Thu,Jan 21,2021 | 02:56:19pm
HEADLINES:

Overseas

ਜਿਸਨੂੰ 'ਅਛੂਤ' ਹੋਣ ਕਰਕੇ ਨਫਰਤ ਮਿਲੀ, ਉਸਨੇ ਖਿਲਾਰੀ ਪਿਆਰ ਦੀ ਮਹਿਕ

ਜਿਸਨੂੰ 'ਅਛੂਤ' ਹੋਣ ਕਰਕੇ ਨਫਰਤ ਮਿਲੀ, ਉਸਨੇ ਖਿਲਾਰੀ ਪਿਆਰ ਦੀ ਮਹਿਕ

ਭਾਰਤ 'ਚ ਜਾਤੀਵਾਦੀ ਵਿਵਸਥਾ ਤਹਿਤ ਅਛੂਤ ਐਲਾਨੇ ਗਏ ਲੋਕਾਂ ਦਾ ਦਰਦ ਕੀ ਹੁੰਦਾ ਹੈ, ਇਸਨੂੰ ਡਾ. ਪੀਕੇ ਮਹਾਨੰਦੀਆ ਦੇ ਜੀਵਨ ਸੰਘਰਸ਼ ਤੋਂ ਜਾਣਿਆ ਜਾ ਸਕਦਾ ਹੈ। ਡਾ. ਪੀਕੇ ਮਹਾਨੰਦੀਆ ਓਡੀਸ਼ਾ ਦੇ ਇੱਕ ਦਲਿਤ ਪਰਿਵਾਰ 'ਚ ਪੈਦਾ ਹੋਏ। ਦਲਿਤ ਦੇ ਘਰ ਜਨਮ ਲੈਣ ਦੀ ਪੀੜਾ ਉਨ੍ਹਾਂ ਨੇ ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਹਰ ਕਦਮ 'ਤੇ ਸਹੀ। ਉਹ ਸਕੂਲ ਗਏ ਤਾਂ ਟੀਚਰਾਂ ਨੇ ਉਨ੍ਹਾਂ ਨੂੰ ਉੱਚ ਜਾਤੀ ਦੇ ਵਿਦਿਆਰਥੀਆਂ ਦੇ ਨਾਲ ਬੈਠਣ ਨਹੀਂ ਦਿੱਤਾ। ਇਹੀ ਭੇਦਭਾਵ ਵੱਡੇ ਹੋਣ 'ਤੇ ਵੀ ਜਾਰੀ ਰਿਹਾ।

ਹਾਲਾਂਕਿ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ ਤੇ ਅੱਜ ਉਹੀ 'ਅਛੂਤ' ਐਲਾਨੇ ਗਏ ਡਾ. ਪੀਕੇ ਮਹਾਨੰਦੀਆ ਸਵੀਡਨ ਸਰਕਾਰ ਦੇ ਸਲਾਹਕਾਰ (ਆਰਟ ਐਂਡ ਕਲਚਰ) ਵੱਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾ. ਪੀਕੇ ਮਹਾਨੰਦੀਆ ਨਾ ਸਿਰਫ ਆਪਣੇ ਜੀਵਨ ਸੰਘਰਸ਼ ਲਈ ਜਾਣੇ ਜਾਂਦੇ ਹਨ, ਸਗੋਂ ਉਨ੍ਹਾਂ ਦੀ ਸਵੀਡਨ ਦੀ ਲੜਕੀ ਨਾਲ ਪਿਆਰ ਦੀ ਕਹਾਣੀ ਵੀ ਬੇਮਿਸਾਲ ਹੈ। ਇਸਨੂੰ ਲੈ ਕੇ ਦੇਸ਼-ਵਿਦੇਸ਼ 'ਚ ਕਈ ਕਿਤਾਬਾਂ ਵੀ ਛਪ ਚੁੱਕੀਆਂ ਹਨ। ਟੀਵੀ ਚੈਨਲਾਂ ਤੇ ਅਖਬਾਰਾਂ 'ਚ ਵੀ ਇਹ ਕਹਾਣੀ ਅਮਰ ਹੋ ਚੁੱਕੀ ਹੈ।

