Sat,Jun 23,2018 | 07:03:50pm
HEADLINES:

Lifestyle

'ਹਾਫ' ਤੋਂ ਬਹੁਤ ਬੈਟਰ ਹਨ ਮਹਿਲਾਵਾਂ

'ਹਾਫ' ਤੋਂ ਬਹੁਤ ਬੈਟਰ ਹਨ ਮਹਿਲਾਵਾਂ

ਡਿਓਡਰੈਂਟ ਛਿੜਕਦੇ ਹੀ ਮਰਦ ਚਾਕਲੈਟ ਬਣ ਜਾਂਦੇ ਹਨ ਅਤੇ ਲੜਕੀਆਂ ਉਨ੍ਹਾਂ ਦਾ ਸਵਾਦ ਲੈਣ ਨੂੰ ਬੇਕਰਾਰ ਹੋ ਜਾਂਦੀਆਂ ਹਨ। ਮੋਟਰਸਾਈਕਲ ਚਲਾਉਂਦੇ ਲੜਕਿਆਂ ਨੂੰ ਦੇਖ ਕੇ ਲੜਕੀਆਂ ਬੇਕਾਬੂ ਹੋ ਕੇ ਉਨ੍ਹਾਂ ਦੇ ਪਿੱਛੇ ਲੱਗ ਜਾਂਦੀਆਂ ਹਨ। ਲੜਕਾ ਸੀਮੈਂਟ ਦੀ ਮਜ਼ਬੂਤੀ ਦੀ ਗੱਲ ਕਰਦਾ ਹੈ ਤਾਂ ਲੜਕੀ ਉਸ 'ਤੇ ਫਿਦਾ ਹੋ ਜਾਂਦੀ ਹੈ। 

ਆਖਿਰ ਮੋਟਰਸਾਈਕਲ ਦੀ ਮਾਈਲੇਜ ਨਾਲ ਲੜਕੀਆਂ ਦਾ ਕੀ ਸਬੰਧ ਹੈ? ਮਜ਼ਬੂਤ ਕੰਧਾਂ ਵਾਲਾ ਸੀਮੈਂਟ ਤੁਹਾਨੂੰ ਸੈਕਸ ਸਿੰਬਲ ਕਿਉਂ ਬਣਾ ਦਿੰਦਾ ਹੈ? ਵਿਗਿਆਪਨ ਅਤੇ ਫਿਲਮਾਂ 'ਤੇ ਹਮੇਸ਼ਾ ਦੋਸ਼ ਲਗਾਏ ਜਾਂਦੇ ਹਨ ਕਿ ਪ੍ਰੋਡਕਟ ਵੇਚਣ ਲਈ ਇਹ ਹਮੇਸ਼ਾ ਮਹਿਲਾਵਾਂ ਨੂੰ 'ਆਬਜੈਕਟੀਫਾਈ' ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਜਿਹਾ ਹੁੰਦਾ ਵੀ ਹੈ। ਆਖਿਰ ਅਜਿਹਾ ਕਿਉਂ ਹੈ ਕਿ ਆਦਮੀਆਂ ਦੀਆਂ ਜ਼ਰੂਰਤਾਂ ਵਾਲੇ ਪ੍ਰੋਡਕਟ ਦੇ ਵਿਗਿਆਪਨ ਵਿਚ ਮਹਿਲਾਵਾਂ ਨੂੰ ਹੀ ਦਿਖਾਇਆ ਜਾਂਦਾ ਹੈ।

ਸ਼ੇਵਿੰਗ ਕ੍ਰੀਮ ਤੋਂ ਲੈ ਕੇ ਮੈਂਸ ਡਿਓ ਦੇ ਵਿਗਿਆਪਨ ਬਿਨਾਂ ਲੜਕੀਆਂ ਦੇ ਨਹੀਂ ਬਣਦੇ, ਪਰ ਸਭ ਕੁਝ ਕਾਲਾ ਨਹੀਂ ਹੈ। ਮਾਰਕੀਟ ਵਿਚ ਵਧ ਰਹੇ ਕਾਂਪੀਟੀਸ਼ਨ ਤੇ ਪ੍ਰੋਡਕਟ ਵੇਚਣ ਦੀ ਦੌੜ ਵਿਚਕਾਰ ਇਸੇ ਬਾਜ਼ਾਰ ਵਿਚ ਕੁਝ ਅਜਿਹੇ ਵਿਗਿਆਪਨ ਵੀ ਬਣ ਰਹੇ ਹਨ ਜਿਹੜੇ ਮਹਿਲਾਵਾਂ ਨੂੰ ਦੇਖਣ ਦੇ ਨਜ਼ਰੀਏ ਤੇ ਉਨ੍ਹਾਂ ਦੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ। ਅਜੇ ਹਾਲ ਹੀ ਵਿਚ ਕੱਪੜਿਆਂ ਦੇ ਬ੍ਰਾਂਡ 'ਯੂਨਾਈਟੇਡ ਕਲਰਸ ਆਫ ਬੇਨੇਟੇਨ' ਨੇ ਵੀ ਇਕ ਅਜਿਹੀ ਹੀ ਵਿਗਿਆਪਨ ਕੈਂਪੇਨ ਸ਼ੁਰੂ ਕੀਤੀ ਹੈ।

