Mon,Apr 22,2019 | 08:25:27am
HEADLINES:

Punjab

ਰਾਵਣ ਫਿਰ 'ਜ਼ਿੰਦਾ' ਹੋ ਜਾਵੇਗਾ, ਪਰ 61 ਜ਼ਿੰਦਗੀਆਂ 'ਚ ਜਾਨ ਮੁੜ ਕਦੇ ਨਹੀਂ ਪਵੇਗੀ

ਰਾਵਣ ਫਿਰ 'ਜ਼ਿੰਦਾ' ਹੋ ਜਾਵੇਗਾ, ਪਰ 61 ਜ਼ਿੰਦਗੀਆਂ 'ਚ ਜਾਨ ਮੁੜ ਕਦੇ ਨਹੀਂ ਪਵੇਗੀ

ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਪ੍ਰਸ਼ਾਸਨ ਦੀ ਬਿਨਾਂ ਮਨਜ਼ੂਰੀ ਦੇ ਕਰਵਾਏ ਜਾ ਰਹੇ ਦੁਸਹਿਰਾ ਪ੍ਰੋਗਰਾਮ ਦੌਰਾਨ ਭਿਆਨਕ ਹਾਦਸਾ ਹੋ ਗਿਆ। ਰਾਵਣ ਦੇ ਪੁਤਲੇ ਨੂੰ ਸੜਦਾ ਹੋਇਆ ਦੇਖਣ ਪਹੁੰਚੇ 61 ਲੋਕ ਮੌਤ ਦੀ ਨੀਂਦ ਸੌਂ ਗਏ। ਇਸ ਤੋਂ ਇਲਾਵਾ 150 ਲੋਕ ਇਸ ਘਟਨਾ 'ਚ ਜ਼ਖਮੀ ਹੋਏ ਹਨ।
 
ਕਾਂਗਰਸ ਦੇ ਕੌਂਸਲਰ ਵਿਜੈ ਮਦਾਨ ਵੱਲੋਂ ਜੋੜਾ ਫਾਟਕ ਨੇੜੇ ਮੈਦਾਨ 'ਚ ਕਰਵਾਏ ਜਾ ਰਹੇ ਇਸ ਦੁਸਹਿਰਾ ਪ੍ਰੋਗਰਾਮ ਦੌਰਾਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਭ ਤੋਂ ਪਹਿਲਾਂ ਰੇਲਵੇ ਲਾਈਨਾਂ ਦੇ ਨੇੜੇ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਇਹ ਆਯੋਜਨ ਕੀਤਾ ਜਾ ਰਿਹਾ ਸੀ। ਇਸ ਮਾਮਲੇ 'ਚ ਪੁਲਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ 'ਚ ਹੈ। ਇਹ ਸਵਾਲ ਵੀ ਉੱਠ ਰਹੇ ਹਨ ਕਿ ਜੇਕਰ ਆਯੋਜਨ ਬਿਨਾਂ ਮਨਜ਼ੂਰੀ ਚੱਲ ਰਿਹਾ ਸੀ ਤਾਂ ਪੁਲਸ ਪ੍ਰਸ਼ਾਸਨ ਨੇ ਕੀ ਕਦਮ ਚੁੱਕੇ?
 
ਖਬਰਾਂ ਮੁਤਾਬਕ, ਦੁਸਹਿਰੇ ਵਾਲੇ ਸਥਾਨ 'ਤੇ ਐੱਲਈਡੀ ਲਾਈਟਾਂ ਨੂੰ ਰੇਲਵੇ ਟ੍ਰੈਕ ਵੱਲ ਰੱਖਿਆ ਗਿਆ ਸੀ। ਲੋਕਾਂ ਦੀਆਂ ਅੱਖਾਂ ਵਿੱਚ ਸਿੱਧੀਆਂ ਲਾਈਟਾਂ ਪੈ ਰਹੀਆਂ ਸਨ। ਇਸ ਲਈ ਉਨ੍ਹਾਂ ਨੂੰ ਰੇਲ ਟ੍ਰੈਕ ਦਿਖਾਈ ਨਹੀਂ ਦਿੱਤਾ। ਪੁਤਲੇ ਸਾੜੇ ਜਾਣ ਦੌਰਾਨ ਪਟਾਕਿਆਂ ਦੀ ਆਵਾਜ਼ ਕਾਰਨ ਲੋਕ ਟ੍ਰੇਨ ਆਉਣ ਦੀ ਆਵਾਜ਼ ਸੁਣ ਨਹੀਂ ਸਕੇ ਤੇ ਦੇਖਦੇ ਹੀ ਦੇਖਦੇ ਡੀਐੱਮਯੂ ਨੇ 10 ਸੈਕੰਡ 'ਚ 61 ਜ਼ਿੰਦਗੀਆਂ ਨੂੰ ਲਾਸ਼ਾਂ ਵਿੱਚ ਤਬਦੀਲ ਕਰ ਦਿੱਤਾ। ਮਰਨ ਵਾਲਿਆਂ 'ਚ ਕਾਫੀ ਲੋਕ ਬਿਹਾਰ ਤੇ ਯੂਪੀ ਦੇ ਦੱਸੇ ਜਾ ਰਹੇ ਹਨ।
 