ਡਾ. ਪੀਕੇ ਮਹਾਨੰਦੀਆ ਓਡੀਸ਼ਾ ਦੇ ਜੰਗਲ ਖੇਤਰ 'ਚ ਪੈਦਾ ਹੋਏ ਸਨ। ਉਹ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਸਨ, ਇਸ ਕਰਕੇ ਜਾਤੀ ਭੇਦਭਾਵ ਉਨ੍ਹਾਂ ਦੇ ਜਨਮ ਤੋਂ ਹੀ ਸ਼ੁਰੂ ਹੋ ਗਿਆ। ਜਦੋਂ ਉਹ ਸਕੂਲ ਗਏ ਤਾਂ ਉਨ੍ਹਾਂ ਨੂੰ ਕਲਾਸ 'ਚ ਉੱਚ ਜਾਤੀ ਦੇ ਵਿਦਿਆਰਥੀਆਂ ਤੋਂ ਅਲੱਗ ਬਿਠਾਇਆ ਜਾਂਦਾ ਸੀ।

ਡਾ. ਮਹਾਨੰਦੀਆ ਕਹਿੰਦੇ ਹਨ ਕਿ ''ਮੈਨੂੰ ਅਛੂਤ ਹੋਣ ਕਰਕੇ ਕਲਾਸ ਰੂਮ ਦੇ ਅੰਦਰ ਨਹੀਂ ਬੈਠਣ ਦਿੱਤਾ ਜਾਂਦਾ ਸੀ। ਜੇਕਰ ਮੇਰੀ ਕਲਾਸ 'ਚ ਪੜ੍ਹਨ ਵਾਲੇ ਉੱਚ ਜਾਤੀ ਦੇ ਬੱਚੇ ਗਲਤੀ ਨਾਲ ਮੈਨੂੰ ਛੂਹ ਲੈਂਦੇ ਸਨ ਤਾਂ ਉਹ ਆਪਣੇ ਆਪ ਨੂੰ ਪਾਣੀ ਨਾਲ ਸਾਫ ਕਰਦੇ ਸਨ। ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਸੀ। ਮੈਂ ਆਪਣੇ ਆਪ ਨੂੰ ਹਰ ਸਮੇਂ ਪੁੱਛਿਆ ਕਰਦਾ ਸੀ ਕਿ ਆਖਰ ਮੈਂ ਭਾਰਤ 'ਚ ਅਛੂਤ ਕਿਉਂ ਜੰਮਿਆ?''

ਆਪਣੀ ਸਕੂਲੀ ਸਿੱਖਿਆ ਤੋਂ ਬਾਅਦ ਡਾ. ਪੀਕੇ ਮਹਾਨੰਦੀਆ ਨੇ 1971 'ਚ ਦਿੱਲੀ ਦੇ ਕਾਲਜ ਆਫ ਆਰਟ 'ਚ ਦਾਖਲਾ ਲੈ ਲਿਆ। ਉਨ੍ਹਾਂ ਨੇ ਸਕਾਲਰਸ਼ਿਪ ਰਾਹੀਂ ਫਾਈਨ ਆਰਟਸ ਦੀ ਪੜ੍ਹਾਈ ਸ਼ੁਰੂ ਕੀਤੀ। ਇੱਥੇ ਵੀ ਉਨ੍ਹਾਂ ਨੂੰ ਮੁਸ਼ਕਿਲਾਂ ਪੇਸ਼ ਆਈਆਂ, ਕਿਉਂਕਿ ਜ਼ਿਆਦਾਤਰ ਸਮਾਂ ਸਕਾਲਰਸ਼ਿਪ ਰਕਮ ਉਨ੍ਹਾਂ ਕੋਲ ਨਹੀਂ ਪਹੁੰਚਦੀ ਸੀ।

ਕਿਸੇ ਤਰ੍ਹਾਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਲੱਭਣੀ ਸ਼ੁਰੂ ਕੀਤੀ, ਪਰ ਇੱਥੇ ਦਲਿਤ ਦੇ ਰੂਪ 'ਚ ਉਨ੍ਹਾਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਉਦੋਂ ਸਭ ਕੁਝ ਬਦਲ ਗਿਆ ਜਦੋਂ ਡਾ. ਮਹਾਨੰਦੀਆ ਇੱਕ ਦਿਨ ਸੋਵੀਅਤ ਸੰਘ ਦੀ ਪਹਿਲੀ ਮਹਿਲਾ ਸਪੇਸ ਯਾਤਰੀ ਵੇਲੇਂਟੀਨਾ ਟ੍ਰਸੇਕੋਵਾ ਨੂੰ ਮਿਲੇ।

