Tue,Jun 18,2019 | 07:10:02pm
HEADLINES:

Overseas

ਜਾਤੀਵਾਦੀ ਲੋਕ ਵਿਦੇਸ਼ ਚਲੇ ਗਏ, ਨਾਲ ਜਾਤ ਦਾ 'ਕੂੜਾ' ਵੀ ਲੈ ਗਏ

ਜਾਤੀਵਾਦੀ ਲੋਕ ਵਿਦੇਸ਼ ਚਲੇ ਗਏ, ਨਾਲ ਜਾਤ ਦਾ 'ਕੂੜਾ' ਵੀ ਲੈ ਗਏ

ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਲੋਕ ਸਿਰਫ ਭਾਰਤ ਵਿੱਚ ਹੀ ਨਹੀਂ, ਵਿਦੇਸ਼ੀ ਧਰਤੀ 'ਤੇ ਵੀ ਜਾਤੀ ਭੇਦਭਾਵ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਵਾਂਗ ਹੁਣ ਉਨ੍ਹਾਂ ਦੇਸ਼ਾਂ ਵਿੱਚ ਵੀ ਜਾਤੀਵਾਦ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋ ਚੁੱਕੀ ਹੈ। ਬ੍ਰਿਟੇਨ ਵਿੱਚ ਇਸੇ ਤਰ੍ਹਾਂ ਰਹਿ ਰਹੇ ਐੱਸਸੀ ਵਰਗ ਦੇ ਲੋਕ ਛੂਆਛਾਤ ਤੇ ਜਾਤੀਵਾਦ ਖਿਲਾਫ ਲੜਾਈ ਲੜ ਰਹੇ ਹਨ।
 
ਬ੍ਰਿਟੇਨ ਵਿੱਚ ਦੱਖਣ ਏਸ਼ੀਆਈ ਮੂਲ ਦੇ ਕਰੀਬ 30 ਲੱਖ ਲੋਕ ਰਹਿੰਦੇ ਹਨ। ਬ੍ਰਿਟੇਨ ਦੀਆਂ ਏਜੰਸੀਆਂ ਦਾ ਅਨੁਮਾਨ ਹੈ ਕਿ ਇਨ੍ਹਾਂ ਵਿੱਚੋਂ 50 ਹਜ਼ਾਰ ਤੋਂ 2 ਲੱਖ ਵਿਚਕਾਰ ਆਬਾਦੀ ਐੱਸਸੀ ਵਰਗ ਦੇ ਲੋਕਾਂ ਦੀ ਹੈ। ਬ੍ਰਿਟੇਨ ਵਿੱਚ ਐੱਸਸੀ ਵਰਗਾਂ 'ਤੇ ਹੋਣ ਵਾਲੇ ਅੱਤਿਆਚਾਰਾਂ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਹੈ।
 
ਹਾਲਾਂਕਿ ਉੱਥੇ ਨਸਲੀ ਅੱਤਿਆਚਾਰ ਰੋਕਣ ਲਈ ਕਾਨੂੰਨ ਹੈ। ਭਾਰਤੀ ਮੂਲ ਦੇ ਦਲਿਤਾਂ ਦਾ ਦਾਅਵਾ ਹੈ ਕਿ ਜੇਕਰ ਕਾਲਾ ਵਿਅਕਤੀ ਨਸਲੀ ਭੇਦਭਾਵ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਇਸ ਕਾਨੂੰਨ ਤਹਿਤ ਮਾਮਲਾ ਦਰਜ ਕਰਵਾ ਕੇ ਨਿਆਂ ਦੀ ਅਪੀਲ ਕਰ ਸਕਦਾ ਹੈ, ਪਰ ਕਿਸੇ ਦੱਖਣ ਏਸ਼ੀਆਈ ਮੂਲ ਦੇ ਵਿਅਕਤੀ ਨੂੰ ਜਾਤੀਸੂਚਕ ਸ਼ਬਦ ਜਾਂ ਛੂਆਛਾਤ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਾਂ ਨਿਆਂ ਪਾਉਣਾ ਤਾਂ ਦੂਰ ਉਹ ਅਧਿਕਾਰੀਆਂ ਨੂੰ ਇਹ ਸਮਝਾ ਵੀ ਨਹੀਂ ਪਾਉਂਦਾ ਕਿ ਉਹ ਨਸਲੀ ਭੇਦਭਾਵ ਵਰਗੇ ਹੀ ਖਤਰਨਾਕ ਜਾਤੀ ਭੇਦਭਾਵ ਜਾਂ ਛੂਆਛਾਤ ਦਾ ਸ਼ਿਕਾਰ ਹੋ ਰਿਹਾ ਹੈ।
 
