Sat,Jun 23,2018 | 07:03:17pm
HEADLINES:

Lifestyle

ਮਾਨਸਿਕ ਅੱਤਿਆਚਾਰ : ਜਬਰ ਜਿਨਾਹ ਪੀੜਤਾਵਾਂ ਦੀਆਂ ਭਾਵਨਾਵਾਂ ਨਾਲ ਬਲਾਤਕਾਰ ਹੈ 'ਟੂ ਫਿੰਗਰ ਟੈਸਟ'

ਮਾਨਸਿਕ ਅੱਤਿਆਚਾਰ : ਜਬਰ ਜਿਨਾਹ ਪੀੜਤਾਵਾਂ ਦੀਆਂ ਭਾਵਨਾਵਾਂ ਨਾਲ ਬਲਾਤਕਾਰ ਹੈ 'ਟੂ ਫਿੰਗਰ ਟੈਸਟ'

ਰੇਪ ਦੀ ਪੁਸ਼ਟੀ ਲਈ ਕਰਵਾਏ ਜਾਣ ਵਾਲੇ 'ਟੂ ਫਿੰਗਰ ਟੈਸਟ' 'ਤੇ ਬੇਸ਼ਕ ਪਾਬੰਦੀ ਲਗਾ ਦਿੱਤੀ ਗਈ ਹੈ, ਪਰ ਬਿਹਾਰ ਵਿਚ ਇਕ ਰੇਪ ਪੀੜਤਾ ਨੂੰ ਇਸ ਪਾਬੰਦੀ ਵਾਲੀ ਪ੍ਰਕਿਰਿਆ 'ਚੋਂ ਲੰਘਣਾ ਪਿਆ। ਉਸਨੂੰ ਇਕ-ਦੋ ਵਾਰ ਨਹੀਂ, ਸਗੋਂ ਪੰਜ ਵਾਰ ਮੈਡੀਕਲ ਜਾਂਚ ਲਈ ਜਾਣਾ ਪਿਆ।
 
ਪੂਰਵੀ ਚੰਪਾਰਣ ਦੀ ਰਹਿਣ ਵਾਲੀ 17 ਸਾਲ ਦੀ ਰੇਪ ਪੀੜਤਾ ਨੂੰ ਮੈਡੀਕਲ ਲਈ ਪੁਲਸ ਨੇ ਮੋਤੀਹਾਰੀ ਸਦਰ ਹਸਪਤਾਲ ਭੇਜਿਆ ਸੀ, ਜਿੱਥੇ ਉਸਨੂੰ ਸੁਪਰੀਮ ਕੋਰਟ ਵਲੋਂ ਪਾਬੰਦੀ ਲਗਾਏ ਗਏ 'ਟੂ ਫਿੰਗਰ ਟੈਸਟ' 'ਚੋਂ ਪੰਜ ਵਾਰ ਲੰਘਣਾ ਪਿਆ। ਬੀਤੇ 13 ਜੂਨ ਨੂੰ ਪੀੜਤਾ ਦੇ ਨਾਲ ਹੋਈ ਘਟਨਾ ਤੋਂ ਬਾਅਦ ਉਸਨੂੰ 18 ਜੂਨ ਨੂੰ ਇਲਾਜ ਲਈ ਰਾਮਗੜਵਾ ਪ੍ਰਾਈਮਰੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਸੀ।
 