ਯੂਨਾਈਟੇਡ ਬਾਈ ਹਾਫ ਦੇ ਹੈਸ਼ਟੈਗ ਦੇ ਨਾਲ ਆਇਆ ਇਹ ਵਿਗਿਆਪਨ ਇਸ ਸਮਾਜ ਵਿਚ ਲੜਕੀਆਂ ਦੇ ਕਿਸੇ ਪੁਰਸ਼ ਦੇ ਸਿਰਫ ਬੈਟਰ ਹਾਫ ਬਣ ਕੇ ਸੀਮਤ ਹੋ ਜਾਣ ਦੀ ਪਰੰਪਰਾ ਨੂੰ ਸਿਰੇ ਤੋਂ ਨਕਾਰਦਾ ਹੈ। ਇਹ ਵਿਗਿਆਪਨ ਦਿਖਾਉਂਦਾ ਹੈ ਕਿ ਮਹਿਲਾਵਾਂ ਅਧੂਰੀਆਂ ਨਹੀਂ ਹਨ। ਉਹ ਹਾਫ ਰਹਿ ਕੇ ਵੀ ਖੁਸ਼ ਹਨ। ਉਨ੍ਹਾਂ ਨੂੰ ਕਿਸੇ ਦੀ ਕਮੀ ਨਹੀਂ ਹੈ। ਜੇਕਰ ਉਹ ਹਾਫ ਹਨ ਤਾਂ ਵੀ ਅਧੂਰੀ ਤੇ ਕਮਜ਼ੋਰ ਨਹੀਂ ਹਨ, ਮਜ਼ਬੂਤ ਹਨ। ਸਿੱਖਿਆ ਤੋਂ ਲੈ ਕੇ ਮੈਡੀਕਲ ਤੱਕ ਹਰ ਖੇਤਰ ਵਿਚ ਉਹ ਇਕੱਲੀਆਂ ਹੀ ਕਾਫੀ ਹਨ ਤੇ ਖੁਸ਼ ਵੀ।

ਹੋਲੀ-ਹੋਲੀ ਹੀ ਸਮਾਜ ਵਿਚ ਹੁਣ ਵਿਰੋਧ ਤੇ ਹੱਕ ਪਾਉਣ ਦੀ ਆਵਾਜ਼ ਸੁਣਾਈ ਦੇਣ ਲੱਗੀ ਹੈ। ਮੈਟ੍ਰੋਸਿਟੀ ਦੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ ਦੇ ਮੁੱਦੇ ਹੁਣ ਛੋਟੀਆਂ-ਛੋਟੀਆਂ ਜ਼ਰੂਰਤਾਂ ਤੋਂ ਉੱਪਰ ਉੱਠ ਚੁੱਕੇ ਹਨ। ਗੱਲਾਂ ਸਿਰਫ ਬੁਨਿਆਦੀ ਸਿੱਖਿਆ ਤੇ ਨੌਕਰੀ ਦੀ ਨਹੀਂ, ਸਗੋਂ ਨੌਕਰੀ ਦੀ ਜਗ੍ਹਾ ਹੋ ਰਹੇ ਪੱਖਪਾਤ ਦੇ ਵਿਰੋਧ ਵਿਚ ਵੀ ਹਨ। ਇਹ ਮੁੱਦੇ ਹੁਣ ਵਿਗਿਆਪਨਾਂ ਵਿਚ ਨਜ਼ਰ ਆਉਂਦੇ ਹਨ। ਇਸੇ ਗੱਲ 'ਤੇ ਜ਼ੋਰ ਦਿੰਦੇ ਹੋਏ 'ਘੜੀ ਕੰਪਨੀ' ਟਾਈਟਨ ਰਾਗਾ ਦਾ ਇਕ ਵਿਗਿਆਪਨ ਅਜਿਹੇ ਲੋਕਾਂ ਦੀ ਮਾਨਸਿਕਤਾ 'ਤੇ ਸੱਟ ਮਾਰਦਾ ਹੈ, ਜਿਹੜੇ ਅਜੇ ਵੀ ਮਹਿਲਾਵਾਂ ਨੂੰ ਵਰਕਪਲੇਸ 'ਤੇ ਕਮਜ਼ੋਰ ਸਮਝਦੇ ਹਨ।

