Sun,Jul 05,2020 | 05:18:59am
HEADLINES:

Overseas

'ਅਰਬ ਦੇਸ਼ਾਂ ਤੋਂ ਵਾਪਸ ਭਾਰਤ ਆ ਰਹੇ ਲੋਕ ਖਾਲੀ ਹੱਥ, ਰੋਟੀ ਪੱਖੋਂ ਵੀ ਤੰਗ, ਉਨ੍ਹਾਂ ਤੋਂ ਨਾ ਵਸੂਲਿਆ ਜਾਵੇ ਪੈਸਾ'

'ਅਰਬ ਦੇਸ਼ਾਂ ਤੋਂ ਵਾਪਸ ਭਾਰਤ ਆ ਰਹੇ ਲੋਕ ਖਾਲੀ ਹੱਥ, ਰੋਟੀ ਪੱਖੋਂ ਵੀ ਤੰਗ, ਉਨ੍ਹਾਂ ਤੋਂ ਨਾ ਵਸੂਲਿਆ ਜਾਵੇ ਪੈਸਾ'

ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ ਕੁਵੈਤ ਦੇ ਅਹੁਦੇਦਾਰ ਜਗਵੀਰ ਸਿੰਘ ਦਿਹਾਣਾ ਨੇ ਉੱਥੇ ਦੇ ਹਾਲਾਤ ਤੇ ਪੰਜਾਬ ਆ ਰਹੇ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ 'ਲੋਕ ਲੀਡਰ' ਨਾਲ ਫੋਨ ਤੇ ਗੱਲਬਾਤ ਸਾਂਝੀ ਕੀਤੀ। ਜਗਵੀਰ ਸਿੰਘ ਦਿਹਾਣਾ ਨੇ ਕਿਹਾ ਕਿ ਕੁਵੈਤ ਤੇ ਹੋਰ ਅਰਬ ਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਪੰਜਾਬੀਆਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ।

ਇਹ ਜਦੋਂ ਭਾਰਤ ਪਹੁੰਚਦੇ ਹਨ ਤਾਂ ਇਨ੍ਹਾਂ ਨੂੰ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪ੍ਰਾਈਵੇਟ ਕੁਆਰੰਟਾਈਨ ਸੈਂਟਰਾਂ 'ਚ ਰੱਖਿਆ ਜਾਂਦਾ ਹੈ, ਜਿੱਥੇ ਦਾ ਖਰਚਾ ਸਰਕਾਰਾਂ ਵੱਲੋਂ ਖੁਦ ਨਾ ਚੁੱਕ ਕੇ ਇਨ੍ਹਾਂ ਦੇ ਪੱਲੇ ਹੀ ਪਾਇਆ ਜਾ ਰਿਹਾ ਹੈ। ਇਹ ਖਰਚਾ 20 ਤੋਂ 30 ਹਜ਼ਾਰ ਰੁਪਏ ਦਾ ਹੈ।

ਜਗਵੀਰ ਸਿੰਘ ਦਿਹਾਣਾ ਨੇ ਕਿਹਾ ਕਿ ਅਰਬ ਦੇਸ਼ਾਂ ਤੋਂ ਮਜਬੂਰੀ 'ਚ ਵਾਪਸ ਭਾਰਤ ਜਾਣ ਵਾਲੇ ਲੋਕ ਇੱਕ ਤਾਂ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹਨ, ਰੋਟੀ ਪੱਖੋਂ ਤੰਗ ਹਨ, ਉਪਰੋਂ ਆਪਣੇ ਦੇਸ਼ ਭਾਰਤ ਪਹੁੰਚਦੇ ਹੀ ਇਨ੍ਹਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ। ਉਨ੍ਹਾਂ ਦੀ ਸਥਿਤੀ ਪੈਸੇ ਦਾ ਭੁਗਤਾਨ ਕਰਨ ਦੀ ਨਹੀਂ ਹੈ। ਇਹ ਖਾਲੀ ਹੱਥੋਂ ਅਰਬ ਦੇਸ਼ਾਂ ਤੋਂ ਭਾਰਤ ਜਾ ਰਹੇ ਹਨ। ਇਨ੍ਹਾਂ ਦੇ ਪਰਿਵਾਰ, ਜੋ ਕਿ ਇਨ੍ਹਾਂ ਲੋਕਾਂ 'ਤੇ ਹੀ ਨਿਰਭਰ ਹਨ, ਉਹ ਵੀ ਪਹਿਲਾਂ ਹੀ ਆਰਥਿਕ ਤੰਗੀ ਦਾ ਸੰਤਾਪ ਝੱਲ ਰਹੇ ਹਨ।

