Tue,Feb 25,2020 | 02:46:30pm
HEADLINES:

Punjab

ਸਿੱਖਾਂ ਖਿਲਾਫ ਯੂਪੀ-ਮੱਧ ਪ੍ਰਦੇਸ਼ 'ਚ ਹੋਈ ਕਾਰਵਾਈ ਦੇ ਵਿਰੋਧ 'ਚ ਬਸਪਾ ਦਾ ਸੂਬੇ ਭਰ 'ਚ ਪ੍ਰਦਰਸ਼ਨ

ਸਿੱਖਾਂ ਖਿਲਾਫ ਯੂਪੀ-ਮੱਧ ਪ੍ਰਦੇਸ਼ 'ਚ ਹੋਈ ਕਾਰਵਾਈ ਦੇ ਵਿਰੋਧ 'ਚ ਬਸਪਾ ਦਾ ਸੂਬੇ ਭਰ 'ਚ ਪ੍ਰਦਰਸ਼ਨ

ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਸਿੱਖਾਂ ਨਾਲ ਕੀਤੀ ਗਈ ਧੱਕੇਸ਼ਾਹੀ ਦੇ ਵਿਰੋਧ ਵਿੱਚ ਅੱਜ ਸ਼ੁੱਕਰਵਾਰ ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਜਿਲ੍ਹਾ ਹੈੱਡਕੁਆਰਟਰਾਂ 'ਤੇ ਰੋਸ ਮੁਜਾਹਰੇ ਕੀਤੇ ਗਏ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਦਿੱਤੇ ਗਏ। ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਹੋਏ ਇਨ੍ਹਾਂ ਪ੍ਰਦਰਸ਼ਨਾਂ ਦਾ ਸੂਬੇ ਭਰ ਵਿੱਚ ਵੱਡਾ ਅਸਰ ਦੇਖਣ ਨੂੰ ਮਿਲਿਆ। ਬਸਪਾ ਆਗੂ ਤੇ ਵਰਕਰ ਪਾਰਟੀ ਦੇ ਝੰਡਿਆਂ ਸਮੇਤ ਵੱਡੀ ਗਿਣਤੀ ਵਿੱਚ ਇਨ੍ਹਾਂ ਪ੍ਰਦਰਸ਼ਨਾਂ 'ਚ ਸ਼ਾਮਲ ਹੋਏ ਅਤੇ ਸਿੱਖਾਂ ਨੂੰ ਨਿਆਂ ਦੇਣ ਦੀ ਮੰਗ ਕੀਤੀ ਗਈ।

ਇਸ ਸਬੰਧ ਵਿੱਚ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਵਿੱਚ ਧਾਰਮਿਕ ਤੌਰ 'ਤੇ ਆਰਟੀਕਲ 25 ਤੋਂ 30 ਤੱਕ ਸਾਰੇ ਧਰਮਾਂ ਦੇ ਸਾਰੇ ਲੋਕਾਂ ਨੂੰ ਸ਼ਾਂਤੀਪੂਰਵਕ ਆਪਣੀਆਂ ਰਸਮਾਂ, ਰਿਵਾਜ਼, ਸੰਸਕ੍ਰਿਤੀ ਤੇ ਧਾਰਮਿਕ ਪ੍ਰੋਗਰਾਮ ਕਰਨ ਦੀ ਪੂਰਨ ਰੂਪ ਵਿੱਚ ਆਜ਼ਾਦੀ ਹੈ, ਜਿਹੜੀ ਕਿ ਮੌਲਿਕ ਅਧਿਕਾਰਾਂ ਆਰਟੀਕਲ 13 ਤੋਂ 24 ਤੱਕ ਦੀ ਉਲੰਘਣਾ ਨਾ ਕਰਦੀ ਹੋਵੇ।

ਪਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਨਾਗਰਿਕਤਾ ਸੋਧ ਬਿੱਲ (ਸੀਏਏ) ਲਿਆ ਕੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਘੱਟ ਗਿਣਤੀ ਅਤੇ ਸੰਵਿਧਾਨ ਦੀ ਮੂਲ ਭਾਵਨਾ ਨਾਲ ਖਿਲਵਾੜ ਕਰਦੇ ਹੋਏ ਕਾਲਾ ਕਾਨੂੰਨ ਪਾਸ ਕੀਤਾ। ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਇਸ ਨਾਗਰਿਕਤਾ ਸੋਧ ਬਿੱਲ ਦਾ ਸਖਤ ਵਿਰੋਧ ਹੀ ਨਹੀਂ ਕੀਤਾ, ਸਗੋਂ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀਦੇ ਨਿਰਦੇਸ਼ਾਂ ਤਹਿਤ ਸੰਸਦੀ ਬੋਰਡ ਨੇ ਰਾਸ਼ਟਰਪਤੀ ਨੂੰ ਸੀਏਏ ਵਾਪਸੀ ਲਈ ਮੈਮੋਰੰਡਮ ਵੀ ਦਿੱਤਾ ਸੀ।

ਮੌਜ਼ੂਦਾ ਹਾਲਾਤ ਵਿੱਚ ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੀਲੀਭੀਤ ਜ਼ਿਲ੍ਹੇ ਵਿੱਚ ਦੇਸ਼ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਧੱਕਾ ਕੀਤਾ ਹੈ। ਸਿੱਖ ਭਾਈਚਾਰੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਕੀਰਤਪੁਰ ਸਾਹਿਬ ਪੀਲੀਭੀਤ ਤੋਂ ਨਗਰ ਕੀਰਤਨ ਸ਼ਾਂਤੀਪੂਰਵਕ ਕੱਢਿਆ ਗਿਆ ਸੀ। ਨਗਰ ਕੀਰਤਨ ਸਿੱਖ ਭਾਈਚਾਰੇ ਦੀ ਅਹਿਮ ਰਸਮ ਹੈ, ਜੋ ਕਿ ਹਰੇਕ ਇਤਿਹਾਸਕ ਦਿਹਾੜੇ 'ਤੇ ਪੂਰੀ ਕੀਤੀ ਜਾਂਦੀ ਹੈ।

ਸਿੱਖ ਭਾਈਚਾਰੇ ਦੇ ਪ੍ਰੇਰਣਾ ਸਰੋਤ ਨਗਰ ਕੀਰਤਨ ਮੌਕੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ 'ਤੇ ਕੋਝਾ ਹਮਲਾ ਕੀਤਾ ਹੈ ਅਤੇ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਤੇ ਮੌਲਿਕ ਅਧਿਕਾਰਾਂ (ਆਰਟੀਕਲ 25-30) ਦਾ ਹਨਨ ਵੀ ਕੀਤਾ ਹੈ।

ਨਗਰ ਕੀਰਤਨ ਮੌਕੇ ਐੱਸਐੱਚਓ ਸੰਜੀਵ ਕੁਮਾਰ ਉਪਾਧਿਆਏ ਨੇ ਕਾਲੀ ਨਗਰ ਸਰਕਲ ਦੇ ਐੱਸਡੀਐੱਮ ਹਰੀ ਓਮ ਸ਼ਰਮਾ ਦੇ ਇਸ਼ਾਰੇ 'ਤੇ ਧਾਰਾ 144 ਦੀ ਉਲੰਘਣਾ ਦੇ ਕੇਸ ਹੇਠ 55 ਸਿੱਖਾਂ 'ਤੇ ਸੈਕਸ਼ਨ ਆਈਪੀਸੀ 188 ਤਹਿਤ ਪਰਚਾ ਦਰਜ ਕੀਤਾ ਅਤੇ ਕੀਰਤਨ ਵਿੱਚ ਸ਼ਾਮਲ ਪੰਥ ਦੇ ਕੇਸਰੀ ਨਿਸ਼ਾਨ ਝੂਲ ਰਹੀ ਗੱਡੀ ਵੀ ਕਬਜ਼ੇ ਵਿੱਚ ਲੈ ਲਈ। 31 ਦਸੰਬਰ ਨੂੰ ਜ਼ਿਲ੍ਹਾ ਐੱਸਪੀ ਰਾਜੀਵ ਦੀਕਸ਼ਤ ਨੇ 55 ਸਿੱਖਾਂ 'ਤੇ ਦਰਜ ਪਰਚੇ ਵਾਪਸ ਲੈਣ ਤੋਂ ਕੋਰਾ ਇਨਕਾਰ ਕਰ ਦਿੱਤਾ।