ਪਾਬੰਦੀ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੇ ਟੈਸਟ 'ਚੋਂ ਪੀੜਤਾਂ ਨੂੰ ਲੰਘਾਉਣਾ ਪਿਆ, ਜੋ ਕਿ ਦੱਸਦਾ ਹੈ ਕਿ ਕਈ ਲੋਕਾਂ ਨੇ ਇਸ ਜਾਂਚ ਪ੍ਰਤੀ ਕਈ ਤਰ੍ਹਾਂ ਦੀ ਸੋਚ ਬਣਾ ਰੱਖੀ ਹੈ। ਸੱਚ ਪੁੱਛੋ ਤਾਂ ਇਹ ਇਕ ਮਾਨਸਿਕ ਅੱਤਿਆਚਾਰ ਹੈ, ਜੋ ਕਿ ਰੇਪ ਪੀੜਤਾ ਨੂੰ ਹਸਪਤਾਲ ਪਹੁੰਚਣ ਤੋਂ ਬਾਅਦ ਦਿੱਤੀ ਜਾਂਦੀ ਹੈ। ਹੁਣ ਵੀ ਰੇਪ, ਰੇਪ ਪੀੜਤਾ ਤੇ ਟੂ ਫਿੰਗਰ ਟੈਸਟ ਨਾਲ ਜੁੜੇ ਭਰਮ, ਧਾਰਨਾਵਾਂ ਲੋਕਾਂ ਦੇ ਮਨ 'ਚੋਂ ਨਹੀਂ ਹਟੀਆਂ ਹਨ। ਟੂ ਫਿੰਗਰ ਟੈਸਟ ਪੀੜਤਾ ਨੂੰ ਉਨਾਂ ਹੀ ਦਰਦ ਪਹੁੰਚਾਉਂਦਾ ਹੈ, ਜਿੰਨਾ ਉਸਦੇ ਨਾਲ ਹੋਇਆ ਰੇਪ। ਇਸ ਮਾਮਲੇ ਵਿਚ ਹੈਰਾਨੀ ਹੁੰਦੀ ਹੈ ਕਿ ਮੈਡੀਕਲ ਸਾਈਂਸ ਦੀ ਤਰੱਕੀ ਦੇ ਬਾਵਜੂਦ ਪੜ੍ਹੇ-ਲਿਖੇ ਅਧਿਕਾਰੀ, ਡਾਕਟਰ ਤੇ ਆਮ ਲੋਗ ਇਸ ਵਿਵਾਦਤ ਜਾਂਚ ਨੂੰ ਹੀ ਭਰੋਸੇ ਯੋਗ ਮੰਨਦੇ ਹਨ।
 
ਇਸ ਪ੍ਰੀਖਣ ਦੀ ਸ਼ੁਰੂਆਤ 1898 ਵਿਚ ਐਲ ਥੋਈਨਾਟ ਨੇ ਕੀਤੀ ਸੀ। ਕਿਹਾ ਗਿਆ ਕਿ ਇਸ ਟੈਸਟ ਦੇ ਆਧਾਰ 'ਤੇ ਸਹਿਮਤੀ ਦੇ ਨਾਲ ਬਣਾਏ ਗਏ ਸਰੀਰਕ ਸਬੰਧ ਵਿਚ ਹਾਈਮਨ ਲਚਕੀਲੇਪਨ ਕਰਕੇ ਟੁੱਟਦਾ ਨਹੀਂ ਹੈ, ਜਦਕਿ ਜਬਰਦਸਤੀ ਜਾਂ ਰੇਪ ਕਰਨ ਨਾਲ ਇਹ ਟੁੱਟ ਜਾਂਦਾ ਹੈ। 
 
ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਤੋਂ ਅਫਰੀਕੀ ਦੇਸ਼ਾਂ ਵਿਚ ਵਰਜੀਨਿਟੀ ਪ੍ਰੀਖਣ ਲਈ ਇਹ ਟੈਸਟ ਮਹਿਲਾਵਾਂ ਹੀ ਕਰਦੀਆਂ ਸਨ। ਪੁਲਸ ਵਿਚ ਭਰਤੀ ਲਈ ਇੰਡੋਨੇਸ਼ੀਆ ਵਿਚ ਮਹਿਲਾਵਾਂ 'ਤੇ ਇਹ ਟੈਸਟ ਕੀਤਾ ਜਾਂਦਾ ਹੈ। ਦੱਖਣ ਏਸ਼ੀਆਈ ਦੇਸ਼ਾਂ ਤੋਂ ਇਲਾਵਾ ਮੱਧ ਪੂਰਵੀ ਤੇ ਉੱਤਰੀ ਅਫਰੀਕਾ ਵਿਚ ਵੀ ਇਹ ਟੈਸਟ ਕੀਤਾ ਜਾਂਦਾ ਹੈ। ਇਸ ਨਾਲ ਰੇਪ ਪੀੜਤਾ ਦਾ ਅਪਮਾਨ ਹੁੰਦਾ ਹੈ ਅਤੇ ਇਹ ਉਸਦੇ ਅਧਿਕਾਰਾਂ ਦੀ ਉਲੰਘਣਾ ਵੀ ਹੈ। ਕਈ ਵਾਰ ਸਹਿਮਤੀ ਨਾ ਹੋਣ ਦੇ ਬਾਵਜੂਦ ਪੀੜਤਾ ਨੂੰ ਇਸ ਟੈਸਟ ਵਿਚੋਂ ਲੰਘਣਾ ਪੈਂਦਾ ਹੈ। ਸਮਾਜਿਕ ਵਰਕਰ ਕਵਿਤਾ ਕ੍ਰਿਸ਼ਣਨ ਨੇ ਇਸਦੇ ਖਿਲਾਫ ਮੁਹਿੰਮ ਚਲਾ ਕੇ ਪਟੀਸ਼ਨ ਦਾਖਲ ਕੀਤੀ ਸੀ।

