Mon,Apr 22,2019 | 08:31:06am
HEADLINES:

Lifestyle

ਦਿਮਾਗ ਤੇ ਸਰੀਰ ਨੂੰ ਸਿਹਤਮੰਦ ਰੱਖਣਾ ਹੈ ਤਾਂ ਕਰੋ ਕਸਰਤ

ਦਿਮਾਗ ਤੇ ਸਰੀਰ ਨੂੰ ਸਿਹਤਮੰਦ ਰੱਖਣਾ ਹੈ ਤਾਂ ਕਰੋ ਕਸਰਤ

ਅਮਰੀਕਨ ਮੈਡੀਕਲ ਐਸੋਸੀਏਸ਼ਨ ਦੀ ਮੈਗਜ਼ੀਨ 'ਚ ਦੱਸਿਆ ਗਿਆ ਹੈ ਕਿ ਹਫਤੇ ਵਿਚ ਇਕ ਜਾਂ ਦੋ ਦਿਨ ਜ਼ਿਆਦਾ ਕਸਰਤ ਕਰਕੇ ਉਸੇ ਤਰ੍ਹਾਂ ਦੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ, ਜਿਸ ਤਰ੍ਹਾਂ ਰੋਜ਼ਾਨਾ ਕਸਰਤ ਨਾਲ ਮਿਲਦੇ ਹਨ। ਯੂਰੋਪ ਵਿਚ 63,000 ਲੋਕਾਂ ਦੇ ਸਰਵੇ ਤੋਂ ਪਤਾ ਲੱਗਾ ਹੈ ਕਿ ਹਫਤੇ 'ਚ ਇਕ ਜਾਂ ਦੋ ਦਿਨ 150 ਮਿੰਟ ਦੀ ਕਸਰਤ ਨਾਲ ਮੌਤ ਦਾ ਖਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ 30 ਤੋਂ 34 ਫੀਸਦੀ ਘੱਟ ਹੋ ਗਿਆ, ਜਿਹੜੇ ਕਿ ਬਿਲਕੁੱਲ ਕਸਰਤ ਨਹੀਂ ਕਰਦੇ ਸਨ। ਹਫਤੇ ਦੇ ਜ਼ਿਆਦਾਤਰ ਦਿਨਾਂ 'ਚ ਕਸਰਤ ਕਰਨ ਵਾਲੇ ਲੋਕਾਂ ਦੇ ਮਰਨ ਦਾ ਖਤਰਾ 35 ਫੀਸਦੀ ਤੱਕ ਘੱਟ ਪਾਇਆ ਗਿਆ। 

ਇਸੇ ਤਰ੍ਹਾਂ ਫ੍ਰੰਟੀਅਰਸ ਇਨ ਇਮਯੂਨੋਲਾਜੀ ਮੈਗਜ਼ੀਨ ਵਿਚ ਛਪੀ ਰਿਸਰਚ ਨੇ ਦੱਸਿਆ ਹੈ ਕਿ ਯੋਗ ਅਤੇ ਮੈਡੀਟੇਸ਼ਨ ਨਾਲ ਕਮਜ਼ੋਰ ਸਿਹਤ ਤੇ ਡਿਪ੍ਰੈਸ਼ਨ ਨਾਲ ਸਬੰਧਤ ਜੀਂਸ ਵਿਚ ਬਦਲਾਅ ਹੋ ਸਕਦੇ ਹਨ। 18 ਰਿਸਰਚਾਂ ਦੀ ਪੜਤਾਲ ਵਿਚ ਪਾਇਆ ਗਿਆ ਕਿ ਦਿਮਾਗ ਅਤੇ ਸਰੀਰ ਦੀ ਇਹ ਕਸਰਤ ਸਰੀਰ ਵਿਚ ਜਲਨ, ਸੋਜਸ਼ ਵਧਾਉਣ ਵਾਲੇ ਜੀਂਸ ਦੀ ਗਤੀਵਿਧੀ ਨੂੰ ਸ਼ਾਂਤ ਕਰ ਦਿੰਦੀ ਹੈ।