ਡਾ. ਮਹਾਨੰਦੀਆ ਕਹਿੰਦੇ ਹਨ ਕਿ ਜਦੋਂ ਉਹ ਉਦਾਸ ਹੁੰਦੇ ਸਨ ਤਾਂ ਪੇਂਟਿੰਗ ਕਰਦੇ ਸਨ ਅਤੇ ਜਦੋਂ ਖੁਸ਼ ਹੁੰਦੇ ਸਨ ਤਾਂ ਉਦੋਂ ਵੀ ਪੇਂਟਿੰਗ ਕਰਿਆ ਕਰਦੇ ਸਨ ਤੇ ਆਪਣੀਆਂ ਭਾਵਨਾਵਾਂ ਪੇਂਟਿੰਗ ਰਾਹੀਂ ਪ੍ਰਗਟ ਕਰਦੇ ਸਨ। ਡਾ. ਮਹਾਨੰਦੀਆ ਨੇ ਵੇਲੇਂਟੀਨਾ ਟ੍ਰਸੇਕੋਵਾ ਦਾ ਸਕੈਚ ਬਣਾ ਕੇ ਉਨ੍ਹਾਂ ਨੂੰ ਗਿਫਟ ਕੀਤਾ, ਜਿਸਨੂੰ ਅਗਲੇ ਦਿਨ ਸਾਰੀਆਂ ਅਖਬਾਰਾਂ ਨੇ ਛਾਪਿਆ, ਜਿਸ ਤੋਂ ਬਾਅਦ ਉਹ ਚਰਚਾ 'ਚ ਆ ਗਏ।

ਡਾ. ਮਹਾਨੰਦੀਆ ਨੂੰ ਵਿਦੇਸ਼ਾਂ ਤੋਂ ਆਉਣ ਵਾਲੇ ਟੂਰੀਸਟਾਂ ਦੇ ਚਿੱਤਰ ਬਣਾਉਣ ਦਾ ਮੌਕਾ ਵੀ ਮਿਲਿਆ। ਉਹ ਦੱਸਦੇ ਹਨ, ''ਮੈਂ ਦਿੱਲੀ 'ਚ ਪੋਟ੍ਰੇਟ ਬਣਾਇਆ ਕਰਦਾ ਸੀ, ਤਾਂਕਿ ਕੁਝ ਪੈਸਾ ਕਮਾ ਕੇ ਰੋਟੀ ਦਾ ਪ੍ਰਬੰਧ ਕੀਤਾ ਜਾ ਸਕੇ।''

17 ਦਸੰਬਰ 1975 ਨੂੰ ਉਨ੍ਹਾਂ ਨੇ ਦਿੱਲੀ ਘੁੰਮਣ ਆਈ ਸਵੀਡਨ ਦੀ ਇੱਕ ਲੜਕੀ ਨਾਲ ਮੁਲਾਕਾਤ ਕੀਤੀ, ਜਿਸਦਾ ਨਾਂ ਚਾਰਲਟ ਵੋਨ ਸੀ। ਚਾਰਲਟ ਸਵੀਡਨ ਦੇ ਅਮੀਰ ਘਰ ਦੀ ਬੇਟੀ ਸੀ, ਜਦਕਿ ਡਾ. ਮਹਾਨੰਦੀਆ ਭਾਰਤ ਦੇ ਗਰੀਬ ਦਲਿਤ ਪਰਿਵਾਰ ਨਾਲ ਸਬੰਧਤ ਸਨ। ਇਸਦੇ ਬਾਵਜੂਦ ਦੋਨਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਸਿਰਫ 3 ਦਿਨਾਂ ਅੰਦਰ ਉਨ੍ਹਾਂ ਨੇ ਓਡੀਸ਼ਾ ਦੀ ਯਾਤਰਾ ਕੀਤੀ ਤੇ ਵਿਆਹ ਕਰ ਲਿਆ।

ਚਾਰਲਟ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਸਵੀਡਨ ਲਈ ਰਵਾਨਾ ਹੋਣਾ ਪਿਆ। ਉਨ੍ਹਾਂ ਨੇ ਪੂਰੇ ਸਾਲ ਦੌਰਾਨ ਇੱਕ-ਦੂਜੇ ਨੂੰ ਚਿੱਠੀਆਂ ਲਿਖੀਆਂ। ਇੱਕ ਦਿਨ ਮਹਾਨੰਦੀਆ ਨੇ ਚਾਰਲਟ ਨੂੰ ਮਿਲਣ ਲਈ ਸਵੀਡਨ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਸਾਈਕਲ ਖਰੀਦਿਆ। ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਵੀਡਨ ਦੀ ਯਾਤਰਾ 'ਤੇ ਨਿੱਕਲ ਪਏ। ਡਾ. ਪੀਕੇ ਮਹਾਨੰਦੀਆ ਨੂੰ ਆਪਣੀ ਪਤਨੀ ਨਾਲ ਮਿਲਣ ਲਈ ਸਾਈਕਲ 'ਤੇ ਸਵੀਡਨ ਤੱਕ ਦਾ ਸਫਰ ਤੈਅ ਕਰਨ 'ਚ 5 ਮਹੀਨੇ ਲੱਗੇ।