ਇਸ ਕਰਕੇ ਦਿੱਲੀ ਤੋਂ ਪੰਜਾਬ ਤੱਕ ਆਉਣ ਤੇ ਉਨ੍ਹਾਂ ਦੇ ਕੁਆਰੰਟਾਈਨ ਸੈਂਟਰਾਂ ਦਾ ਖਰਚ ਸਰਕਾਰਾਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਅੱਗੇ ਅਪੀਲ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਨਾਲ ਚੰਗਾ ਸਲੂਕ ਕੀਤਾ ਜਾਵੇ। ਇਨ੍ਹਾਂ ਨੌਜਵਾਨਾਂ ਨੂੰ ਕੰਮ ਦੀ ਘਾਟ ਕਾਰਨ ਕੁਵੈਤ 'ਚ ਰਹਿੰਦਿਆਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਜਗਵੀਰ ਸਿੰਘ ਦਿਹਾਣਾ ਨੇ ਕਿਹਾ ਕਿ ਦਿੱਲੀ ਏਅਰਪੋਰਟ 'ਤੇ ਉਤਰਨ ਵਾਲੇ ਕਈ ਪੰਜਾਬੀਆਂ ਵੱਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕੁਆਰੰਟਾਈਨ ਦੇ ਨਾਂ 'ਤੇ ਦਿੱਲੀ ਦੇ ਹੋਟਲਾਂ 'ਚ ਰੱਖਿਆ ਜਾ ਰਿਹਾ ਹੈ, ਜਿਸਦਾ ਹਜ਼ਾਰਾਂ ਰੁਪਏ ਦਾ ਖਰਚਾ ਉਨ੍ਹਾਂ ਤੋਂ ਵਸੂਲਿਆ ਜਾ ਰਿਹਾ ਹੈ, ਜਦਕਿ ਇਹ ਲੋਕ ਪਹਿਲਾਂ ਹੀ ਆਰਥਿਕ ਪੱਖੋਂ ਤੰਗਹਾਲ ਹਨ। ਉਨ੍ਹਾਂ ਨੇ ਡਾ. ਬੀ.ਆਰ. ਅੰਬੇਡਕਰ ਮਿਸ਼ਨਰੀ ਸਭਾ ਕੁਵੈਤ ਵੱਲੋਂ ਕੁਵੈਤ ਦੀ ਹਕੂਮਤ ਦਾ ਧੰਨਵਾਦ ਕੀਤਾ।

ਦਿਹਾਣਾ ਨੇ ਕਿਹਾ ਕਿ ਕੁਵੈਤ ਹਕੂਮਤ ਨੇ ਆਪਣੇ ਵਲੋਂ ਇਨ੍ਹਾਂ ਪ੍ਰਵਾਸੀ ਭਾਰਤੀਆਂ ਲਈ ਬਹੁਤ ਵੱਡੇ ਸ਼ਲਾਘਾਯੋਗ ਕਦਮ ਚੁੱਕੇ ਹਨ। ਉਨ੍ਹਾਂ ਨੂੰ ਵਿਸ਼ੇਸ਼ ਕੈਂਪ ਮੁਹੱਈਆ ਕਰਵਾ ਕੇ ਮੁਫਤ ਦਿੱਤੇ ਹਨ, ਲੋਕਾਂ ਦੀ ਭੋਜਨ ਸਬੰਧੀ ਸਮੱਸਿਆ ਨੂੰ ਮੁੱਖ ਰੱਖਦਿਆਂ ਪੂਰੇ ਕੁਵੈਤ 'ਚ ਇੱਕ ਆਨਲਾਈਨ ਸਰਵਿਸ ਵੀ ਦਿੱਤੀ ਹੈ, ਜਿਸ ਨਾਲ ਘਰ ਬੈਠੇ ਵੀ ਅਸੀਂ ਭੋਜਨ ਮੰਗਵਾ ਸਕਦੇ ਹਾਂ ਤੇ ਉਹ ਵੀ ਬਿਨਾਂ ਕਿਸੇ ਪੈਸੇ ਦੇ। ਜਗਵੀਰ ਸਿੰਘ ਦਿਹਾਣਾ ਨੇ ਕਿਹਾ ਕਿ ਜੇਕਰ ਸਰਕਾਰਾਂ ਦੀਆਂ ਨੀਤੀਆਂ ਤੇ ਕਾਰਗੁਜਾਰੀ ਚੰਗੀ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਘਰ-ਪਰਿਵਾਰ ਛੱਡ ਕੇ ਕੰਮ ਦੀ ਤਲਾਸ਼ 'ਚ ਵਿਦੇਸ਼ਾਂ ਦਾ ਰੁਖ਼ ਨਾ ਕਰਨਾ ਪੈਂਦਾ।

Comments

Leave a Reply