Tue,Jun 18,2019 | 07:08:15pm
HEADLINES:

Lifestyle

ਭਾਰਤ 'ਚ 29 ਲੱਖ ਬੱਚਿਆਂ ਦੇ ਨਹੀਂ ਲੱਗਦਾ ਖਸਰੇ ਦਾ ਟੀਕਾ

ਭਾਰਤ 'ਚ 29 ਲੱਖ ਬੱਚਿਆਂ ਦੇ ਨਹੀਂ ਲੱਗਦਾ ਖਸਰੇ ਦਾ ਟੀਕਾ

ਭਾਰਤ 'ਚ ਲਗਭਗ 29 ਲੱਖ ਬੱਚਿਆਂ ਨੂੰ ਖਸਰੇ ਦਾ ਟੀਕਾ ਨਹੀਂ ਲੱਗਦਾ। ਪੂਰੀ ਦੁਨੀਆਂ 'ਚ ਇਸ ਬਿਮਾਰੀ ਨਾਲ ਹਰ ਸਾਲ ਲਗਪਗ 90,000 ਬੱਚਿਆਂ ਦੀ ਜਾਨ ਚਲੀ ਜਾਂਦੀ ਹੈ। ਇਹ ਗੱਲ ਸਿਹਤ ਸੰਗਠਨਾਂ ਦੀ ਇਕ ਰਿਪੋਰਟ 'ਚ ਕਹੀ ਗਈ ਹੈ।

ਹਾਲ ਹੀ 'ਚ ਆਈ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵ ਹਾਲੇ ਵੀ ਖਸਰੇ ਨੂੰ ਮਿਟਾਉਣ ਦੇ ਟੀਚਿਆਂ ਤੱਕ ਪਹੁੰਚ ਪਾਉਣ ਤੋਂ ਕਾਫੀ ਦੂਰ ਹੈ, ਕਿਉਂਕਿ ਦੋ ਕਰੋੜ 8 ਲੱਖ ਬੱਚੇ ਹੁਣ ਵੀ ਖਸਰੇ ਦੇ ਟੀਕੇ ਦੀ ਪਹਿਲੀ ਖੁਰਾਕ ਤੋਂ ਦੂਰ ਹਨ। ਇਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਬੱਚੇ 6 ਦੇਸ਼ਾਂ -ਨਾਈਜੀਰੀਆ 33 ਲੱਖ, ਭਾਰਤ 29 ਲੱਖ, ਪਾਕਿਸਤਾਨ 20 ਲੱਖ, ਇੰਡੋਨੇਸ਼ੀਆ 12 ਲੱਖ, ਇਥੋਪੀਆ 9 ਲੱਖ ਤੇ ਕਾਂਗੋ ਗਣਰਾਜ 7 ਲੱਖ 'ਚ ਹਨ। ਸਾਲ 2016 'ਚ ਖਸਰੇ ਨਾਲ ਲਗਪਗ 90 ਹਜ਼ਾਰ ਬੱਚਿਆਂ ਦੀ ਮੌਤ ਹੋ ਗਈ ਸੀ।

ਇਹੀ ਅੰਕੜਾ ਸਾਲ 2000 ਦੇ ਮੁਕਾਬਲੇ 84 ਫੀਸਦੀ ਤੋਂ ਘੱਟ ਹੈ। ਉਸ ਸਾਲ ਖਸਰੇ ਕਾਰਨ 5,50,000 ਬੱਚਿਆਂ ਦੀ ਮੌਤ ਹੋਈ ਸੀ। ਇਹ ਰਿਪੋਰਟ ਵਿਸ਼ਵ ਸਿਹਤ ਸੰਗਠਨ, ਯੂਨੀਸੇਫ, ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਤੇ ਗਾਵੀ-ਦ ਵੈਕਸੀਨ ਅਲਾਇੰਸ ਨੇ ਤਿਆਰ ਕੀਤੀ ਹੈ।

