Sat,Sep 19,2020 | 07:44:34am
HEADLINES:

Punjab

ਬਸਪਾ ਦੇ ਵਰਕਰ ਸੰਮੇਲਨ ਨੇ ਧਾਰਿਆ ਰੈਲੀ ਦਾ ਰੂਪ, 2022 'ਚ ਪੰਜਾਬ ਦੀ ਸੱਤਾ ਪ੍ਰਾਪਤੀ ਦਾ ਵੱਜਿਆ ਵਿਗਲ

ਬਸਪਾ ਦੇ ਵਰਕਰ ਸੰਮੇਲਨ ਨੇ ਧਾਰਿਆ ਰੈਲੀ ਦਾ ਰੂਪ, 2022 'ਚ ਪੰਜਾਬ ਦੀ ਸੱਤਾ ਪ੍ਰਾਪਤੀ ਦਾ ਵੱਜਿਆ ਵਿਗਲ

ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ 6 ਦਸੰਬਰ ਨੂੰ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪਰਿਨਿਰਵਾਣ ਦਿਵਸ 'ਤੇ ਜਲੰਧਰ 'ਚ ਵਰਕਰ ਸੰਮੇਲਨ ਕਰਾਇਆ ਗਿਆ, ਜਿਸਨੇ ਰੈਲੀ ਦਾ ਰੂਪ ਧਾਰ ਲਿਆ। ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਵਿੱਚ ਹੋਏ ਇਸ ਵਰਕਰ ਸੰਮੇਲਨ ਵਿੱਚ ਪਾਰਟੀ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਨ੍ਹਾਂ ਆਗੂਆਂ ਨੇ ਬਾਬਾ ਸਾਹਿਬ ਅੰਬੇਡਕਰ ਦੇ 'ਮਿਸ਼ਨ ਸੱਤਾ ਪ੍ਰਾਪਤੀ' ਤਹਿਤ 2022 ਵਿੱਚ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਾਉਣ ਲਈ ਵਿਗਲ ਵਜਾਇਆ।

ਵਰਕਰ ਸੰਮੇਲਨ ਨੂੰ ਲੈ ਕੇ ਬਸਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਜਿੱਥੇ ਪੰਡਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ, ਉੱਥੇ ਪੰਡਾਲ ਦੇ ਬਾਹਰ ਵੀ ਵਰਕਰਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਸੀ। ਹੱਥਾਂ 'ਚ ਨੀਲੇ ਝੰਡੇ ਲੈ ਕੇ ਬਸਪਾ ਵਰਕਰ ਇਸ ਸਮਾਗਮ 'ਚ ਪਹੁੰਚੇ। ਸੰਮੇਲਨ ਦੌਰਾਨ ਜਿੱਥੇ ਬਸਪਾ ਲੀਡਰਸ਼ਿਪ ਪਾਰਟੀ ਵਰਕਰਾਂ 'ਚ ਆਉਣ ਵਾਲੀਆਂ ਵਿਧਾਨਸਭਾ ਚੋਣਾਂ 'ਚ ਜਿੱਤ ਪ੍ਰਾਪਤੀ ਲਈ ਜੋਸ਼ ਭਰਨ ਲੱਗੀ ਹੋਈ ਸੀ, ਉੱਥੇ ਪੰਡਾਲ 'ਚ ਵਰਕਰ ਜੋਸ਼ੀਲੇ ਅੰਦਾਜ਼ ਵਿੱਚ 'ਜਿੱਤੂਗਾ ਬਈ ਜਿੱਤੂਗਾ ਹਾਥੀ ਵਾਲਾ ਜਿੱਤੂਗਾ', 'ਦੇਸ਼ ਕੀ ਨੇਤਾ ਕੈਸੀ ਹੋ ਮਾਇਆਵਤੀ ਜੈਸੀ ਹੋ', 'ਜੈ ਭੀਮ ਜੈ ਭਾਰਤ' ਦੇ ਨਾਅਰੇ ਲਗਾ ਰਹੇ ਸਨ।