ਪਿਛਲੇ ਕਈ ਦਹਾਕਿਆਂ ਤੋਂ ਬ੍ਰਿਟੇਨ ਵਿੱਚ ਰਹਿਣ ਵਾਲੇ ਐੱਸਸੀ ਵਰਗ ਦੇ ਲੋਕ ਕਹਿ ਰਹੇ ਹਨ ਕਿ ਭਾਰਤ ਵਾਂਗ ਇੰਗਲੈਂਡ ਵਿੱਚ ਵੀ ਉਨ੍ਹਾਂ ਨੂੰ ਜਾਤ-ਪਾਤ ਆਧਾਰਿਤ ਭੇਦਭਾਵ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬ੍ਰਿਟੇਨ ਵਿੱਚ ਲੰਮੇ ਸਮੇਂ ਤੋਂ ਜਾਤੀਵਾਦ ਨੂੰ ਕਾਨੂੰਨੀ ਅਪਰਾਧ ਐਲਾਨ ਕਰਾਉਣ ਦੀ ਲੜਾਈ ਲੜ ਰਹੀ ਸਾਬਕਾ ਅਧਿਕਾਰੀ ਤੇ ਸਮਾਜਿਕ ਵਰਕਰ ਸੰਤੋਸ਼ ਦਾਸ ਮੁਤਾਬਕ, ''ਪਹਿਲਾਂ ਤਾਂ ਕੋਈ ਮੰਨਦਾ ਹੀ ਨਹੀਂ ਸੀ ਕਿ ਬ੍ਰਿਟੇਨ ਵਿੱਚ ਐੱਸਸੀ ਵਰਗ ਦੇ ਲੋਕਾਂ ਨਾਲ ਭੇਦਭਾਵ ਹੋ ਰਿਹਾ ਹੈ ਅਤੇ ਇਹ ਭੇਦਭਾਵ ਹੋਰ ਕੋਈ ਨਹੀਂ, ਸਗੋਂ ਬ੍ਰਿਟੇਨ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਉੱਚ ਜਾਤੀ ਦੇ ਲੋਕ ਹੀ ਕਰ ਰਹੇ ਹਨ।''
 
ਬ੍ਰਿਟੇਨ ਵਿੱਚ ਛੂਆਛਾਤ ਦੀ ਰਿਪੋਰਟ ਤਿਆਰ ਕਰਨ ਦਾ ਕੰਮ ਦਸੰਬਰ 2010 ਵਿੱਚ ਨੈਸ਼ਨਲ ਇੰਸਟੀਟਿਊਟ ਆਫ ਇਕੋਨਾਮਿਕ ਐਂਡ ਸੋਸ਼ਲ ਰਿਸਰਚ ਨੂੰ ਸੌਂਪਿਆ ਗਿਆ। ਸੰਸਥਾਨ ਵੱਲੋਂ ਹਿਲੇਰੀ ਮੇਟਕਾਫ ਅਤੇ ਹੀਥਰ ਰੋਲਫ ਨੇ ਕਾਸਟ ਡਿਸਕ੍ਰਿਮਿਨੇਸ਼ਨ ਐਂਡ ਹੈਰਾਸਮੈਂਟ ਇਨ ਗ੍ਰੇਟ ਬ੍ਰਿਟੇਨ ਨਾਂ ਦੀ ਆਪਣੀ 114 ਪੇਜ਼ ਦੀ ਰਿਪੋਰਟ 28 ਜੁਲਾਈ 2011 ਨੂੰ ਸੌਂਪ ਦਿੱਤੀ। ਰਿਪੋਰਟ ਵਿੱਚ ਜੋ ਕਿਹਾ ਗਿਆ, ਉਹ ਹੈਰਾਨ ਕਰਨ ਵਾਲਾ ਸੀ।
 