ਇਸ ਘਟਨਾ ਤੋਂ ਬਾਅਦ ਲੋਕਾਂ 'ਚ ਕਾਂਗਰਸ ਆਗੂਆਂ ਖਿਲਾਫ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਇਸ ਪ੍ਰੋਗਰਾਮ 'ਚ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਤਨੀ ਡਾ. ਨਵਜੋਤ ਕੌਰ ਮੁੱਖ ਮਹਿਮਾਨ ਸਨ, ਜੋ ਕਿ ਹਾਦਸੇ ਦੇ ਤੁਰੰਤ ਬਾਅਦ ਹੀ ਮੌਕੇ ਤੋਂ ਚਲੇ ਗਏ, ਜਿਸਦੇ ਵਿਰੋਧ 'ਚ ਲੋਕਾਂ ਨੇ ਰੋਸ ਪ੍ਰਗਟ ਕੀਤਾ।
 
ਇਹ ਪ੍ਰੋਗਰਾਮ ਕਾਂਗਰਸ ਦੇ ਕੌਂਸਲਰ ਵਿਜੈ ਮਦਾਨ ਵੱਲੋਂ ਕਰਵਾਇਆ ਜਾ ਰਿਹਾ ਸੀ, ਜਿਨ੍ਹਾਂ ਖਿਲਾਫ ਲੋਕਾਂ 'ਚ ਭਾਰੀ ਗੁੱਸੇ ਨੂੰ ਦੇਖਦੇ ਹੋਏ ਉਨ੍ਹਾਂ ਦੇ ਘਰ ਪੁਲਸ ਫੋਰਸ ਦੀ ਤੈਨਾਤੀ ਕਰਨੀ ਪਈ। ਇਸੇ ਤਰ੍ਹਾਂ ਕਾਂਗਰਸ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਜਦੋਂ ਘਟਨਾ ਵਾਲੇ ਸਥਾਨ 'ਤੇ ਪਹੁੰਚੇ ਤਾਂ ਲੋਕਾਂ ਦੇ ਭਾਰੀ ਵਿਰੋਧ ਕਾਰਨ ਉਨ੍ਹਾਂ ਨੂੰ ਵਾਪਸ ਆਉਣਾ ਪਿਆ।
 
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ, ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਵੀ ਲੋਕਾਂ ਦੇ ਭਾਰੀ ਵਿਰੋਧ ਕਾਰਨ ਮੁੜਨਾ ਪਿਆ। ਦੂਜੇ ਪਾਸੇ ਘਟਨਾ ਤੋਂ ਬਾਅਦ ਪ੍ਰਸ਼ਾਸਨ ਐਕਸ਼ਨ ਮੋਡ 'ਚ ਨਜ਼ਰ ਆ ਰਿਹਾ ਹੈ, ਪਰ ਜੇਕਰ ਉਸਨੇ ਇਹੀ ਚੁਸਤੀ ਪਹਿਲਾਂ ਦਿਖਾਈ ਹੁੰਦੀ ਤਾਂ ਇਹ ਘਟਨਾ ਨਾ ਹੁੰਦੀ।

ਕਾਰਵਾਈ ਦੀ ਮੰਗ ਕਰ ਰਹੇ ਲੋਕਾਂ 'ਤੇ ਲਾਠੀਚਾਰਜ
ਅੰਮ੍ਰਿਤਸਰ 'ਚ ਹੋਏ ਹਾਦਸੇ 'ਚ ਹੋਈਆਂ ਮੌਤਾਂ ਤੋਂ ਬਾਅਦ ਕਈ ਲੋਕਾਂ ਦੇ ਲਾਪਤਾ ਹੋਣ ਤੇ ਘਟਨਾ ਲਈ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਗੁੱਸਾ ਭੜਕ ਗਿਆ। ਲੋਕਾਂ ਨੇ ਜਲੰਧਰ-ਅੰਮ੍ਰਿਤਸਰ ਰੋਡ 'ਤੇ ਆ ਕੇ ਜਮ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਸ ਵੱਲੋਂ ਹਲਕਾ ਲਾਠੀਚਾਰਜ ਕੀਤਾ ਗਿਆ, ਜਿਸ ਤੋਂ ਬਾਅਦ ਲੋਕਾਂ 'ਚ ਗੁੱਸਾ ਹੋਰ ਭੜਕ ਗਿਆ। ਪ੍ਰਦਰਸ਼ਨ ਕਰ ਰਹੇ ਇਨ੍ਹਾਂ ਲੋਕਾਂ ਨੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ।

 

Comments

Leave a Reply