ਸੰਮੇਲਨ ਨੂੰ ਸੰਬੋਧਨ ਕਰਦਿਆਂ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਨੇ ਪਾਰਟੀ ਸੰਗਠਨ ਦੀ ਮਜ਼ਬੂਤੀ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਦੇ ਆਗੂ 2022 ਦੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਤੋਂ ਹੀ ਯੁੱਧ ਪੱਧਰ 'ਤੇ ਤਿਆਰੀ ਸ਼ੁਰੂ ਕਰ ਦੇਣ।

ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਆਪਣੇ ਸੰਬੋਧਨ ਦੌਰਾਨ ਮੰਚ ਤੋਂ ਲਗਾਤਾਰ ਕਾਂਗਰਸ, ਭਾਜਪਾ ਤੇ ਅਕਾਲੀਆਂ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀਆਂ ਨੀਤੀਆਂ ਹਮੇਸ਼ਾ ਲੋਕ ਵਿਰੋਧੀ ਰਹੀਆਂ ਹਨ।

ਸ. ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਅਤੇ ਸਰਕਾਰ ਦੇ ਵਿਧਾਇਕ ਸ਼ਰੇਆਮ ਸਰਕਾਰ ਦੇ ਖਿਲਾਫ ਸੜਕਾਂ 'ਤੇ ਹਨ। ਕਾਂਗਰਸ ਸਰਕਾਰ ਵੱਲੋਂ ਪਾਣੀ ਦੇ ਬਿੱਲ ਲਗਾ ਕੇ ਪੰਜਾਬ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਸ. ਗੜ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਸੂਬਾ ਪ੍ਰਧਾਨਗੀ ਤਹਿਤ ਇਹ ਪਹਿਲਾ ਵਰਕਰ ਸੰਮੇਲਨ ਸੀ, ਜਿਸ ਵਿੱਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ 15 ਮਾਰਚ ਤੱਕ 10 ਹਜ਼ਾਰ ਵਰਕਰਾਂ ਦੀ ਫੌਜ਼ ਤਿਆਰ ਕਰਨ ਲਈ ਕਿਹਾ ਗਿਆ।

ਇਸ ਮੌਕੇ ਮੰਚ ਸੰਚਾਲਨ ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ ਅਤੇ ਧੰਨਵਾਦ ਸੂਬਾ ਸਕੱਤਰ ਬਲਵਿੰਦਰ ਕੁਮਾਰ ਨੇ ਕੀਤਾ।
ਸੰਮੇਲਨ ਵਿੱਚ ਠੇਕੇਦਾਰ ਭਗਵਾਨ ਦਾਸ, ਬਲਦੇਵ ਸਿੰਘ ਮਹਿਰਾ, ਲਾਲ ਸਿੰਘ ਸੁਲਹਾਣੀ, ਮਨਜੀਤ ਸਿੰਘ ਅਟਵਾਲ, ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਖੁਸ਼ੀ ਰਾਮ, ਡਾ. ਜਸਪ੍ਰੀਤ ਸਿੰਘ, ਧੰਨਾ ਸਿੰਘ ਸ਼ੇਰੋਂ, ਅਮਨਦੀਪ ਗੁਰੂ, ਗੁਰਮੇਲ ਸਿੰਘ ਜੀਕੇ, ਗੁਰਮੇਲ ਚੁੰਬਰ, ਤੀਰਥ ਰਾਜਪੁਰਾ, ਪਰਮਜੀਤ ਮੱਲ, ਕੁਲਦੀਪ ਬੰਗੜ, ਦਵਿੰਦਰ ਗੋਗਾ, ਵਿਜੈ ਯਾਦਵ, ਵਿਨੈ ਕੁਮਾਰ, ਰਾਜੇਸ਼ ਕੁਮਾਰ, ਬਲਜੀਤ ਸਿੰਘ ਭਾਰਾਪੁਰ, ਪ੍ਰਵੀਨ ਬੰਗਾ ਆਦਿ ਆਗੂਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਏ।

Comments

Leave a Reply