ਰਿਪੋਰਟ ਵਿੱਚ ਬ੍ਰਿਟੇਨ 'ਚ ਰਹਿ ਰਹੇ ਐੱਸਸੀ ਸਮਾਜ ਦੇ ਲੋਕਾਂ ਅਤੇ ਉੱਥੇ ਕੰਮ ਕਰ ਰਹੇ ਦੋ ਦਰਜਨ ਤੋਂ ਜ਼ਿਆਦਾ ਦਲਿਤ ਸੰਗਠਨਾਂ ਨਾਲ ਗੱਲਬਾਤ ਕੀਤੀ ਗਈ। ਸਕੂਲਾਂ ਵਿੱਚ ਕੀਤੇ ਗਏ ਸਰਵੇ ਤੋਂ ਪਤਾ ਲੱਗਾ ਕਿ ਭਾਰਤੀ ਮੂਲ ਦੇ ਉੱਚ ਜਾਤੀ ਦੇ ਵਿਦਿਆਰਥੀ ਆਪਣੇ ਨਾਲ ਪੜ੍ਹਨ ਵਾਲੇ ਐੱਸਸੀ ਵਿਦਿਆਰਥੀਆਂ ਨੂੰ ਜਾਤੀਸੂਚਕ ਸ਼ਬਦ ਕਹਿ ਕੇ ਜ਼ਲੀਲ ਕਰਦੇ ਹਨ। ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ, ਜਿੱਥੇ ਪਹਿਲਾਂ ਤੋਂ ਵਿਦਿਆਰਥੀਆਂ ਵਿੱਚ ਦੋਸਤੀ ਸੀ, ਪਰ ਇੱਕ-ਦੂਜੇ ਦੀ ਜਾਤ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦਾ ਵਿਵਹਾਰ ਬਦਲ ਗਿਆ।
 
ਕਈ ਮਾਮਲਿਆਂ ਵਿੱਚ ਜਾਤੀ ਆਧਾਰਿਤ ਭੇਦਭਾਵ ਕਾਰਨ ਵਿਦਿਆਰਥੀਆਂ ਨੇ ਸਕੂਲ ਹੀ ਛੱਡ ਦਿੱਤਾ। ਇੱਕ ਮਾਮਲੇ ਵਿੱਚ ਤਾਂ ਇੱਕ ਵਿਦਿਆਰਥੀ ਨੇ ਸਕੂਲ ਆਉਣਾ ਹੀ ਛੱਡ ਦਿੱਤਾ ਅਤੇ ਘਰ ਰਹਿ ਕੇ ਈਅਰਫੋਨ ਤੋਂ ਕਲਾਸ ਅਟੈਂਡ ਕੀਤੀ। ਨੌਕਰੀਆਂ ਵਿੱਚ ਭਰਤੀ ਅਤੇ ਪ੍ਰਮੋਸ਼ਨ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਏ, ਜਿੱਥੇ ਉੱਚ ਜਾਤੀ ਦੇ ਲੋਕਾਂ ਨੇ ਐੱਸਸੀ ਵਰਗਾਂ ਦੇ ਮੌਕੇ ਖੋਹ ਲਏ। ਕਈ ਮਾਮਲਿਆਂ ਵਿੱਚ ਐੱਸਸੀ ਵਰਗਾਂ ਨੂੰ ਅਲੱਗ ਬੈਠ ਕੇ ਭੋਜਨ ਕਰਨਾ ਪੈਂਦਾ ਹੈ, ਕਿਉਂਕਿ ਉੱਚ ਜਾਤੀ ਵਾਲੇ ਉਨ੍ਹਾਂ ਨਾਲ ਬੈਠਣਾ ਪਸੰਦ ਨਹੀਂ ਕਰਦੇ। ਜ਼ਿਆਦਾਤਰ ਮਾਮਲਿਆਂ ਵਿੱਚ ਪੀੜਤ ਆਪਣੇ ਗੋਰੇ ਅਫਸਰਾਂ ਨੂੰ ਸਮਝਾ ਹੀ ਨਹੀਂ ਪਾਉਂਦੇ ਕਿ ਆਖਿਰ ਉਨ੍ਹਾਂ ਨਾਲ ਹੋ ਕੀ ਰਿਹਾ ਹੈ।
 