ਹੁਣ ਉਹ ਸਵੀਡਨ 'ਚ ਰਹਿੰਦੇ ਹਨ ਅਤੇ ਇੱਕ ਕਲਾਕਾਰ ਦੇ ਨਾਲ-ਨਾਲ ਸਵੀਡਨ ਸਰਕਾਰ ਲਈ ਕਲਾ ਤੇ ਸੰਸਕ੍ਰਿਤੀ ਦੇ ਸਲਾਹਕਾਰ ਦੇ ਰੂਪ ਵੱਜੋਂ ਕੰਮ ਕਰਦੇ ਹਨ। ਉਹ ਕੁਦਰਤ ਪ੍ਰੇਮੀ ਹਨ। ਛੂਆਛਾਤ ਦਾ ਸਾਹਮਣਾ ਕਰ ਚੁੱਕੇ ਡਾ. ਮਹਾਨੰਦੀਆ ਕਹਿੰਦੇ ਹਨ ਕਿ ਦੁਨੀਆ ਦੇ ਫਾਸਲੇ ਖਤਮ ਹੋ ਜਾਣੇ ਚਾਹੀਦੇ ਹਨ ਤੇ ਭੇਦਭਾਵ ਖਤਮ ਕਰਕੇ ਸਾਰਿਆਂ ਨੂੰ ਇੱਕਮਿੱਕ ਹੋ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇ ਜੀਵਨ ਸੰਘਰਸ਼ ਤੇ ਪਿਆਰ ਦੀ ਕਹਾਣੀ ਅੱਜ ਦੁਨੀਆ ਭਰ 'ਚ ਵਸਦੇ ਕਰੋੜਾਂ ਲੋਕਾਂ ਲਈ ਮਿਸਾਲ ਹੈ, ਜਿਸਨੂੰ ਸੁਣਨ ਤੋਂ ਬਾਅਦ ਮੇਹਨਤ ਕਰਦੇ ਰਹਿਣ ਦੀ ਪ੍ਰੇਰਣਾ ਮਿਲਦੀ ਹੈ।

'ਚਾਰਲਟ ਨੇ ਚੁੰਮਿਆ ਤਾਂ ਲੱਗਾ ਜਿਵੇਂ ਮੈਂ ਅੰਬਰ ਤੋਂ ਉੱਚਾ ਹੋ ਗਿਆ ਹਾਂ'
ਡਾ. ਪੀਕੇ ਮਹਾਨੰਦੀਆ ਕਹਿੰਦੇ ਹਨ ਕਿ 1975 'ਚ ਸਵੀਡਨ ਦੀ ਰਹਿਣ ਵਾਲੀ ਚਾਰਲਟ ਦਿੱਲੀ ਘੁੰਮਣ ਆਈ ਸੀ, ਜਿੱਥੇ ਉਹ ਪੋਟ੍ਰੇਟ ਬਣਾਇਆ ਕਰਦੇ ਸਨ। ਇੱਥੇ ਮੁਲਾਕਾਤ ਦੌਰਾਨ ਉਨ੍ਹਾਂ ਦੋਨਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਡਾ. ਮਹਾਨੰਦੀਆ ਕਹਿੰਦੇ ਹਨ, ''ਮੇਰੀ ਮਾਂ ਤੋਂ ਇਲਾਵਾ ਕਿਸੇ ਨੇ ਮੈਨੂੰ ਚੁੰਮਿਆ ਨਹੀਂ ਸੀ, ਕਿਉਂਕਿ 'ਅਛੂਤ' ਹੋਣ ਕਾਰਨ ਲੋਕ ਮੇਰੇ ਤੋਂ ਦੂਰ ਰਹਿੰਦੇ ਸਨ। ਮੈਂ ਸੋਚਦਾ ਹੁੰਦਾ ਸੀ ਕਿ ਮੇਰੀ ਜ਼ਿੰਦਗੀ ਕੁੱਤਿਆਂ ਤੇ ਡੰਗਰਾਂ ਤੋਂ ਵੀ ਮਾੜੀ ਹੈ, ਪਰ ਜਦੋਂ ਚਾਰਲਟ ਨੇ ਮੈਨੂੰ ਚੁੰਮਿਆ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਮੈਂ ਅੰਬਰ ਤੋਂ ਵੀ ਉੱਚਾ ਹੋ ਗਿਆ ਹਾਂ।''

