Tue,Jun 18,2019 | 07:10:20pm
HEADLINES:

Punjab

ਚੋਣ ਸਮੀਖਿਆ : ਬਸਪਾ ਦਾ ਗ੍ਰਾਫ ਚੜਿਆ ਤੇ ਅਕਾਲੀ ਦਲ ਦਾ ਡਿਗਿਆ

ਚੋਣ ਸਮੀਖਿਆ : ਬਸਪਾ ਦਾ ਗ੍ਰਾਫ ਚੜਿਆ ਤੇ ਅਕਾਲੀ ਦਲ ਦਾ ਡਿਗਿਆ

ਪੰਜਾਬ ਵਿੱਚ ਬੀਤੇ 19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ 22 ਸਤੰਬਰ ਨੂੰ ਐਲਾਨ ਕਰ ਦਿੱਤੇ ਗਏ। ਇਨ੍ਹਾਂ ਚੋਣਾਂ ਵਿੱਚ ਕਾਂਗਰਸ, ਅਕਾਲੀ ਦਲ-ਭਾਜਪਾ, ਬਸਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਸਨ।
ਕਾਂਗਰਸ, ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਨੇ ਇਹ ਚੋਣਾਂ ਆਪਣੇ-ਆਪਣੇ ਚੋਣ ਨਿਸ਼ਾਨ 'ਤੇ ਲੜੀਆਂ, ਜਦਕਿ ਬਸਪਾ ਉਮੀਦਵਾਰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਤੋਂ ਬਿਨਾਂ ਆਜ਼ਾਦ ਤੌਰ 'ਤੇ ਚੋਣ ਮੈਦਾਨ ਵਿੱਚ ਉਤਰੇ ਸਨ।
 
ਚੋਣ ਨਤੀਜਿਆਂ 'ਤੇ ਬਰੀਕੀ ਨਾਲ ਨਜ਼ਰ ਮਾਰੀਏ ਤਾਂ ਇਨ੍ਹਾਂ ਵਿੱਚ ਸੱਤਾਧਾਰੀ ਕਾਂਗਰਸ ਨੂੰ ਵੱਡੀ ਸਫਲਤਾ ਮਿਲੀ ਹੈ। ਹਾਲਾਂਕਿ ਕਾਂਗਰਸ ਦਾ ਸੱਤਾ ਵਿੱਚ ਹੋਣਾ ਇਸ ਪਾਰਟੀ ਉਮੀਦਵਾਰਾਂ ਲਈ ਕਾਫੀ ਫਾਇਦੇਮੰਦ ਵੀ ਰਿਹਾ। ਦੂਜੇ ਪਾਸੇ ਸੂਬੇ ਵਿੱਚ ਲੰਮੇ ਸਮੇਂ ਤੱਕ ਸੱਤਾ ਵਿੱਚ ਰਹਿਣ ਵਾਲੇ ਅਕਾਲੀ ਦਲ ਲਈ ਇਹ ਨਤੀਜੇ ਕਾਫੀ ਨਿਰਾਸ਼ਾਜਨਕ ਰਹੇ। ਇਸਦੇ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੋਲੀਕਾਂਡ ਤੇ ਅਕਾਲੀ-ਭਾਜਪਾ ਰਾਜ 'ਚ ਫੈਲੇ ਨਸ਼ੇ ਦੇ ਮੁੱਦੇ ਮੁੱਖ ਤੌਰ 'ਤੇ ਦੇਖੇ ਜਾ ਰਹੇ ਹਨ।
 
ਇੱਕ ਮੀਡੀਆ ਰਿਪੋਰਟ ਮੁਤਾਬਕ, ਬਰਨਾਲਾ, ਬਠਿੰਡਾ, ਫਤਿਹਗੜ ਸਾਹਿਬ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਰੋਪੜ, ਮੋਹਾਲੀ, ਸੰਗਰੂਰ ਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਅਕਾਲੀ ਦਲ ਇੱਕ ਵੀ ਜ਼ਿਲ੍ਹਾ ਪ੍ਰੀਸ਼ਦ ਸੀਟ ਜਿੱਤ ਨਹੀਂ ਸਕਿਆ। ਸੂਬੇ ਭਰ ਵਿੱਚੋਂ ਕਰੀਬ 350 ਸੀਟਾਂ 'ਚੋਂ ਕਰੀਬ 12 ਸੀਟਾਂ 'ਤੇ ਹੀ ਅਕਾਲੀ ਦਲ ਨੂੰ ਜਿੱਤ ਨਸੀਬ ਹੋਈ। ਅਕਾਲੀ ਦਲ ਦੀ ਇਸੇ ਤਰ੍ਹਾਂ ਦੀ ਮਾੜੀ ਸਥਿਤੀ ਬਲਾਕ ਸੰਮਤੀ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੀ।
 