ਜਿਹੜੇ ਲੋਕ ਧਿਆਨ, ਯੋਗ ਰੂਟੀਨ ਵਿਚ ਕਰਦੇ ਹਨ, ਉਨ੍ਹਾਂ ਵਿਚ ਇਹ ਜਲਨ, ਸੋਜਸ਼ ਦੀ ਸਮੱਸਿਆ ਘੱਟ ਹੁੰਦੀ ਹੈ। ਮਸਲਸ ਨੂੰ ਵੱਡਾ ਕਰਨ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਸਟ੍ਰੈਂਗਥ ਟ੍ਰੇਨਿੰਗ ਸਭ ਤੋਂ ਲਾਭਦਾਇਕ ਕਸਰਤ ਹੈ। ਇਸ ਨਾਲ ਟਾਈਪ-2 ਡਾਇਬਿਟੀਜ਼, ਦਿਲ ਦੀਆਂ ਬਿਮਾਰੀਆਂ ਸਮੇਤ ਕਈ ਰੋਗਾਂ ਦਾ ਖਤਰਾ ਘੱਟ ਹੁੰਦਾ ਹੈ। ਇਕ ਨਵੀਂ ਸਟਡੀ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਮਹਿਲਾਵਾਂ ਨੇ ਤਾਕਤ ਵਧਾਉਣ ਵਾਲੀ ਕਸਰਤ ਕੀਤੀ, ਉਨ੍ਹਾਂ ਵਿਚ ਟਾਈਪ-2 ਡਾਇਬਿਟੀਜ਼ ਦਾ ਖਤਰਾ 30 ਫੀਸਦੀ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ 17 ਫੀਸਦੀ ਘੱਟ ਪਾਇਆ ਗਿਆ ਹੈ। 

ਹਰ ਦਿਨ ਕੰਮ ਦੇ ਦਬਾਅ ਨੂੰ ਘੱਟ ਕਰਨ ਦਾ ਚੰਗਾ ਢੰਗ ਕਸਰਤ ਹੈ। ਆਕਿਊਪੇਸ਼ਨਲ ਹੈਲਥ ਸਾਈਕੋਲਾਜੀ ਮੈਗਜ਼ੀਨ 'ਚ ਛਪੀ ਸਟਡੀ ਮੁਤਾਬਕ, 15 ਮਿੰਟ ਪੈਦਲ ਚੱਲਣ ਨਾਲ ਲੋਕਾਂ ਨੂੰ ਕੰਮ 'ਤੇ ਜ਼ਿਆਦਾ ਫੋਕਸ ਕਰਨ 'ਚ ਮਦਦ ਮਿਲੀ। ਦਿਨ ਦੇ ਅਖੀਰ ਵਿਚ ਉਨ੍ਹਾਂ ਨੂੰ ਜ਼ਿਆਦਾ ਥਕਾਨ ਮਹਿਸੂਸ ਨਹੀਂ ਹੋਈ। ਰਿਸਰਚ ਦੱਸਦੀ ਹੈ ਕਿ ਰੋਜ਼ਾਨਾ ਜ਼ਿਆਦਾ ਕੈਲੋਰੀ ਖਰਚ ਕਰਨ ਵਾਲੇ ਲੋਕ ਕੰਮ ਨਾਲ ਜੁੜੇ ਤਣਾਅ ਅਤੇ ਗੁੱਸੇ ਨੂੰ ਘਰ ਨਹੀਂ ਲੈ ਕੇ ਜਾਂਦੇ।

ਕਈ ਲੋਕਾਂ ਦੀ ਅਜਿਹੀ ਸੋਚ ਹੁੰਦੀ ਹੈ ਕਿ ਲੰਬੇ ਸਮੇਂ ਤੱਕ ਦੌੜਨ ਨਾਲ ਜੋੜਾਂ ਵਿਚ ਦਰਦ, ਗਠੀਆ, ਗੋਡਿਆਂ ਵਿਚ ਕਮਜ਼ੋਰੀ ਅਤੇ ਕਈ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਇਕ ਸਟਡੀ ਵਿਚ ਪਾਇਆ ਗਿਆ ਹੈ ਕਿ ਥੋੜਾ-ਬਹੁਤ ਦੌੜਨ ਨਾਲ ਗੋਡੇ ਦੇ ਜੋੜ ