Tue,Aug 14,2018 | 07:30:15pm
HEADLINES:

Lifestyle

ਔਰਤਾਂ ਨੂੰ 'ਉਪਭੋਗ ਦੀ ਚੀਜ' ਸਮਝਣ ਵਾਲੀ ਘਟੀਆ ਸੋਚ ਦਿੰਦੀ ਹੈ ਬਲਾਤਕਾਰ ਦੀਆਂ ਘਟਨਾਵਾਂ ਨੂੰ ਜਨਮ

ਔਰਤਾਂ ਨੂੰ 'ਉਪਭੋਗ ਦੀ ਚੀਜ' ਸਮਝਣ ਵਾਲੀ ਘਟੀਆ ਸੋਚ ਦਿੰਦੀ ਹੈ ਬਲਾਤਕਾਰ ਦੀਆਂ ਘਟਨਾਵਾਂ ਨੂੰ ਜਨਮ

ਭਾਰਤ ਵਿਚ ਰੋਜ਼ਾਨਾ ਔਸਤ 92 ਮਹਿਲਾਵਾਂ ਨਾਲ ਬਲਾਤਕਾਰ ਹੁੰਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਮੁਤਾਬਕ, ਸਾਲ 2015 ਦੌਰਾਨ ਦੇਸ਼ ਵਿਚ ਬਲਾਤਕਾਰ ਦੇ 34,651 ਮਾਮਲੇ ਦਰਜ ਕੀਤੇ ਗਏ। ਸਾਲ 2014 'ਚ ਇਹ ਗਿਣਤੀ 36,707 ਸੀ। ਹਾਲਾਂਕਿ ਮਹਿਲਾ ਸੁਰੱਖਿਆ ਨੂੰ ਲੈ ਕੇ ਕੰਮ ਕਰ ਰਹੇ ਲੋਕ ਇਸਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਮੁਤਾਬਕ, ਬਲਾਤਕਾਰ ਦੇ ਅਸਲ ਮਾਮਲੇ ਇਸ ਅੰਕੜੇ ਤੋਂ ਵੀ ਜ਼ਿਆਦਾ ਹੁੰਦੇ ਹਨ। ਸੁਰੱਖਿਆ ਦੀ ਕਮੀ ਅਤੇ ਸਮਾਜਿਕ ਬਦਨਾਮੀ ਦੇ ਡਰ ਕਰਕੇ ਕਈ ਮਹਿਲਾਵਾਂ ਖੁੱਲ ਕੇ ਸਾਹਮਣੇ ਨਹੀਂ ਆ ਪਾਉਂਦੀਆਂ।

ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਬਲਾਤਕਾਰ ਕਰਨ ਵਾਲਿਆਂ ਵਿਚ 95 ਫੀਸਦੀ ਤੋਂ ਜ਼ਿਆਦਾ ਜਾਣ-ਪਛਾਣ ਵਾਲੇ ਹੁੰਦੇ ਹਨ, ਜਿਨ੍ਹਾਂ ਵਿਚ ਪਤੀ, ਮਾਮਾ, ਚਾਚਾ, ਪਿਤਾ, ਭਰਾ, ਦੋਸਤ, ਗੁਆਂਢੀ ਤੋਂ ਲੈ ਕੇ ਬਾਸ, ਮਾਲਕ ਤੇ ਅਜਨਬੀ ਲੋਕ ਸ਼ਾਮਲ ਹੁੰਦੇ ਹਨ। ਲਿੰਗ ਆਧਾਰਤ ਭੇਦਭਾਵ ਤੇ ਮਾਨਤਾਵਾਂ ਤੋਂ ਸੰਚਾਲਿਤ ਹੋਣ ਵਾਲਾ ਇਹ ਸਮਾਜ ਬਲਾਤਕਾਰ ਦੀਆਂ ਅਣਗਿਣਤ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ਇਨ੍ਹਾਂ ਮਾਨਤਾਵਾਂ ਤੇ ਮਿੱਥਾਂ ਕਰਕੇ ਬਲਾਤਕਾਰ ਇਸ ਸਮਾਜ ਵਿਚ ਬਹੁਤ ਹੱਦ ਤੱਕ ਇਕ ਆਮ ਜਿਹੀ ਗੱਲ ਹੋ ਚੁੱਕੀ ਹੈ।

