇ ਰੱਖੇ ਗਏ ਸਮਾਜ ਨਾਲ ਸਬੰਧਤ ਜਗਮੇਲ ਸਿੰਘ ਦੇ ਮਾਮਲੇ ਵਿੱਚ ਰਾਜਨੀਤਕ ਪੱਖ ਧਿਆਨ ਦੇਣ ਯੋਗ ਹੈ। ਜਗਮੇਲ ਸਿੰਘ ਜਿਸ ਚੰਗਾਲੀਵਾਲਾ ਦਾ ਰਹਿਣ ਵਾਲਾ ਸੀ, ਉਹ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਰਜਿੰਦਰ ਕੌਰ ਭੱਠਲ ਦੇ ਸਹੁਰੇ ਪਰਿਵਾਰ ਦਾ ਪਿੰਡ ਹੈ। ਜਗਮੇਲ ਸਿੰਘ 'ਤੇ ਤਸ਼ੱਦਦ ਕਰਨ ਵਾਲੇ ਵੀ ਕਾਂਗਰਸ ਨਾਲ ਹੀ ਸਬੰਧਤ ਦੱਸੇ ਜਾ ਰਹੇ ਹਨ।

ਜਗਮੇਲ ਮਾਮਲੇ ਵਿੱਚ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਤੋਂ ਬਾਅਦ ਬੀਬੀ ਰਜਿੰਦਰ ਕੌਰ ਭੱਠਲ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਹਨ। ਹਾਲਾਂਕਿ 7 ਨਵੰਬਰ ਨੂੰ ਘਟਨਾ ਹੋਣ ਤੋਂ ਲੈ ਕੇ ਕਰੀਬ 10 ਦਿਨਾਂ ਤੱਕ ਉਹ ਇਸ ਮਾਮਲੇ 'ਤੇ ਚੁੱਪ ਕਿਉਂ ਰਹੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਵਾਈ, ਇਸ ਬਾਰੇ ਉਨ੍ਹਾਂ ਨੇ ਅਜੇ ਕੋਈ ਸਥਿਤੀ ਸਾਫ ਨਹੀਂ ਕੀਤੀ ਹੈ।

ਇੱਕ ਹੋਰ ਰਾਜਨੀਤਕ ਪੱਖ ਇਹ ਹੈ ਕਿ ਪਿੰਡ ਚੰਗਾਲੀਵਾਲਾ ਸੰਗਰੂਰ ਲੋਕਸਭਾ ਹਲਕੇ ਤਹਿਤ ਆਉਂਦਾ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਭਗਵੰਤ ਮਾਨ ਲਗਾਤਾਰ ਦੂਜੀ ਵਾਰ ਸਾਂਸਦ ਚੁਣੇ ਗਏ ਹਨ। ਇਹ ਵਿਚਾਰ ਕਰਨ ਯੋਗ ਹੈ ਕਿ ਜਗਮੇਲ ਸਿੰਘ ਖਿਲਾਫ ਤਸ਼ੱਦਦ ਦੀ ਘਟਨਾ 7 ਨਵੰਬਰ ਨੂੰ ਹੋਈ, ਪਰ ਇਸ ਲੋਕਸਭਾ ਹਲਕੇ ਦੇ ਸਾਂਸਦ ਭਗਵੰਤ ਮਾਨ 10 ਦਿਨ ਬੀਤ ਜਾਣ ਦੇ ਬਾਅਦ ਵੀ ਇਸ ਮੁੱਦੇ 'ਤੇ ਕੁਝ ਨਹੀਂ ਬੋਲੇ। 17 ਨਵੰਬਰ ਨੂੰ 10.33 ਵਜੇ ਜਾ ਕੇ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਘਟਨਾ ਦੀ ਉਦੋਂ ਨਿਖੇਧੀ ਕੀਤੀ, ਜਦੋਂ ਇਹ ਮਾਮਲਾ ਪੂਰੇ ਪੰਜਾਬ ਵਿੱਚ ਭਖ ਚੁੱਕਾ ਸੀ ਤੇ ਮੀਡੀਆ ਦੀਆਂ ਸੁਰਖੀਆਂ ਬਣ ਚੁੱਕਾ ਸੀ।

ਹਾਲਾਂਕਿ ਹੁਣ ਜਾ ਕੇ ਭਗਵੰਤ ਮਾਣ ਇਸ ਮਾਮਲੇ ਨੂੰ ਸੰਸਦ ਵਿੱਚ ਚੁੱਕਣ ਦੀ ਗੱਲ ਕਰ ਰਹੇ ਹਨ, ਪਰ ਉਨ੍ਹਾਂ 'ਤੇ ਇਹ ਸਵਾਲ ਪਿਛਲੇ ਕਈ ਸਾਲਾਂ ਤੋਂ ਉਠਦੇ ਆ ਰਹੇ ਹਨ ਕਿ ਆਪਣੇ ਲੋਕਸਭਾ ਹਲਕੇ ਵਿੱਚ ਪ੍ਰਭਾਵਸ਼ਾਲੀ ਵਰਗ ਦੇ ਲੋਕਾਂ ਵੱਲੋਂ ਦਲਿਤਾਂ 'ਤੇ ਕੀਤੇ ਜਾਣ ਵਾਲੇ ਅੱਤਿਆਚਾਰਾਂ ਦੇ ਮਾਮਲੇ ਵਿੱਚ ਉਹ ਜ਼ਿਆਦਾਤਰ ਚੁੱਪ ਕਿਉਂ ਰਹਿੰਦੇ ਹਨ?

ਇਸ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਦੀ ਵੀ ਸਰਗਰਮ ਭੂਮਿਕਾ ਦਿਖਾਈ ਨਹੀਂ ਦਿੱਤੀ। ਘਟਨਾ ਦੇ 10 ਦਿਨਾਂ ਬਾਅਦ ਮਾਮਲਾ ਭਖਣ 'ਤੇ 17 ਨਵੰਬਰ ਨੂੰ ਜਾ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਮੀਡੀਆ ਵਿੱਚ ਆਇਆ, ਜਿਸ ਵਿੱਚ ਉਨ੍ਹਾਂ ਨੇ ਘਟਨਾ ਦੀ ਨਿਖੇਧੀ ਕੀਤੀ।

ਜਗਮੇਲ ਸਿੰਘ 'ਤੇ ਹੋਈ ਤਸ਼ੱਦਦ ਦੇ ਮਾਮਲੇ ਵਿੱਚ ਇਨ੍ਹਾਂ ਪਾਰਟੀਆਂ ਤੋਂ ਅਲੱਗ ਬਸਪਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਜਗਮੇਲ ਸਿੰਘ 'ਤੇ ਤਸ਼ੱਦਦ ਦੀ ਘਟਨਾ 7 ਨਵੰਬਰ ਨੂੰ ਹੋਈ। ਬਸਪਾ ਸੂਬਾ ਜਨਰਲ ਸਕੱਤਰ ਡਾ. ਮੱਖਣ ਸਿੰਘ ਕਹਿੰਦੇ ਹਨ ਕਿ ਪਾਰਟੀ ਦੇ ਇੱਕ ਵਰਕਰ ਰਾਹੀਂ ਉਨ੍ਹਾਂ ਨੂੰ 11 ਨਵੰਬਰ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਤਹਿਤ ਤੁਰੰਤ ਬਸਪਾ ਦੀ ਇੱਕ ਟੀਮ ਸਿਵਲ ਹਸਪਤਾਲ ਸੰਗਰੂਰ ਪਹੁੰਚੀ।