ਗੁਰਦਾਸਪੁਰ ਤੇ ਪਠਾਨਕੋਟ ਵਿੱਚ ਤਾਂ ਅਕਾਲੀ ਦਲ ਦਾ ਖਾਤਾ ਵੀ ਖੁੱਲ ਨਹੀਂ ਸਕਿਆ। ਅਕਾਲੀ ਦਲ ਦੀ ਇਹ ਸਥਿਤੀ ਉਦੋਂ ਹੈ, ਜਦੋਂ ਉਸਦੇ ਸੂਬੇ ਵਿੱਚ 14 ਵਿਧਾਇਕ ਹਨ ਤੇ ਉਹ ਕਈ ਸਾਲਾਂ ਤੋਂ ਸੂਬੇ ਦੀ ਸੱਤਾ ਵਿੱਚ ਰਹਿ ਚੁੱਕਾ ਹੈ। ਜਾਣਕਾਰਾਂ ਮੁਤਾਬਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਿੱਖ ਸਮਾਜ ਇਸ ਸਮੇਂ ਅਕਾਲੀ ਦਲ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜੋ ਕਿ ਅਕਾਲੀ ਦਲ ਦੇ ਭਵਿੱਖ ਲਈ ਵੀ ਚੰਗੇ ਸੰਕੇਤ ਨਹੀਂ ਹਨ।
 
ਚੋਣਾਂ 'ਚ ਆਮ ਆਦਮੀ ਪਾਰਟੀ ਦੇ ਵੀ ਕਈ ਉਮੀਦਵਾਰ ਮੈਦਾਨ ਵਿੱਚ ਸਨ। ਹਾਲਾਂਕਿ ਆਮ ਆਦਮੀ ਪਾਰਟੀ ਕੋਈ ਖਾਸ ਭੂਮਿਕਾ ਨਹੀਂ ਨਿਭਾ ਸਕੀ। ਆਪ ਲਈ ਵੀ ਚੋਣ ਨਤੀਜੇ ਭਾਰੀ ਨਿਰਾਸ਼ਾ ਵਾਲੇ ਰਹੇ। ਇਨ੍ਹਾਂ ਚੋਣ ਨਤੀਜਿਆਂ ਨੂੰ ਆਮ ਆਦਮੀ ਪਾਰਟੀ ਦੇ ਡਿਗਦੇ ਗ੍ਰਾਫ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
 
ਚੋਣਾਂ ਵਿੱਚ ਸਭ ਤੋਂ ਉਤਸ਼ਾਹਜਨਕ ਤੇ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਬਹੁਜਨ ਸਮਾਜ ਪਾਰਟੀ  (ਬਸਪਾ) ਦਾ ਰਿਹਾ। ਪਾਰਟੀ ਦੇ ਚੋਣ ਨਿਸ਼ਾਨ ਤੋਂ ਬਿਨਾਂ ਆਜ਼ਾਦ ਤੌਰ 'ਤੇ ਮੈਦਾਨ ਵਿੱਚ ਉਤਰੇ ਬਸਪਾ ਉਮੀਦਵਾਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਖਾਸ ਤੌਰ 'ਤੇ ਦੋਆਬਾ ਖੇਤਰ ਵਿੱਚ ਬਸਪਾ ਨੇ ਆਪਣਾ ਪ੍ਰਭਾਵ ਦਿਖਾਇਆ ਹੈ। ਇਕੱਲੇ ਜਲੰਧਰ ਜ਼ਿਲ੍ਹੇ ਵਿੱਚ ਬਸਪਾ ਨੇ ਕਰੀਬ ਦੋ ਦਰਜਨ ਸੀਟਾਂ 'ਤੇ ਜਿੱਤ ਦਾ ਝੰਡਾ ਗੱਡਿਆ ਹੈ। ਇਸ ਤੋਂ ਇਲਾਵਾ ਪਾਰਟੀ ਇੱਥੇ 1 ਜ਼ਿਲ੍ਹਾ ਪ੍ਰੀਸ਼ਦ ਸੀਟ (ਕੰਧੋਲਾ ਕਲਾਂ) 'ਤੇ ਵੀ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਰਹੀ ਹੈ।
 