ਇਹ ਮਾਨਤਾਵਾਂ ਤੇ ਮਿੱਥ ਆਮ ਤੌਰ 'ਤੇ ਪੁਰਸ਼ਵਾਦੀ ਸਮਾਜ ਨੂੰ ਹੱਲਾਸ਼ੇਰੀ ਦਿੰਦੇ ਹਨ, ਜਿਸ ਕਰਕੇ ਪੁਰਸ਼ਾਂ ਦੇ ਅਪਰਾਧ ਵੀ ਸਵੀਕਾਰ ਜਿਹੇ ਕਰ ਲਏ ਜਾਂਦੇ ਹਨ। ਜਿਵੇਂ ਪਤੀ ਵਲੋਂ ਕੀਤਾ ਗਿਆ ਬਲਾਤਕਾਰ, ਬਲਾਤਕਾਰ ਨਹੀਂ ਮੰਨਿਆ ਜਾਂਦਾ। 

ਬਲਾਤਕਾਰ ਬਾਰੇ ਸਮਾਜ ਵਿਚ ਸੈਂਕੜੇ ਮਿੱਥ ਮੌਜੂਦ ਹਨ। ਜਿਵੇਂ ਬਲਾਤਕਾਰ ਵਿਚ ਲੜਕੀ ਨੂੰ ਵੀ ਕੁਝ ਚੰਗਾ ਫੀਲ ਹੁੰਦਾ ਹੈ। ਲੜਕੀਆਂ ਦੀ 'ਨਾਂਹ' ਨੂੰ ਵੀ 'ਹਾਂ' ਸਮਝਣਾ ਚਾਹੀਦਾ ਹੈ। ਛੋਟੇ ਤੇ ਭੜਕੀਲੇ ਕੱਪੜੇ ਪਾਉਣ ਵਾਲੀਆਂ ਲੜਕੀਆਂ ਦੇ ਨਾਲ ਬਲਾਤਕਾਰ ਹੋ ਜਾਣ ਤਾਂ ਕੀ ਗਲਤ ਹੈ। ਸ਼ਰਾਬ ਪੀਣ ਵਾਲੀਆਂ ਲੜਕੀਆਂ ਚਰਿੱਤਰ ਤੋਂ ਡਿਗੀਆਂ ਹੁੰਦੀਆਂ ਹਨ। ਦੇਰ ਰਾਤ ਤੱਕ ਘਰ ਤੋਂ ਬਾਹਰ ਰਹਿਣ ਵਾਲੀਆਂ ਲੜਕੀਆਂ ਬਲਾਤਕਾਰ ਨੂੰ ਸੱਦਾ ਦਿੰਦੀਆਂ ਹਨ। ਪਤੀ ਆਪਣੀ ਪਤਨੀ ਦਾ ਰੇਪ ਨਹੀਂ ਕਰ ਸਕਦਾ।

ਰੇਪ ਕੁਦਰਤੀ ਜਾਂ ਖਾਨਦਾਨੀ ਗੁਣਾਂ-ਅਵਗੁਣਾਂ ਕਰਕੇ ਹੁੰਦਾ ਹੈ। ਰੇਪ ਖਾਸ ਹਾਲਾਤ ਵਿਚ ਹੁੰਦਾ ਹੈ ਅਤੇ ਉਸਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਬਲਾਤਕਾਰੀ ਮਾਨਸਿਕ ਰੋਗੀ ਹੁੰਦੇ ਹਨ। ਬਲਾਤਕਾਰੀ ਆਪਣੀ ਸੈਕਸ ਡਿਜ਼ਾਇਰ ਕੰਟਰੋਲ ਨਾ ਕਰ ਸਕਣ ਕਰਕੇ ਬਲਾਤਕਾਰ ਕਰ ਬੈਠਦੇ ਹਨ। ਘਰ ਤੋਂ ਬਾਹਰ ਇਕੱਲੀ ਘੁੰਮਣ ਵਾਲੀ, ਲੜਕਿਆਂ ਦੇ ਨਾਲ ਰਹਿਣ ਵਾਲੀ, ਬਵਾਇਫ੍ਰੈਂਡ ਰੱਖਣ ਵਾਲੀ, ਝਗੜਾਲੂ ਤੇ ਖੁੱਲ ਕੇ ਬੋਲਣ ਵਾਲੀ ਤੇ ਵੇਸਵਾਪੁਣੇ ਵਿਚ ਸ਼ਾਮਲ ਲੜਕੀਆਂ ਬਲਾਤਕਾਰ ਕਰਨ ਦੇ ਲਾਇਕ ਹੁੰਦੀਆਂ ਹਨ ਜਾਂ ਇਨ੍ਹਾਂ ਦੇ ਨਾਲ ਰੇਪ ਹੋ ਜਾਵੇ ਤਾਂ ਬਹੁਤ ਹੱਦ ਤੱਕ ਸਹੀ ਹੀ ਹੈ। ਲੜਕੀ ਦੀ ਮਰਜ਼ੀ ਤੋਂ ਬਿਨਾਂ ਬਲਾਤਕਾਰ ਸੰਭਵ ਨਹੀਂ ਆਦਿ-ਆਦਿ।

