Sun,Nov 17,2019 | 08:04:53pm
HEADLINES:

Punjab

ਸੜਕਾਂ 'ਤੇ ਘੁੰਮ ਰਹੇ 1.1 ਲੱਖ ਲਾਵਾਰਿਸ ਪਸ਼ੂ ਬਣੇ ਜਾਨਲੇਵਾ, 1 ਸਾਲ 'ਚ 114 ਲੋਕਾਂ ਦੀ ਹਾਦਸਿਆਂ 'ਚ ਗਈ ਜਾਨ

ਸੜਕਾਂ 'ਤੇ ਘੁੰਮ ਰਹੇ 1.1 ਲੱਖ ਲਾਵਾਰਿਸ ਪਸ਼ੂ ਬਣੇ ਜਾਨਲੇਵਾ, 1 ਸਾਲ 'ਚ 114 ਲੋਕਾਂ ਦੀ ਹਾਦਸਿਆਂ 'ਚ ਗਈ ਜਾਨ

ਪੰਜਾਬ ਦੀਆਂ ਸੜਕਾਂ 'ਤੇ ਲਾਵਾਰਿਸ ਜਾਨਵਰ ਮੌਤ ਬਣ ਕੇ ਘੁੰਮ ਰਹੇ ਹਨ। ਇਨ੍ਹਾਂ ਜਾਨਵਰਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇੱਕ ਰਿਪੋਰਟ ਮੁਤਾਬਕ, ਹਰ ਤੀਜੇ ਦਿਨ ਇਨ੍ਹਾਂ ਲਾਵਾਰਿਸ ਜਾਨਵਰਾਂ ਕਾਰਨ ਜਾਂ ਤਾਂ ਕੋਈ ਮੌਤ ਹੋ ਜਾਂਦੀ ਹੈ ਜਾਂ ਫਿਰ ਲੋਕ ਜ਼ਖਮੀ ਹੁੰਦੇ ਹਨ। ਇਸ ਸਮੱਸਿਆ ਨੂੰ ਨਜਿੱਠਣ ਦੇ ਮਾਮਲੇ ਵਿੱਚ ਅਜੇ ਤੱਕ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਗੰਭੀਰ ਕਦਮ ਚੁੱਕੇ ਨਹੀਂ ਜਾ ਸਕੇ ਹਨ।

'ਦ ਟ੍ਰਿਬਿਊਨ' ਦੀ ਇੱਕ ਖਬਰ ਮੁਤਾਬਕ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਦੇ ਗ੍ਰਹਿ ਜ਼ਿਲ੍ਹੇ ਪਟਿਆਲਾ ਵਿੱਚ ਅਗਸਤ ਮਹੀਨੇ ਵਿੱਚ 4 ਲੋਕਾਂ ਦੀ ਲਾਵਾਰਿਸ ਜਾਨਵਰਾਂ ਕਾਰਨ ਹੋਏ ਹਾਦਸਿਆਂ ਵਿੱਚ ਜਾਨ ਚਲੀ ਗਈ। ਇਸੇ ਤਰ੍ਹਾਂ ਅਗਸਤ ਮਹੀਨੇ ਵਿੱਚ ਹੀ ਸੰਗਰੂਰ ਵਿੱਚ ਲਾਵਾਰਿਸ ਜਾਨਵਰਾਂ ਕਾਰਨ 8 ਲੋਕਾਂ ਦੀ ਮੌਤ ਹੋ ਗਈ।

ਅਨੁਮਾਨ ਮੁਤਾਬਕ ਸੂਬੇ ਵਿੱਚ ਕਰੀਬ 1.1 ਲੱਖ ਲਾਵਾਰਿਸ ਜਾਨਵਰ ਸੜਕਾਂ 'ਤੇ ਘੁੰਮ ਰਹੇ ਹਨ। ਪੰਜਾਬ ਪੁਲਸ ਵੱਲੋਂ ਮਿਨੀਸਟਰੀ ਆਫ ਰੋਡ ਟ੍ਰਾਂਸਪੋਰਟ ਨੂੰ ਉਪਲਬਧ ਕਰਵਾਏ ਗਏ ਰਿਕਾਰਡ ਮੁਤਾਬਕ ਸਾਲ 2018 ਵਿੱਚ ਲਾਵਾਰਿਸ ਜਾਨਵਰਾਂ ਕਾਰਨ ਹੋਏ ਹਾਦਸਿਆਂ ਵਿੱਚ 114 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕ ਜ਼ਖਮੀ ਹੋ ਗਏ।