ਸਾਈਕਲ 'ਤੇ 5 ਮਹੀਨੇ 'ਚ ਤੈਅ ਕੀਤਾ ਭਾਰਤ ਤੋਂ ਸਵੀਡਨ ਦਾ ਸਫਰ
ਸਵੀਡਨ ਦੀ ਰਹਿਣ ਵਾਲੀ ਚਾਰਲਟ ਨਾਲ 1975 'ਚ ਡਾ. ਪੀਕੇ ਮਹਾਨੰਦੀਆ ਨੇ ਓਡੀਸ਼ਾ 'ਚ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਪੜ੍ਹਾਈ ਪੂਰੀ ਕਰਨ ਲਈ ਚਾਰਲਟ ਨੂੰ ਵਾਪਸ ਸਵੀਡਨ ਜਾਣਾ ਪਿਆ। ਇੱਕ ਸਾਲ ਬੀਤ ਜਾਣ ਬਾਅਦ ਇੱਕ ਦਿਨ ਮਹਾਨੰਦੀਆ ਨੇ ਚਾਰਲਟ ਨੂੰ ਮਿਲਣ ਲਈ ਸਵੀਡਨ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣਾ ਸਭ ਕੁਝ ਵੇਚ ਕੇ ਇੱਕ ਸੈਕੰਡ ਹੈਂਡ ਸਾਈਕਲ ਲਿਆ ਤੇ ਉਸ 'ਤੇ 5 ਮਹੀਨੇ ਸਫਰ ਤੈਅ ਕਰਦੇ ਹੋਏ ਸਵੀਡਨ ਪਹੁੰਚ ਗਏ। ਉਨ੍ਹਾਂ ਦੇ ਪਿਆਰ ਦੀ ਕਹਾਣੀ ਅੱਜ ਦੁਨੀਆ ਭਰ ਦੇ ਮੀਡੀਏ-ਕਿਤਾਬਾਂ 'ਚ ਜਗ੍ਹਾ ਬਣਾ ਰਹੀ ਹੈ। ਇਸ ਸਮੇਂ ਚਾਰਲਟ ਮਿਊਜ਼ਿਕ ਟੀਚਰ ਹਨ।

ਮਨੂੰ ਦੇ ਬੁੱਤ ਨੂੰ ਹਟਾਉਣ ਲਈ ਚੁੱਕ ਰਹੇ ਆਵਾਜ਼
ਬਚਪਨ ਤੋਂ ਹੀ ਜਾਤੀਵਾਦੀ ਛੂਆਛਾਤ ਦਾ ਸਾਹਮਣਾ ਕਰ ਚੁੱਕੇ ਡਾ. ਪੀਕੇ ਮਹਾਨੰਦੀਆ ਭਾਰਤ 'ਚ ਰਾਜਸਥਾਨ ਹਾਈਕੋਰਟ ਦੇ ਬਾਹਰ ਲੱਗੇ ਮਨੂੰ ਦੇ ਬੁੱਤ ਨੂੰ ਭਾਰਤੀ ਲੋਕਤੰਤਰ ਵਿਰੋਧੀ ਦੱਸਦੇ ਹਨ। ਇਸ ਸਬੰਧ 'ਚ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਮਨੂੰ ਦੇ ਬੁੱਤ ਦੀ ਤਸਵੀਰ ਪਾ ਕੇ ਇਸਨੂੰ ਹਟਾਉਣ ਲਈ ਚਲਾਈ ਜਾ ਰਹੀ ਮੁਹਿੰਮ 'ਚ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਜਾਤੀਵਾਦੀ ਵਿਵਸਥਾ ਦਾ ਅਧਾਰ ਮਨੂੰਸਮ੍ਰਿਤੀ ਨੂੰ ਮੰਨਿਆ ਜਾਂਦਾ ਹੈ, ਜਿਸਦੇ ਤਹਿਤ ਇਨਸਾਨਾਂ ਨੂੰ ਚਾਰ ਵਰਣਾਂ 'ਚ ਵੰਡਿਆ ਗਿਆ ਹੈ।
(ਲੋਕ ਲੀਡਰ)

Comments

Leave a Reply