ਸਭ ਤੋਂ ਅਜੀਬ ਮਾਮਲਾ ਤਾਂ ਟੈਕਸੀ ਚਲਾਉਣ ਵਾਲੇ ਇੱਕ ਐੱਸਸੀ ਕਾਰੋਬਾਰੀ ਦੇ ਨਾਲ ਸਾਹਮਣੇ ਆਇਆ। ਉਸਦੀ ਕੰਪਨੀ ਵਿੱਚ ਜ਼ਿਆਦਾਤਰ ਉੱਚ ਜਾਤੀ ਵਾਲੇ ਟੈਕਸੀ ਡ੍ਰਾਈਵਰ ਕੰਮ ਕਰਦੇ ਸਨ। ਇਹ ਆਪਸੀ ਗੱਲਬਾਤ ਵਿੱਚ ਜਾਤੀਸੂਚਕ ਸ਼ਬਦ ਅਤੇ ਜਾਤੀਵਾਦੀ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਸਨ। ਜਦੋਂ ਕਾਰੋਬਾਰੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਗਲਤ ਕੀ ਹੈ। ਤਾਂ ਕਾਰੋਬਾਰੀ ਨੇ ਦੱਸਿਆ ਕਿ ਉਹ ਐੱਸਸੀ ਵਰਗ ਨਾਲ ਸਬੰਧਤ ਹੈ ਅਤੇ ਜਾਤੀਸੂਚਕ ਸ਼ਬਦਾਂ ਨਾਲ ਉਸਨੂੰ ਅਪਮਾਨ ਮਹਿਸੂਸ ਹੁੰਦਾ ਹੈ। ਕਾਰੋਬਾਰੀ ਦੇ ਐੱਸਸੀ ਹੋਣ ਦੀ ਗੱਲ ਪਤਾ ਲੱਗਣ 'ਤੇ 5 ਡ੍ਰਾਈਵਰਾਂ ਨੇ ਇਹ ਕਹਿੰਦੇ ਹੋਏ ਨੌਕਰੀ ਛੱਡ ਦਿੱਤੀ ਕਿ ਉਹ ਨੀਚ ਜਾਤੀ ਦੇ ਵਿਅਕਤੀ ਦੇ ਇੱਥੇ ਨੌਕਰੀ ਨਹੀਂ ਕਰਨਗੇ। 
 
ਇਨ੍ਹਾਂ ਹਾਲਾਤ 'ਤੇ ਦ ਫਾਉਂਡੇਸ਼ਨ ਆਫ ਅੰਬੇਡਕਰ ਐਂਡ ਬੁੱਧਿਸਟ ਆਰਗਨਾਈਜੇਸ਼ਨ ਯੂਕੇ ਦੇ ਅਰੁਣ ਕੁਮਾਰ ਕਹਿੰਦੇ ਹਨ, ''ਇਹ ਰਿਪੋਰਟ ਬ੍ਰਿਟੇਨ ਦੇ ਲੋਕਾਂ ਲਈ ਇੱਕ ਨਵੀਂ ਚੀਜ਼ ਸੀ। ਉਨ੍ਹਾਂ ਨੂੰ ਭਰੋਸਾ ਹੀ ਨਹੀਂ ਹੋਇਆ ਕਿ ਬ੍ਰਿਟੇਨ ਵਿੱਚ ਇਸ ਤਰ੍ਹਾਂ ਛੂਆਛਾਤ ਫੈਲੀ ਹੋਈ ਹੈ। ਹਾਲਾਂਕਿ ਮੇਰੇ ਵਰਗੇ ਲੋਕ 40 ਸਾਲ ਤੋਂ ਇਹ ਗੱਲ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸਾਧਨ ਸੰਪੰਨ ਹਿੰਦੂਆਂ ਦੀ ਲਾਬੀ ਇਸ ਨੂੰ ਦੱਬੀ ਬੈਠੀ ਸੀ।''
 