ਸਾਡੇ ਸਮਾਜ ਵਿਚ ਲੜਕੀ ਹੋਣ ਦਾ ਮਤਲਬ ਹੀ ਉਸਦੀ ਖੂਬਸੂਰਤੀ ਤੋਂ ਤੈਅ ਹੁੰਦਾ ਹੈ। ਇਸ ਖੂਬਸੂਰਤੀ ਦੇ ਵੀ ਪੈਮਾਨੇ ਤੈਅ ਕਰ ਦਿੱਤੇ ਗਏ ਹਨ। ਜਿਵੇਂ ਲੰਮੇ ਵਾਲ ਕਿਸੇ ਮਹਿਲਾ ਦੀ ਖੂਬਸੂਰਤੀ ਦਾ ਹਿੱਸਾ ਮੰਨੇ ਜਾਂਦੇ ਹਨ, ਪਰ ਬਦਲਦੇ ਸਮੇਂ ਵਿਚ ਇਨ੍ਹਾਂ ਤੈਅ ਕੀਤੇ ਗਏ ਪੈਮਾਨਿਆਂ ਤੋਂ ਕਿਤੇ ਉੱਪਰ ਉਠਦੀਆਂ ਮਹਿਲਾਵਾਂ ਦੀ ਕਹਾਣੀ ਲੈ ਕੇ ਆਇਆ ਸੀ ਡਾਬਰ ਦੇ ਵਾਟਿਕਾ ਹੇਅਰ ਸ਼ੈਂਪੂ ਦਾ ਵਿਗਿਆਪਨ। ਲੜਕੀਆਂ ਸਿਰਫ ਆਪਣੀ ਮਰਜੀ ਨਾਲ ਲਾਈਫ ਪਾਰਟਨਰ ਚੁਣਨ ਹੀ ਨਹੀਂ, ਸਗੋਂ ਬਿਨਾਂ ਕਿਸੇ ਲਾਈਫ ਪਾਰਟਨਰ ਦੇ ਇਕਲਿਆਂ ਰਹਿਣ ਦੇ ਅਧਿਕਾਰਾਂ 'ਤੇ ਵੀ ਖੁੱਲ ਕੇ ਬੋਲ ਰਹੀਆਂ ਹਨ।

ਪੜ੍ਹਾਈ, ਨੌਕਰੀ, ਘਰ ਤੋਂ ਬਾਹਰ ਨਿਕਲਣਾ, ਕੱਪੜੇ ਪਾਉਣਾ ਤੇ ਇੱਥੇ ਤੱਕ ਕਿ ਮਹਿਲਾਵਾਂ ਦੇ ਖਾਣ-ਪੀਣ ਤੱਕ ਦਾ ਤਰੀਕਾ ਵੀ ਬਦਲ ਗਿਆ ਹੈ ਜਾਂ ਫਿਰ ਬਦਲ ਦਿੱਤਾ ਗਿਆ ਹੈ। ਆਪਣੇ ਹੀ ਅਧਿਕਾਰਾਂ ਲਈ ਉਨ੍ਹਾਂ ਨੂੰ ਆਪਣੀ ਹੀ ਦੁਨੀਆਂ, ਆਪਣੇ ਘਰ ਵਿਚ ਲੜਨਾ ਪੈਂਦਾ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਮਹਿਲਾਵਾਂ 'ਤੇ ਬਣਾਇਆ ਗਿਆ ਇਕ ਵਿਗਿਆਪਨ ਤੁਹਾਨੂੰ ਅੰਦਰ ਤੱਕ ਹਿਲਾ ਦਿੰਦਾ ਹੈ।
-ਨਿਧੀ

Comments

Leave a Reply