ਬਹੁਜਨ ਸਮਾਜ ਪਾਰਟੀ ਪੰਜਾਬ, ਭਾਰਤੀ ਜਨਤਾ ਪਾਰਟੀ ਦੀ ਇਸ ਘਿਨੌਣੀ ਕਾਰਵਾਈ ਦੀ ਸਖਤ ਨਿੰਦਾ ਕਰਦੀ ਹੈ ਅਤੇ ਰਾਸ਼ਟਰਪਤੀ ਤੋਂ ਨਿੱਜੀ ਦਖਲਅੰਦਾਜ਼ੀ ਦੀ ਮੰਗ ਕਰਦੀ ਹੈ ਕਿ 55 ਸਿੱਖਾਂ 'ਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ।

ਇਸ ਤੋਂ ਇਲਾਵਾ 30 ਦਸੰਬਰ 2019 ਨੂੰ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਸੇਓਪੁਰ ਜ਼ਿਲ੍ਹੇ ਦੀ ਤਹਿਸੀਲ ਕਰਹਾਲ ਦੇ ਕੁਝ ਪਿੰਡਾਂ 'ਚ ਕਈ ਦਹਾਕਿਆਂ ਤੋਂ ਵਸਦੇ ਸਿੱਖਾਂ ਦੇ ਘਰ ਬੁਲਡੋਜ਼ਰ ਨਾਲ ਢਾਹ ਦਿੱਤੇ। 200 ਏਕੜ ਫਸਲਾਂ ਜੇਸੀਬੀ ਨਾਲ ਉਜਾੜ ਦਿੱਤੀਆਂ। ਸਿੱਖਾਂ ਦੇ ਪਰਿਵਾਰ ਕਹਿਰ ਦੀ ਠੰਡ 'ਚ ਦਿਨ-ਰਾਤ ਨੀਲੇ ਆਸਮਾਨ ਦੇ ਹੇਠਾਂ ਹਨ।

ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ, ਜਿਸਦੇ ਮੁੱਖ ਮੰਤਰੀ ਕਮਲਨਾਥ ਹਨ, ਉਨ੍ਹਾਂ ਦੀ ਸਰਕਾਰ ਦੇ ਪ੍ਰਸ਼ਾਸਨ ਨੇ ਅਜਿਹਾ ਕਾਰਾ ਕੀਤਾ ਹੈ। ਕਮਲਨਾਥ ਉੱਪਰ 1984 ਦੇ ਸਿੱਖ ਕਤਲੇਆਮ ਦਾ ਵੀ ਦੋਸ਼ ਪਿਛਲੇ ਸਮਿਆਂ ਤੋਂ ਲੱਗਦਾ ਆ ਰਿਹਾ ਹੈ। ਅਜਿਹੇ ਹਾਲਾਤ ਵਿੱਚ ਮਾਨਯੋਗ ਰਾਸ਼ਟਰਪਤੀ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ, ਤਾਂਕਿ ਸਿੱਖ ਭਾਈਚਾਰੇ ਨੂੰ ਇਨਸਾਫ ਮਿਲ ਸਕੇ ਅਤੇ ਸਿੱਖ ਭਾਈਚਾਰੇ ਦਾ ਉਜਾੜਾ ਰੁਕ ਸਕੇ।  