ਪਹਿਲੀ ਵਾਰ ਇੰਟਰਨੈਸ਼ਨਲ ਅਪਰਾਧ ਬਣਨ ਦੇ ਕੰਢੇ ਪਹੁੰਚਿਆ ਜਾਤੀਵਾਦ
ਇਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਬ੍ਰਿਟੇਨ ਦੇ ਸਮਾਨਤਾ ਕਾਨੂੰਨ 2010 ਵਿੱਚ ਇੱਕ ਉਪਬੰਧ ਜੋੜ ਕੇ ਬ੍ਰਿਟੇਨ ਵਿੱਚ ਨਸਲ ਵਾਂਗ ਜਾਤੀਵਾਦੀ ਭੇਦਭਾਵ ਨੂੰ ਵੀ ਅਪਰਾਧ ਮੰਨਿਆ ਜਾਵੇਗਾ। 2013 ਵਿੱਚ ਬ੍ਰਿਟਿਸ਼ ਸਰਕਾਰ ਨੇ ਕਾਨੂੰਨ ਵਿੱਚ ਸੋਧ ਦਾ ਐਲਾਨ ਕਰ ਦਿੱਤਾ, ਪਰ ਮਈ 2016 ਵਿੱਚ ਆਪਣੇ ਵਾਅਦੇ ਤੋਂ ਪਿੱਛੇ ਹਟਦੇ ਹੋਏ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਇਸ ਵਿਸ਼ੇ 'ਤੇ ਸਰਵੇਖਣ ਕਰਾਉਣ ਦੀ ਗੱਲ ਕਹੀ।
 
ਬ੍ਰਿਟੇਨ ਵਿੱਚ ਵੱਡੀ ਗਿਣਤੀ ਵਿੱਚ ਰਹਿ ਰਹੇ ਗੈਰ ਦਲਿਤ ਦੱਖਣ ਏਸ਼ੀਆਈ ਵਰਗਾਂ ਨੇ ਆਪਣੀ ਦਲੀਲ ਰੱਖੀ ਕਿ 21ਵੀਂ ਸਦੀ ਦੇ ਬ੍ਰਿਟੇਨ ਵਿੱਚ ਜਾਤੀਵਾਦ ਦੀ ਗੱਲ ਕਰਨਾ ਬਕਵਾਸ ਹੈ। ਉਨ੍ਹਾਂ ਨੇ ਇਸਨੂੰ ਹਿੰਦੂ ਧਰਮ ਨੂੰ ਅਪਮਾਨਿਤ ਕਰਨ ਦੀ ਸਾਜ਼ਿਸ਼ ਦੱਸਿਆ। 
 