ਡਾ. ਮੱਖਣ ਸਿੰਘ ਕਹਿੰਦੇ ਹਨ, ''ਸਿਵਲ ਹਸਪਤਾਲ ਵਿੱਚ ਜਗਮੇਲ ਸਿੰਘ ਦੀ ਹਾਲਤ ਦੇਖ ਕੇ ਇਕ ਵਾਰ ਤਾਂ ਮੇਰੀ ਵੀ ਧਾਹ ਨਿਕਲ ਗਈ। ਅਸੀਂ ਤੁਰੰਤ ਹਸਪਤਾਲ਼ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਤੇ ਉਸੇ ਦਿਨ ਸ਼ਾਮ ਨੂੰ 6 ਵਜੇ ਗੰਭੀਰ ਹਾਲਤ ਕਰਕੇ ਜਗਮੇਲ ਨੂੰ ਪਟਿਆਲੇ ਭੇਜਿਆ ਗਿਆ, ਜਿੱਥੋਂ ਇਲਾਜ ਲਈ ਉਸਨੂੰ ਚੰਡੀਗੜ ਪੀਜੀਆਈ ਰੈਫਰ ਕਰ ਦਿੱਤਾ ਗਿਆ।''

ਮਾਮਲੇ ਵਿੱਚ ਕਾਰਵਾਈ ਲਈ 11 ਨਵੰਬਰ ਨੂੰ ਹੀ ਬਸਪਾ ਆਗੂ ਡਾ. ਮੱਖਣ ਸਿੰਘ, ਚਮਕੌਰ ਸਿੰਘ, ਦਰਸ਼ਨ ਸਿੰਘ ਝਲੂਰ, ਦਰਸ਼ਨ ਸਿੰਘ ਬਾਜਵਾ ਅਤੇ ਹੋਰ ਸਾਥੀ ਲਹਿਰਾ ਥਾਣੇ ਪਹੁੰਚੇ। ਬਸਪਾ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ 13 ਨਵੰਬਰ ਨੂੰ ਪੁਲਸ ਨੇ ਮਾਮਲਾ ਦਰਜ ਕੀਤਾ ਅਤੇ ਉਸ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ। ਬਸਪਾ ਵੱਲੋਂ ਅਮਰ ਦੜੌਚ ਯੂਐੱਸਏ ਦੇ ਸਹਿਯੋਗ ਨਾਲ ਜਗਮੇਲ ਸਿੰਘ ਦੇ ਇਲਾਜ ਲਈ 25 ਹਜ਼ਾਰ ਦੀ ਰਕਮ ਵੀ ਪੀੜਤ ਪਰਿਵਾਰ ਨੂੰ ਦਿੱਤੀ ਗਈ।

7 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਇਸ ਮਾਮਲੇ ਵਿੱਚ ਬਸਪਾ ਤੋਂ ਇਲਾਵਾ ਕੋਈ ਰਾਜਨੀਤਕ ਪਾਰਟੀ ਫਰੰਟ ਫੁੱਟ 'ਤੇ ਸੰਘਰਸ਼ ਕਰਦੀ ਹੋਈ ਨਜ਼ਰ ਨਹੀਂ ਆਈ। 16 ਨਵੰਬਰ ਨੂੰ ਤੜਕੇ 4 ਵਜੇ ਜਗਮੇਲ ਸਿੰਘ ਦੀ ਪੀਜੀਆਈ ਚੰਡੀਗੜ ਵਿੱਚ ਮੌਤ ਹੋਣ 'ਤੇ ਪੰਜਾਬ ਵਿੱਚ ਲੋਕਾਂ 'ਚ ਰੋਸ ਫੈਲਿਆ, ਜਿਸ ਤੋਂ ਬਾਅਦ ਜਾ ਕੇ ਕਈ ਰਾਜਨੀਤਕ ਪਾਰਟੀਆਂ ਦੇ ਆਗੂ ਪਰਦੇ ਸਾਹਮਣੇ ਨਜ਼ਰ ਆਉਣ ਲੱਗੇ। ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਬਸਪਾ ਇਸ ਮੁੱਦੇ 'ਤੇ ਸ਼ੁਰੂਆਤੀ ਤੌਰ 'ਤੇ ਸੰਘਰਸ਼ ਨਾ ਕਰਦੀ ਤਾਂ ਸ਼ਾਇਦ ਇਹ ਮਾਮਲਾ ਹਾਈਲਾਈਟ ਹੀ ਨਾ ਹੁੰਦਾ ਤੇ ਕਈ ਮੁੱਦਿਆਂ ਵਾਂਗ ਦੱਬ ਕੇ ਰਹਿ ਜਾਂਦਾ।

ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਕਹਿੰਦੇ ਹਨ ਕਿ ਪਾਰਟੀ ਇਸ ਮਾਮਲੇ ਵਿੱਚ ਇਨਸਾਫ ਲਈ ਸ਼ੁਰੂ ਤੋਂ ਹੀ ਸੰਘਰਸ਼ਸ਼ੀਲ ਰਹੀ। ਸ. ਗੜ੍ਹੀ ਨੇ ਚੰਡੀਗੜ ਵਿੱਚ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਉਸਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਸਪਾ ਦੇ ਸੰਘਰਸ਼ ਕਰਕੇ ਹੀ 4 ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ। ਪੀੜਤ ਪਰਿਵਾਰ ਨੂੰ ਮਾਮਲੇ ਵਿੱਚ ਇਨਸਾਫ ਮਿਲ ਸਕੇ, ਇਸਦੇ ਲਈ ਬਸਪਾ ਵੱਲੋਂ 5 ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ, ਜੋ ਕਿ ਜਗਮੇਲ ਦੇ ਪਰਿਵਾਰ ਦੀ ਕਾਨੂੰਨੀ ਮਦਦ ਕਰੇਗਾ।

ਸ. ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਆਗੂ ਬੀਬੀ ਰਜਿੰਦਰ ਕੌਰ ਭੱਠਲ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਆਪਣੇ ਸਹੁਰੇ ਪਰਿਵਾਰ ਵਾਲੇ ਪਿੰਡ ਚੰਗਾਲੀਵਾਲਾ ਵਿੱਚ ਜਗਮੇਲ ਮਾਮਲੇ ਵਿੱਚ ਕਾਰਵਾਈ ਲਈ ਭੱਠਲ ਨੇ ਕੋਈ ਕਦਮ ਕਿਉਂ ਨਹੀਂ ਚੁੱਕੇ? ਬੀਬੀ ਭੱਠਲ ਚੁੱਪ ਕਿਉਂ ਰਹੇ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਫੇਲ ਹੋ ਚੁੱਕੀ ਹੈ। ਸਮਾਜਿਕ ਤੇ ਆਰਥਿਕ ਪੱਖੋਂ ਤਕੜੇ ਲੋਕ ਕਮਜ਼ੋਰਾਂ 'ਤੇ ਅੱਤਿਆਚਾਰ ਕਰਨ ਲੱਗੇ ਹੋਏ ਹਨ।

ਕਾਂਗਰਸ ਦੇ ਰਾਜ ਵਿੱਚ ਗੁੰਡਾ ਅਨਸਰਾਂ 'ਤੇ ਨੱਥ ਨਹੀਂ ਪਾਈ ਜਾ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਮਾਰਿਆ ਜਾ ਰਿਹਾ ਹੈ, ਜਦਕਿ ਸਰਕਾਰ ਸੁੱਤੀ ਪਈ ਹੈ। ਸ. ਜਸਵੀਰ ਸਿੰਘ ਗੜ੍ਹੀ ਨੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲਸ ਅਫਸਰਾਂ ਤੇ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਤੁਰੰਤ ਸਸਪੈਂਡ ਕੀਤੇ ਜਾਣ ਦੀ ਵੀ ਮੰਗ ਕੀਤੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਗਮੇਲ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

Comments

Leave a Reply