ਵਿਧਾਨਸਭਾ ਹਲਕਾ ਕਰਤਾਰਪੁਰ 'ਚ ਬਸਪਾ ਦੇ ਪੱਖ 'ਚ ਹੈਰਾਨ ਕਰਨ ਵਾਲੇ ਤੇ ਉਤਸ਼ਾਹਜਨਕ ਨਤੀਜੇ ਆਏ। ਇੱਥੇ ਬਸਪਾ ਨੇ 15 ਸਾਲ ਬਾਅਦ ਬਲਾਕ ਸੰਮਤੀ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ ਹੈ। ਬਸਪਾ ਇਸ ਹਲਕੇ ਵਿੱਚ ਬਿਨਾਂ ਕਿਸੇ ਗੱਠਜੋੜ ਦੇ ਲਾਂਬੜਾ, ਵਡਾਲਾ ਤੇ ਭਗਵਾਨਪੁਰ ਬਲਾਕ ਸੰਮਤੀ ਚੋਣ ਜਿੱਤਣ ਵਿੱਚ ਸਫਲ ਰਹੀ। ਇਸ ਤੋਂ ਇਲਾਵਾ 3 ਸੀਟਾਂ 'ਤੇ ਅਕਾਲੀ ਦਲ ਨੂੰ ਪਿੱਛੇ ਛੱਡਦੇ ਹੋਏ ਦੂਜੇ ਨੰਬਰ 'ਤੇ ਰਹੀ। ਬਸਪਾ ਨੇ ਇਸ ਤੋਂ ਪਹਿਲਾਂ ਸਾਲ 2002 ਵਿੱਚ ਇੱਥੋਂ ਅਖੀਰਲੀ ਵਾਰ ਬਲਾਕ ਸੰਮਤੀ ਸੀਟ ਜਿੱਤੀ ਸੀ।
 
ਆਦਮਪੁਰ ਵਿਧਾਨਸਭਾ ਹਲਕੇ ਤੋਂ ਬਸਪਾ 4, ਨਕੋਦਰ ਹਲਕੇ ਤੋਂ 7, ਫਿਲੌਰ ਤੋਂ 7 ਬਲਾਕ ਸੰਮਤੀ ਸੀਟਾਂ 'ਤੇ ਜਿੱਤ ਪ੍ਰਾਪਤ ਕਰਨ 'ਚ ਸਫਲ ਰਹੀ। ਨਕੋਦਰ ਹਲਕੇ ਤੋਂ ਹੀ ਬਸਪਾ ਨੇ ਜ਼ਿਲ੍ਹਾ ਪ੍ਰੀਸ਼ਦ ਸੀਟ (ਕੰਧੋਲਾ ਕਲਾਂ) ਵੀ ਜਿੱਤ ਲਈ ਹੈ।
 
ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਸਪਾ ਨੇ 7 ਬਲਾਕ ਸੰਮਤੀ ਤੇ 1 ਜ਼ਿਲ੍ਹਾ ਪ੍ਰੀਸ਼ਦ ਸੀਟ 'ਤੇ ਕਬਜ਼ਾ ਕਰ ਲਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ 'ਚ ਵੀ ਬਸਪਾ ਕਈ ਬਲਾਕ ਸੰਮਤੀ ਸੀਟਾਂ ਜਿੱਤ ਗਈ ਹੈ। ਇੱਥੇ ਦੇ ਚੱਬੇਵਾਲ ਤੋਂ ਬਸਪਾ 4 ਸੀਟਾਂ 'ਤੇ ਕਬਜ਼ਾ ਕਰਨ 'ਚ ਸਫਲ ਰਹੀ।
 
ਕੁੱਲ ਮਿਲਾ ਕੇ ਜਿੱਥੇ ਇਹ ਚੋਣ ਨਤੀਜੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਲਈ ਨਿਰਾਸ਼ਾਜਨਕ ਰਹੇ ਹਨ, ਉਥੇ ਬਸਪਾ ਲਈ ਇਹ ਨਤੀਜੇ ਚੰਗੇ ਭਵਿੱਖ ਦੇ ਸੰਕੇਤ ਦੇ ਰਹੇ ਹਨ।

Comments

Leave a Reply