ਇਸ ਮਾਮਲੇ ਵਿੱਚ ਲਗਾਤਾਰ ਸੰਘਰਸ਼ ਕਰ ਰਹੇ ਬ੍ਰਿਟੇਨ ਦੇ ਦਲਿਤ ਐਕਟੀਵਿਸਟ ਅਰੁਣ ਕੁਮਾਰ ਨੇ ਕਿਹਾ, ''ਬ੍ਰਿਟੇਨ ਵਿੱਚ ਰਹਿ ਰਹੇ ਦੱਖਣ ਏਸ਼ੀਆਈ ਵਰਗਾਂ ਵਿੱਚ ਉੱਚ ਜਾਤਾਂ ਦਾ ਪ੍ਰਭਾਵ ਦੇਖਦੇ ਹੋਏ ਥੇਰੇਸਾ ਮੇ ਆਪਣੇ ਫੈਸਲੇ ਤੋਂ ਪਲਟ ਗਈ, ਪਰ ਦਲਿਤਾਂ ਦੇ ਲਗਾਤਾਰ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਅਗਸਤ 2017 ਵਿੱਚ ਇੱਕ ਰਾਸ਼ਟਰੀ ਸਰਵੇਖਣ ਸ਼ੁਰੂ ਕਰਾਇਆ। ਇਸ ਵਿੱਚ ਆਨਲਾਈਨ ਵੋਟਿੰਗ ਕਰਕੇ ਲੋਕਾਂ ਨੂੰ ਦੱਸਣਾ ਸੀ ਕਿ ਬ੍ਰਿਟੇਨ ਵਿੱਚ ਜਾਤੀਵਾਦ ਹੈ ਜਾਂ ਨਹੀਂ। ਸਤੰਬਰ 2018 ਵਿੱਚ ਇਹ ਸਰਵੇਖਣ ਪੂਰਾ ਹੋ ਗਿਆ। ਫਿਲਹਾਲ ਇਸਦਾ ਨਤੀਜਾ ਜਨਤੱਕ ਨਹੀਂ ਕੀਤਾ ਗਿਆ, ਪਰ ਇਸ ਵਿਚਕਾਰ ਬ੍ਰਿਟੇਨ ਦੇ ਹਿੰਦੂ ਸਮਾਜ ਨੇ ਆਪਣਾ ਵਿਰੋਧ ਵਧਾ ਦਿੱਤਾ। ਉਨ੍ਹਾਂ ਨੇ ਅਜਿਹੀ ਦਲੀਲ ਦਿੱਤੀ, ਜਿਸਨੂੰ ਸਮਝਣਾ ਜਾਤੀਵਾਦ ਤੋਂ ਜਾਣੂ ਭਾਰਤੀਆਂ ਤੱਕ ਲਈ ਮੁਸ਼ਕਿਲ ਹੈ।''
 
ਭਾਰਤ ਵਿੱਚ ਬੇਸ਼ੱਕ ਹੀ ਆਜ਼ਾਦੀ ਤੋਂ ਬਹੁਤ ਪਹਿਲਾਂ ਤੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਅਗਵਾਈ ਵਿੱਚ ਮਨੂੰਸਮ੍ਰਿਤੀ ਨੂੰ ਦੇਸ਼ ਵਿੱਚ ਜਾਤੀਵਾਦ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਰਿਹਾ ਹੋਵੇ, ਪਰ ਬ੍ਰਿਟੇਨ ਦੇ ਹਿੰਦੂ ਸੰਗਠਨਾਂ ਨੇ ਸਾਫ ਕਿਹਾ ਕਿ 21ਵੀਂ ਸਦੀ ਦੇ ਬ੍ਰਿਟੇਨ ਵਿੱਚ ਜਾਤੀਵਾਦ ਦੀ ਗੱਲ ਕਰਨਾ ਬਕਵਾਸ ਹੈ। ਉੱਥੇ ਰਹਿ ਰਹੇ ਭਾਰਤੀ ਮੂਲ ਦੇ ਨੌਜਵਾਨ ਤਾਂ ਇਹ ਜਾਣਦੇ ਤੱਕ ਨਹੀਂ ਕਿ ਜਾਤ ਹੁੰਦੀ ਕੀ ਹੈ।
 
ਨੈਸ਼ਨਲ ਕੌਂਸਲ ਫਾਰ ਹਿੰਦੂ ਟੈਂਪਲਸ ਐੱਨਸੀਐੱਚਟੀ ਯੂਕੇ ਨੇ 7 ਅਗਸਤ 2017 ਨੂੰ ਇੱਕ ਰਿਪੋਰਟ ਜਾਰੀ ਕੀਤੀ, ਜਿਸਦਾ ਸਿਰਲੇਖ ਸੀ 'ਕਾਸਟ ਕਨਵਰਜ਼ਨ ਐਂਡ ਅ ਥੋਰੋਲੀ ਕੋਲੋਨੀਅਲ ਕਾਂਸਪਿਰੇਸੀ'। ਹਿੰਦੀ ਵਿੱਚ ਇਸਦਾ ਅਰਥ ਹੋਇਆ ਜਾਤ ਤੇ ਧਰਮ ਪ੍ਰੀਵਰਤਨ ਪੂਰੀ ਤਰ੍ਹਾਂ ਬ੍ਰਿਟਿਸ਼ ਰਾਜ ਦੀ ਸਾਜ਼ਿਸ਼। ਇਸ ਰਿਪੋਰਟ ਨੂੰ ਜਾਰੀ ਕਰਨ ਲਈ ਭਾਜਪਾ ਦੇ ਰਾਜਸਭਾ ਸਾਂਸਦ ਸੁਬ੍ਰਮਣਯਨ ਸਵਾਮੀ ਬ੍ਰਿਟੇਨ ਗਏ।
 