ਸ. ਜਸਵੀਰ ਸਿੰਘ ਗੜ੍ਹੀ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਮੋਟਰ ਵਹੀਕਲ ਐਕਟ ਤਹਿਤ ਚਲਾਨ ਜੁਰਮਾਨੇ ਵਿੱਚ ਭਾਰੀ ਵਾਧਾ ਕੀਤਾ ਹੈ। ਇਸ ਐਕਟ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਗਿਆ। ਸੂਬੇ ਵਿੱਚ ਵੱਡੀ ਗਿਣਤੀ ਅਜਿਹੀ ਹੈ, ਜੋ ਕਿ ਗਰੀਬੀ ਤੇ ਆਰਥਿਕ ਤੰਗੀ ਦੀ ਮਾਰ ਝੱਲ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਮੋਟੇ ਜੁਰਮਾਨੇ ਪਾ ਕੇ ਉਨ੍ਹਾਂ ਨੂੰ ਹੋਰ ਆਰਥਿਕ ਮੰਦਹਾਲੀ ਵੱਲ ਧੱਕਿਆ ਜਾ ਰਿਹਾ ਹੈ। ਇਸ ਕਰਕੇ ਚਲਾਨ ਦੀਆਂ ਵਧੀਆਂ ਦਰਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਹਰ ਸਾਲ ਕੀਤੇ ਗਏ ਵਾਧੇ ਨੂੰ ਵੀ ਵਾਪਸ ਲਿਆ ਜਾਵੇ।

ਬਸਪਾ ਵੱਲੋਂ ਸੂਬੇ ਭਰ ਵਿੱਚ ਕੀਤੇ ਗਏ ਪ੍ਰਦਰਸ਼ਨਾਂ ਦੀ ਲੜੀ ਤਹਿਤ ਜਲੰਧਰ 'ਚ ਕੀਤੇ ਗਏ ਰੋਸ ਮੁਜਾਹਰੇ ਵਿੱਚ ਬਸਪਾ ਸੂਬਾ ਸਕੱਤਰ ਤੇ ਜਲੰਧਰ ਲੋਕਸਭਾ ਇੰਚਾਰਜ ਬਲਵਿੰਦਰ ਕੁਮਾਰ, ਬਸਪਾ ਦੇ ਸੀਨੀਅਰ ਆਗੂ ਗੁਰਮੇਲ ਚੁੰਬਰ, ਪੀਡੀ ਸ਼ਾਂਤ, ਪਰਮਜੀਤ ਮੱਲ, ਡਾ. ਸੁਖਬੀਰ ਸਲਾਰਪੁਰ, ਸੁਭਾਸ਼ ਸ਼ਾਹਕੋਟ, ਕੁਲਦੀਪ ਬੰਗੜ, ਵਿਜੈ ਯਾਦਵ, ਮਦਨ ਮੱਦੀ, ਹਰਜਿੰਦਰ ਬਿੱਲਾ ਮਹਿਮਦਪੁਰ, ਸੁਖਵਿੰਦਰ ਬਿੱਟੂ, ਅੰਮ੍ਰਿਤਪਾਲ ਭੌਂਸਲੇ, ਰਾਮ ਸਰੂਪ ਸਰੋਏ, ਸ਼ਾਦੀ ਲਾਲ ਬੱਲਾਂ, ਦੇਵਰਾਜ ਸੁਮਨ, ਰਾਜਕੁਮਾਰ ਭੁੱਟੋ, ਲਲਿਤ ਕੁਮਾਰ, ਸੋਮ ਲਾਲ, ਦਵਿੰਦਰ ਗੋਗਾ, ਰਣਜੀਤ ਕੁਮਾਰ, ਸਤਪਾਲ ਬੱਧਣ ਆਦਿ ਮੌਜੂਦ ਸਨ।

ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਕੀਤੇ ਗਏ ਪ੍ਰਦਰਸ਼ਨ ਦੀ ਅਗਵਾਈ ਸੂਬਾ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਨੇ ਕੀਤੀ। ਇਸ ਮੌਕੇ ਚੌਧਰੀ ਖੁਸ਼ੀ ਰਾਮ, ਇੰਜ. ਮਹਿੰਦਰ ਸਿੰਘ, ਪੁਰਸ਼ੋਤਮ ਅਹੀਰ, ਦਲਜੀਤ ਰਾਏ, ਮਨਦੀਪ ਕਲਸੀ, ਬਲਵੀਰ, ਨਰਿੰਦਰ, ਮਦਨ, ਜਗਮੋਹਨ ਆਦਿ ਸਮੇਤ ਕਈ ਬਸਪਾ ਆਗੂ ਤੇ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਪ੍ਰਦਰਸ਼ਨ ਕਦੇ ਹੋਏ ਪੁਤਲਾ ਫੂਕਿਆ।

ਸ਼ਹੀਦ ਭਗਤ ਸਿੰਘ ਦੌਰਾਨ ਬਸਪਾ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ, ਬਸਪਾ ਆਗੂ ਪ੍ਰਵੀਨ ਬੰਗਾ, ਬਲਜੀਤ ਸਿੰਘ ਭਾਰਾਪੁਰ, ਵਿਜੈ ਮਜਾਰੀ ਆਦਿ ਮੌਜੂਦ ਸਨ। ਇਨ੍ਹਾਂ ਵੱਲੋਂ ਡੀਸੀ ਵਿਨੈ ਬੁਬਲਾਨੀ ਨੂੰ ਮੈਮੋਰੰਡਮ ਦਿੱਤਾ ਗਿਆ ਤੇ ਸਿੱਖਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ।

ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਬਸਪਾ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆ ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।

ਜ਼ਿਲ੍ਹਾ ਮਾਨਸਾ ਵਿੱਚ ਬਸਪਾ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ ਹੋਇਆ। ਇਸ ਦੌਰਾਨ ਡੀਸੀ ਨੂੰ ਮੈਮੋਰੰਡਮ ਦਿੱਤਾ ਗਿਆ ਤੇ ਸਿੱਖਾਂ 'ਤੇ ਦਰਜ ਮਾਮਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੀਸੀ ਅਲਕਾ ਸ਼ਰਮਾ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਮਨਜੀਤ ਸਿੰਘ ਅਟਵਾਲ, ਜ਼ੋਨ ਇੰਚਾਰਜ ਤਾਰਾ ਚੰਦ ਭਗਤ, ਸ਼ਹਿਰੀ ਪ੍ਰਧਾਨ ਤਰਸੇਮ ਸਿੰਘ ਭੋਲਾ, ਦਿਹਾਤੀ ਪ੍ਰਧਾਨ ਸੁਰਜੀਤ ਸਿੰਘ, ਇੰਜ ਅਮਰੀਕ ਸਿੰਘ ਸਿੱਧੂ, ਜਗਦੀਸ਼ ਦੁੱਗਲ, ਨਾਜਰ ਮਸੀਹ, ਵੱਸਣ ਸਿੰਘ ਕਾਲਾ, ਬਲਵਿੰਦਰ ਸਿੰਘ ਨੱਥੂਪੁਰ, ਬਲਿਹਾਰ ਸਿੰਘ, ਮੁਕੇਸ਼ ਕੁਮਾਰ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।

ਇਸੇ ਤਰ੍ਹਾਂ ਕਪੂਰਥਲਾ, ਬਰਨਾਲਾ ਸਮੇਤ ਸੂਬੇ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਬਸਪਾ ਵੱਲੋਂ ਪ੍ਰਦਰਸ਼ਨ ਕੀਤੇ ਗਏ।

Comments

Leave a Reply