ਕੀ ਹੈ ਟੂ ਫਿੰਗਰ ਟੈਸਟ ?
ਇਹ ਇਕ ਬਹੁਤ ਵਿਵਾਦਤ ਟੈਸਟ ਹੈ, ਜਿਸਨੂੰ ਵਰਜੀਨਿਟੀ ਟੈਸਟ ਮੰਨਿਆ ਜਾਂਦਾ ਹੈ। ਇਸ ਟੈਸਟ ਵਿਚ ਡਾਕਟਰ ਮਹਿਲਾ ਦੇ ਪ੍ਰਾਈਵੇਟ ਪਾਰਟ ਵਿਚ ਦੋ ਉਂਗਲੀਆਂ ਪਾ ਕੇ ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਨ ਕਿ ਉਸਨੂੰ ਕੋਈ ਅੰਦਰੂਨੀ ਸੱਟ ਜਾਂ ਜ਼ਖ਼ਮ ਤਾਂ ਨਹੀਂ ਹੈ। ਪ੍ਰਾਈਵੇਟ ਪਾਰਟ ਦੇ ਅੰਦਰ ਤੋਂ ਸੈਂਪਲ ਲੈ ਕੇ ਉਸਦੀ ਸਲਾਈਡ ਬਣਾਈ ਜਾਂਦੀ ਹੈ। ਇਸ ਸਲਾਈਡ ਦਾ ਲੈਬ ਟੈਸਟ ਕੀਤਾ ਜਾਂਦਾ ਹੈ। ਇਸ ਟੈਸਟ ਵਿਚ ਰੇਪ ਪੀੜਤਾ ਦੇ ਪ੍ਰਾਈਵੇਟ ਪਾਰਟ ਦੇ ਲਚਕੀਲੇਪਨ ਦੀ ਵੀ ਜਾਂਚ ਕੀਤੀ ਜਾਂਦੀ ਹੈ। ਅੰਦਰ ਦਾਖਲ ਕੀਤੀਆਂ ਗਈਆਂ ਉਂਗਲੀਆਂ ਦੀ ਗਿਣਤੀ ਤੋਂ ਡਾਕਟਰ ਦੱਸਦੇ ਹਨ ਕਿ ਮਹਿਲਾ 'ਐਕਟਿਵ ਸੈਕਸ ਲਾਈਫ' ਵਿਚ ਹੈ ਜਾਂ ਨਹੀਂ ਜਾਂ ਉਸਦੇ ਨਾਲ ਰੇਪ ਦੀ ਘਟਨਾ ਹੋਈ ਹੈ ਜਾਂ ਨਹੀਂ।