ਇਸ ਰਿਪੋਰਟ ਦੀ ਸ਼ੁਰੂਆਤ ਵਿੱਚ ਹੀ ਅਪੀਲ ਕੀਤੀ ਗਈ, ''ਹਿੰਦੂਆਂ ਦੇ ਨਾਲ 250 ਸਾਲ ਪਹਿਲਾਂ ਹੋਏ ਹੇਟ ਕ੍ਰਾਈਮ ਨਾਲ ਲੜਨ ਵਿੱਚ ਸਾਡੀ ਮਦਦ ਕਰੋ। ਇਸ ਹੇਟ ਕ੍ਰਾਈਮ ਤੋਂ ਅੱਜ ਵੀ ਲੋਕ ਪੀੜਤ ਹੋ ਰਹੇ ਹਨ।'' ਇੱਥੇ ਹੇਟ ਕ੍ਰਾਈਮ ਮਹੱਤਵਪੂਰਨ ਸ਼ਬਦ ਹੈ, ਕਿਉਂਕਿ ਨਸਲੀ ਮਾੜੇ ਵਿਵਹਾਰ ਦੇ ਮਾਮਲੇ ਹੇਟ ਕ੍ਰਾਈਮ ਵਿੱਚ ਹੀ ਆਉਂਦੇ ਹਨ ਅਤੇ ਦਲਿਤ ਅੱਤਿਆਚਾਰ ਵੀ ਇਸੇ ਸ਼੍ਰੇਣੀ ਵਿੱਚ ਆਵੇਗਾ।
 
1871 ਕੌਂਸਲ ਦੇ ਜਨਰਲ ਸੈਕਟਰੀ ਪੰਡਿਤ ਐੱਸਕੇ ਸ਼ਰਮਾ ਦਾ ਦਾਅਵਾ ਹੈ ਕਿ ਭਾਰਤ ਵਿੱਚ ਜਾਤੀਵਾਦ ਬ੍ਰਿਟਿਸ਼ ਕ੍ਰਿਮਿਨਲ ਟ੍ਰਾਈਬ ਐਕਟ 1871 ਕਾਰਨ ਪੈਦਾ ਹੋਇਆ। ਇਸ ਕਾਨੂੰਨ ਰਾਹੀਂ ਅੰਗ੍ਰੇਜ਼ਾਂ ਨੇ ਬਹੁਤ ਸਾਰੀਆਂ ਜਨਜਾਤੀਆਂ ਨੂੰ ਅਪਰਾਧਿਕ ਜਨਜਾਤੀ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਐਂਗਲੀਕਲ ਚਰਚ ਨੇ ਜਾਣਬੁੱਝ ਕੇ ਹਿੰਦੂ ਧਰਮ ਨੂੰ ਨੀਚ ਦਿਖਾਉਣ ਲਈ ਜਾਤੀਵਾਦ ਨੂੰ ਘੜਿਆ ਹੈ। 
 