ਠੰਢ ਦੇ ਮੌਸਮ ਵਿੱਚ ਇਹ ਹਾਦਸੇ ਜ਼ਿਆਦਾ ਹੁੰਦੇ ਹਨ, ਕਿਉਂਕਿ ਧੁੰਦ ਪੈਣ ਕਾਰਨ ਗੱਡੀਆਂ ਚਲਾਉਣ ਵਾਲੇ ਲੋਕਾਂ ਨੂੰ ਸੜਕਾਂ 'ਤੇ ਖੜੇ ਰਹਿਣ ਵਾਲੇ ਲਾਵਾਰਿਸ ਜਾਨਵਰ ਨਜ਼ਰ ਨਹੀਂ ਆਉਂਦੇ ਤੇ ਨਤੀਜੇ ਵੱਜੋਂ ਹਾਦਸੇ ਹੋ ਜਾਂਦੇ ਹਨ। ਟ੍ਰੈਫਿਕ ਐਡਵਾਈਜ਼ਰ ਪੰਜਾਬ ਨਵਦੀਪ ਅਸੀਜਾ ਦਾ ਕਹਿਣਾ ਹੈ ਕਿ ਇਸ ਸਾਲ ਲਾਵਾਰਿਸ ਜਾਨਵਰਾਂ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਖਬਰ ਮੁਤਾਬਕ, ਸੂਬੇ ਵਿੱਚ 472 ਗਊ ਸ਼ਾਲਾਵਾਂ ਹਨ, ਜਿਨ੍ਹਾਂ ਵਿੱਚ ਕਰੀਬ 4 ਲੱਖ ਗਾਵਾਂ ਨੂੰ ਰੱਖਿਆ ਗਿਆ ਹੈ। ਦੂਜੇ ਪਾਸੇ ਸੜਕਾਂ 'ਤੇ ਲਾਵਾਰਿਸ ਜਾਨਵਰਾਂ ਦੀ ਗਿਣਤੀ 1.1 ਲੱਖ ਤੱਕ ਪਹੁੰਚ ਚੁੱਕੀ ਹੈ। ਇੰਨੇ ਮਾੜੇ ਹਾਲਾਤ ਦੇ ਬਾਵਜੂਦ ਸਰਕਾਰ ਵੱਲੋਂ ਲਾਵਾਰਿਸ ਜਾਨਵਰਾਂ ਨੂੰ ਸੜਕਾਂ ਤੋਂ ਹਟਾਉਣ ਲਈ ਕੋਈ ਵੱਡੀ ਮੁਹਿੰਮ ਨਹੀਂ ਚਲਾਈ ਗਈ ਹੈ। ਲੋਕਾਂ ਤੋਂ ਵਸੂਲੀ ਗਈ ਕਾਊ ਸੈੱਸ ਦੀ ਰਕਮ ਨਾਲ ਇਨ੍ਹਾਂ ਲਾਵਾਰਿਸ ਜਾਨਵਰਾਂ ਨੂੰ ਗਊਸ਼ਾਲਾਵਾਂ 'ਚ ਰੱਖਣ ਦਾ ਪ੍ਰਬੰਧ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ।

ਖਬਰ ਮੁਤਾਬਕ, ਸਰਕਾਰੀ ਰਿਕਾਰਡ ਕਹਿੰਦਾ ਹੈ ਕਿ ਅਰਬਨ ਲੋਕਲ ਬਾਡੀਜ਼ ਵੱਲੋਂ 2016 ਤੋਂ ਕਊ ਸੈੱਸ ਦੇ ਨਾਂ 'ਤੇ ਇਕੱਠੀ ਕੀਤੀ ਗਈ 34 ਕਰੋੜ ਦੀ ਰਕਮ ਅਜੇ ਤੱਕ ਪੂਰੀ ਤਰ੍ਹਾਂ ਖਰਚ ਨਹੀਂ ਕੀਤੀ ਜਾ ਸਕੀ ਹੈ। ਜੁਲਾਈ ਮਹੀਨੇ ਤੱਕ ਸਿਰਫ 25 ਕਰੋੜ ਰੁਪਏ ਹੀ ਲਾਵਾਰਿਸ ਜਾਨਵਰਾਂ ਦੇ ਚਾਰੇ ਲਈ ਦਿੱਤੇ ਗਏ ਹਨ।

ਕਾਊ ਸੈੱਸ ਬਿਜਲੀ ਬਿੱਲਾਂ ਦੇ ਨਾਲ-ਨਾਲ ਐਕਸਾਈਜ਼ ਐਂਡ ਟੈਕਸੇਸ਼ਨ ਅਤੇ ਟ੍ਰਾਂਸਪੋਰਟ ਵਿਭਾਗ ਵੱਲੋਂ ਵੀ ਇਕੱਠਾ ਕੀਤਾ ਜਾ ਰਿਹਾ ਹੈ। ਐਨੀਮਲ ਹਸਬੈਂਡਰੀ ਡਿਪਾਰਟਮੈਂਟ ਮਿਨੀਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਗੰਭੀਰ ਸਮੱਸਿਆ ਹੈ ਅਤੇ ਇਸ ਸਮੱਸਿਆ ਦੇ ਨਿਪਟਾਰੇ ਲਈ ਕਾਫੀ ਜ਼ਿਆਦਾ ਫੰਡ ਦੀ ਜ਼ਰੂਰਤ ਹੈ।

ਜ਼ਿਕਰਯੋਗ ਹੈ ਕਿ ਲਾਵਾਰਿਸ ਜਾਨਵਰ ਨਾ ਸਿਰਫ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ, ਸਗੋਂ ਇਹ ਗਲੀਆਂ-ਮੁਹੱਲਿਆਂ ਵਿੱਚ ਲੋਕਾਂ 'ਤੇ ਹਮਲੇ ਵੀ ਕਰ ਰਹੇ ਹਨ। ਸੂਬੇ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਇਹ ਫਸਲਾਂ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ, ਜਿਸ ਕਰਕੇ ਕਿਸਾਨਾਂ ਵਿੱਚ ਵੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

Comments

Leave a Reply