ਇਹ ਪੀੜਤਾ ਦੇ ਅਧਿਕਾਰਾਂ ਦੀ ਉਲੰਘਣਾ ਹੈ
ਭਾਰਤ ਵਿਚ 2013 ਵਿਚ ਸੁਪਰੀਮ ਕੋਰਟ ਨੇ ਟੂ ਫਿੰਗਰ ਟੈਸਟ ਨੂੰ ਬਲਾਤਕਾਰ ਪੀੜਤਾ ਦੇ ਅਧਿਕਾਰਾਂ ਦੀ ਉਲੰਘਣਾ ਅਤੇ ਮਾਨਸਿਕ ਪੀੜਾ ਦੇਣ ਵਾਲਾ ਦੱਸਦੇ ਹੋਏ ਰੱਦ ਕਰ ਦਿੱਤਾ ਸੀ। ਅਦਾਲਤ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਪ੍ਰੀਖਣ ਨੂੰ ਖਤਮ ਕਰਕੇ ਕੋਈ ਦੂਜਾ ਢੰਗ ਅਪਣਾਉਣਾ ਚਾਹੀਦਾ ਹੈ। ਜਸਟਿਸ ਜੇਐਸ ਵਰਮਾ ਕਮੇਟੀ ਨੇ ਇਸਦੀ ਤਿੱਖੀ ਨਿੰਦਾ ਕੀਤੀ ਸੀ। ਕਮੇਟੀ ਨੇ 23 ਜਨਵਰੀ 2013 ਨੂੰ ਆਪਣੀ ਰਿਪੋਰਟ ਵਿਚ ਕਿਹਾ, ''ਸੈਕਸ ਅਪਰਾਧ ਕਾਨੂੰਨ ਦਾ ਵਿਸ਼ਾ ਹੈ, ਨਾ ਕਿ ਮੈਡੀਕਲ ਡਾਇਗਨੋਸਿਸ ਦਾ। ਮਹਿਲਾ ਦੀ ਵੈਜ਼ਾਇਨਾ ਦੇ ਲਚਕੀਲੇਪਨ ਦਾ ਬਲਾਤਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।''
 
ਇਸ ਵਿਚ ਟੂ ਫਿੰਗਰ ਟੈਸਟ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਸਾਫ ਕੀਤਾ ਸੀ ਕਿ ਇਹ ਸਿਰਫ ਟੈਸਟ ਨਹੀਂ, ਸਗੋਂ ਬਲਾਤਕਾਰ ਪੀੜਤਾ ਦੇ ਅਧਿਕਾਰਾਂ ਦੀ ਉਲੰਘਣਾ ਹੈ। ਮਹਿਲਾ ਅਧਿਕਾਰ ਵਰਕਰ ਤੇ ਵਕੀਲ ਫਲੇਵੀਆ ਏਗਨੇਸ ਦਾ ਕਹਿਣਾ ਹੈ ਕਿ ਹਸਪਤਾਲਾਂ ਵਿਚ ਕੀ ਹੋਣਾ ਚਾਹੀਦਾ ਹੈ, ਇਸਦੀ ਜਗ੍ਹਾ ਅਦਾਲਤਾਂ ਵਿਚ ਕੀ ਹੁੰਦਾ ਹੈ, ਇਸ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਮੈਡੀਕਲ ਟੈਸਟ ਦੀ ਰਿਪੋਰਟ ਦਾ ਇਸਤੇਮਾਲ ਸਬੂਤ ਦੇ ਤੌਰ 'ਤੇ ਹੁੰਦਾ ਹੈ। ਸੁਣਵਾਈ ਦੌਰਾਨ ਅਦਾਲਤਾਂ ਵਿਚ ਇਸਨੂੰ ਸਬੂਤ ਦੇ ਤੌਰ 'ਤੇ ਪੇਸ਼ ਕਰਨ ਦੀ ਮਨਜ਼ੂਰੀ ਨਹੀਂ ਦੇਣੀ ਚਾਹੀਦੀ। ਰੇਪ ਦੀਆਂ ਘਟਨਾਵਾਂ 'ਤੇ ਫੈਸਲਾ ਕਾਨੂੰਨ ਦਾ ਹੋਣਾ ਚਾਹੀਦਾ ਹੈ, ਨਾ ਕਿ ਮੈਡੀਕਲ ਰਿਪੋਰਟ ਦੇ ਆਧਾਰ 'ਤੇ।
-ਕੌਸ਼ਕੀ ਕਸ਼ਯਪ

Comments

Leave a Reply