ਉਨ੍ਹਾਂ ਦਾਅਵਾ ਕੀਤਾ ਕਿ ਜਾਤੀਵਾਦ ਨੂੰ ਇੰਨੀ ਵਾਰ ਦੋਹਰਾਇਆ ਗਿਆ ਕਿ ਦੁਨੀਆ ਨੂੰ ਲੱਗਣ ਲੱਗਾ ਹੈ ਕਿ ਜਾਤੀਵਾਦ ਹਿੰਦੂ ਧਰਮ ਦਾ ਹਿੱਸਾ ਹੈ। ਕੌਂਸਲ ਨੇ ਆਪਣੀ ਰਿਪੋਰਟ ਵਿੱਚ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ ਬਹੁਤ ਸਾਰੇ ਤਰਕਾਂ ਨੂੰ ਵੀ ਸ਼ਾਮਲ ਕੀਤਾ ਹੈ। ਰਿਪੋਰਟ ਵਿੱਚ ਦਲਿਤਾਂ ਤੋਂ ਅਪੀਲ ਕੀਤੀ ਗਈ ਕਿ ਇਹ ਘਰ ਦਾ ਮਾਮਲਾ ਹੈ। ਇਸਨੂੰ ਕਿਸੇ ਨੂੰ ਹਿੰਦੂ ਧਰਮ ਨੂੰ ਬਦਨਾਮ ਕਰਨ ਲਈ ਇਸਤੇਮਾਲ ਨਾ ਕਰਨ ਦਿਓ।
 
ਜਿਸ ਤਰ੍ਹਾਂ ਸਦੀਆਂ ਤੋਂ ਭਾਰਤ ਵਿੱਚ ਐੱਸਸੀ ਵਰਗਾਂ ਦੇ ਲੋਕ ਅਧਿਕਾਰਾਂ ਦੀ ਲੜਾਈ ਲੜ ਰਹੇ ਹਨ ਅਤੇ ਹੁਣ ਤੱਕ ਇਹ ਲੜਾਈ ਮੰਜ਼ਿਲ ਤੱਕ ਨਹੀਂ ਪਹੁੰਚੀ ਹੈ, ਉਸੇ ਤਰ੍ਹਾਂ ਬ੍ਰਿਟੇਨ ਵਿੱਚ ਹੀ ਇਹ ਲੜਾਈ ਅਜੇ ਲੰਮੀ ਚੱਲੇਗੀ। ਸਮਾਜਿਕ ਚਿੰਤਕਾਂ ਮੁਤਾਬਕ, ਜਦੋਂ ਬਾਬਾ ਸਾਹਿਬ ਅੰਬੇਡਕਰ ਛੂਆਛਾਤ ਪ੍ਰਥਾ ਖਤਮ ਕਰਨ ਲਈ ਲੜਦੇ ਸਨ ਤਾਂ ਉੱਚ ਜਾਤੀ ਦੇ ਲੋਕ ਅੰਗ੍ਰੇਜ਼ਾਂ ਸਾਹਮਣੇ ਕਹਿੰਦੇ ਸਨ, ਇਹ ਪ੍ਰਥਾ ਹਿੰਦੂ ਧਰਮ ਵਿੱਚ ਨਹੀਂ ਹੈ।
 
ਅਜਿਹੇ ਵਿੱਚ ਬਾਬਾ ਸਾਹਿਬ ਪਾਣੀ ਦਾ ਇੱਕ ਗਲਾਸ ਅੱਗੇ ਵਧਾਉਂਦੇ ਸਨ ਅਤੇ ਜਿਵੇਂ ਹੀ ਹਿੰਦੂ ਇਸਨੂੰ ਲੈਣ ਤੋਂ ਇਨਕਾਰ ਕਰਦੇ ਸਨ, ਇਹ ਸੱਚ ਸਾਰਿਆਂ ਸਾਹਮਣੇ ਆ ਜਾਂਦਾ ਸੀ। ਜਿਹੜੇ ਲੋਕ ਅੱਜ ਬ੍ਰਿਟੇਨ ਵਿੱਚ ਜਾਤੀ ਪ੍ਰਥਾ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ, ਉਹ ਦੋਗਲੀ ਮਾਨਸਿਕਤਾ ਦੇ ਸ਼ਿਕਾਰ ਹਨ, ਪਰ ਚਾਹੇ ਭਾਰਤ ਹੋਵੇ ਜਾਂ ਇੰਗਲੈਂਡ ਬਹੁਜਨ ਸਮਾਜ ਦੇ ਲੋਕ ਆਪਣਾ ਹੱਕ ਲੈ ਕੇ ਰਹਿਣਗੇ।
-ਪੀਯੂਸ਼ ਬਬੇਲੇ/ਦ ਵਾਇਰ

 

Comments

Leave a Reply