ਕੁਝ ਹੋਰ ਹਾਲੀਆ ਅੰਕੜਿਆਂ ਅਨੁਸਾਰ ਭਾਰਤ 'ਚ ਸਾਲ 2008 ਤੋਂ 2015 ਵਿਚਾਲੇ ਹਰ ਰੋਜ਼ ਔਸਤਨ 2,137 ਨਵਜੰਮੇ ਬੱਚਿਆਂ ਦੀ ਮੌਤ ਹੋਈ ਸੀ। ਜਦੋਂਕਿ ਦੇਸ਼ 'ਚ ਹਾਲੇ ਵੀ ਨਵਜੰਮੇ ਬੱਚਿਆਂ ਦੀ ਮੌਤ ਦੀ ਰਜਿਸਟ੍ਰੇਸ਼ਨ ਤੇ ਅਨੁਮਾਨਿਤ ਗਿਣਤੀ 'ਚ ਵੱਡਾ ਫਰਕ ਦਿਖਾਈ ਦਿੰਦਾ ਹੈ। ਅੰਕੜਿਆਂ ਮੁਤਾਬਕ ਸਾਲ 2008 ਤੋਂ 15 ਦੇ ਵਿਚਾਲੇ ਹਰ ਘੰਟੇ ਔਸਤਨ 89 ਨਵਜੰਮੇ ਬੱਚਿਆਂ ਦੀ ਮੌਤ ਹੁੰਦੀ ਰਹੀ ਹੈ। 62.40 ਲੱਖ ਨਵਜੰਮਿਆਂ ਦੀ ਮੌਤ ਜਨਮ ਦੇ 28 ਦਿਨਾਂ ਵਿਚਾਲੇ ਹੋਈ ਹੈ।

ਸਭ ਤੋਂ ਜ਼ਿਆਦਾ ਬੱਚਿਆਂ ਦੀਆਂ ਮੌਤਾਂ ਭਾਰਤ 'ਚ
ਅੰਕੜੇ ਕਹਿੰਦੇ ਹਨ ਕਿ ਦੁਨੀਆਂ 'ਚ ਸਭ ਤੋਂ ਜ਼ਿਆਦਾ ਨਵਜੰਮਿਆਂ ਦੀ ਮੌਤ ਭਾਰਤ 'ਚ ਹੁੰਦੀ ਹੈ। ਬੱਚਿਆਂ ਲਈ ਕੰਮ ਕਰਨ ਵਾਲੀ ਐੱਨਜੀਓ 'ਸੇਵ ਦਾ ਚਿਲਡਰਨ' ਦਾ ਕਹਿਣਾ ਹੈ ਕਿ ਭਾਰਤ 'ਚ ਪੰਜ ਸਾਲ ਤੋਂ ਘੱਟ ਉਮਰ ਵਾਲੇ 3,671 ਬੱਚਿਆਂ ਦੀ ਹਰ ਦਿਨ ਮੌਤ ਹੋ ਜਾਂਦੀ ਹੈ। ਐੱਨਜੀਓ ਦੇ ਅੰਕੜੇ ਦੱਸਦੇ ਹਨ ਕਿ 56 ਫੀਸਦੀ ਮੌਤਾਂ ਜਨਮ ਦੇ ਇਕ ਮਹੀਨੇ ਦੇ ਅੰਦਰ ਹੋ ਜਾਂਦੀਆਂ ਹਨ। ਇਨ੍ਹਾਂ 'ਚੋਂ 50 ਫੀਸਦੀ ਬੱਚਿਆਂ ਦੀ ਮੌਤ ਕੁਪੋਸ਼ਣ ਨਾਲ ਹੁੰਦੀ ਹੈ।

ਦੁਨੀਆਂ ਭਰ 'ਚ ਜਿੰਨੇ ਨਵਜੰਮੇ ਬੱਚਿਆਂ ਦੀ ਮੌਤ ਹੁੰਦੀ ਹੈ, ਉਨ੍ਹਾਂ 'ਚੋਂ 21 ਫੀਸਦੀ ਇਕੱਲੇ ਭਾਰਤ ਹਨ। ਐੱਨਜੀਓ ਦਾ ਕਹਿਣਾ ਹੈ ਕਿ ਭਾਰਤ 'ਚ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਵਾਲੇ 1.25 ਮਿਲੀਅਨ ਯਾਨੀ 12.5 ਲੱਖ ਬੱਚੇ ਅਜਿਹੇ ਕਾਰਨਾਂ ਕਰਕੇ ਮਰ ਜਾਂਦੇ ਹਨ, ਜਿਨ੍ਹਾਂ ਦਾ ਇਲਾਜ ਸੰਭਵ ਹੈ। ਹਰ ਸਾਲ 5.7 ਲੱਖ ਬੱਚੇ ਜਨਮ ਤੋਂ 7 ਦਿਨਾਂ ਦੇ ਅੰਦਰ ਮਰ ਜਾਂਦੇ ਹਨ।

Comments

Leave a Reply