ਅਸਲ ਵਿਚ ਬਲਾਤਕਾਰ ਨਾ ਤਾਂ ਪੁਰਸ਼ਾਂ ਵਿਚ ਕਿਸੇ ਖਾਨਦਾਨੀ ਕਮੀ ਕਰਕੇ ਹੁੰਦਾ ਹੈ ਅਤੇ ਨਾ ਹੀ ਬਲਾਤਕਾਰ ਕਰਨ ਵਾਲੇ ਮਾਨਸਿਕ ਰੋਗੀ ਹੁੰਦੇ ਹਨ। ਬਲਾਤਕਾਰ ਦੇ ਪਿੱਛੇ ਅਸਲ ਉਹ ਸੋਚ ਹੈ, ਜੋ ਕਿ ਔਰਤ ਨੂੰ ਇਕ ਸੈਕਸ ਆਬਜੈਕਟ ਮੰਨਦੇ ਹੋਏ ਉਸਨੂੰ ਉਪਭੋਗ ਦੀ ਚੀਜ ਮੰਨਦਾ ਹੈ ਅਤੇ ਇਸ ਵਿਚ ਔਰਤ ਦੀ ਨਾਂਹ ਜਾਂ ਅਸਹਿਮਤੀ ਨੂੰ ਨਕਾਰ ਦਿੱਤਾ ਜਾਂਦਾ ਹੈ। ਕਈ ਵਾਰ ਆਪਣਾ ਦਬਦਬਾ ਸਥਾਪਿਤ ਕਰਨ, ਮਰਦਾਨਗੀ ਦਿਖਾਉਣ, ਔਰਤਾਂ ਨੂੰ ਦੂਜੇ ਦਰਜੇ ਦਾ ਇਨਸਾਨ ਦਿਖਾਉਣ, ਔਰਤਾਂ ਨਾਲ ਜੁੜੇ ਲੋਕਾਂ ਦੇ ਸਨਮਾਨ ਨੂੰ ਘੱਟ ਕਰਨ, ਬਦਲਾ ਲੈਣ ਲਈ ਵੀ ਬਲਾਤਕਾਰ ਕੀਤੇ ਜਾਂਦੇ ਹਨ।

ਇਸ ਲਈ ਬਲਾਤਕਾਰ ਲਈ ਇਕੋ ਇਕ ਕਾਰਨ ਇਹੀ ਸੋਚ ਹੈ। ਬਲਾਤਕਾਰ ਕਰਨ ਵਾਲਾ ਬਲਾਤਕਾਰੀ ਹੀ ਹੁੰਦਾ ਹੈ, ਕੋਈ ਮਾਨਸਿਕ ਰੋਗੀ ਨਹੀਂ। ਕਿਸੇ ਇਨਸਾਨ ਵਿਚ (ਚਾਹੇ ਉਹ ਪੁਰਸ਼ ਹੋਵੇ ਜਾਂ ਮਹਿਲਾ) ਸੈਕਸ ਦੀ ਇੱਛਾ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਪੋਰਨ ਫਿਲਮਾਂ ਦੇਖਣਾ, ਕਿਸੇ ਨੂੰ ਛੋਟੇ ਕੱਪੜਿਆਂ ਵਿਚ ਦੇਖ ਕੇ, ਕਿਸੇ ਬਾਰੇ ਸਿਰਫ ਸੋਚ ਕੇ, ਡਰੱਗਸ ਲੈ ਕੇ ਆਦਿ।

ਸੈਕਸ ਦੀ ਇੱਛਾ ਪੈਦਾ ਹੋਣਾ ਗਲਤ ਨਹੀਂ, ਇਹ ਸਿਰਫ ਇਕ ਸਰੀਰਕ ਪ੍ਰਕਿਰਿਆ ਹੈ, ਪਰ ਇਸ ਇੱਛਾ ਨੂੰ ਸ਼ਾਂਤ ਕਰਨ ਲਈ ਕਿਸੇ ਦੇ ਨਾਲ ਜਬਰਦਸਤੀ ਸੈਕਸ ਕਰਨ ਨੂੰ ਬਲਾਤਕਾਰ ਕਿਹਾ ਜਾਂਦਾ ਹੈ। ਮਹਿਲਾਵਾਂ ਖਿਲਾਫ ਹੋਣ ਵਾਲੇ ਯੌਨ ਅਪਰਾਧਾਂ ਨੂੰ ਰੋਕਣ ਤੇ ਔਰਤਾਂ ਪ੍ਰਤੀ ਪੁਰਸ਼ਵਾਦੀ ਸਮਾਜ ਦੀ ਘਟੀਆ ਸੋਚ ਨੂੰ ਬਦਲਣ ਦੀ ਸਖਤ ਲੋੜ ਹੈ।

ਬਲਾਤਕਾਰ ਇਕ ਸਮਾਜਿਕ ਸਮੱਸਿਆ
ਸਾਬਕਾ ਪੁਲਸ ਅਧਿਕਾਰੀ ਅਜੈ ਕੁਮਾਰ ਮੁਤਾਬਕ, ਯੌਨ ਅਪਰਾਧਾਂ ਨਾਲ ਨਜਿੱਠਣ ਲਈ ਪੁਲਸ ਸੁਧਾਰਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਪ੍ਰਸ਼ਾਸਨ ਦੀ ਕਮੀ ਅਤੇ ਕੁਝ ਸੂਬਿਆਂ ਵਿਚ ਲਿੰਗ ਅਨੁਪਾਤ ਵਿਚ ਡਿਗਦੀ ਦਰ ਵੀ ਇਨ੍ਹਾਂ ਅਪਰਾਧਾਂ ਲਈ ਜ਼ਿੰਮੇਵਾਰ ਹੈ। ਭਾਰਤ 'ਚ ਬਲਾਤਕਾਰ ਅੱਜ ਵੀ ਇਕ ਸਮਾਜਿਕ ਸਮੱਸਿਆ ਹੈ ਅਤੇ ਇਹੀ ਕਾਰਨ ਹੈ ਕਿ ਜਿਹੜੀਆਂ ਮਹਿਲਾਵਾਂ ਇਸ ਤਰ੍ਹਾਂ ਦੀ ਹਿੰਸਾ ਦਾ ਸਿਕਾਰ ਵੀ ਹੁੰਦੀਆਂ ਹਨ, ਉਹ ਇਨ੍ਹਾਂ ਮਾਮਲਿਆਂ ਦੀ ਰਿਪੋਰਟ ਦਰਜ ਕਰਵਾਉਣ ਤੋਂ ਝਿਜਕ ਮਹਿਸੂਸ ਕਰਦੀਆਂ ਹਨ। ਹਾਲਾਂਕਿ ਹੁਣ ਵੱਡੇ ਸ਼ਹਿਰਾਂ ਵਿਚ ਮਹਿਲਾਵਾਂ ਲਈ ਸੁਰੱਖਿਅਤ ਮਾਹੌਲ ਤਿਆਰ ਕਰਨ ਲਈ ਮੁਹਿੰਮ ਛੇੜੀ ਗਈ ਹੈ।  

-ਤਾਰਾ ਸ਼ੰਕਰ

Comments

Leave a Reply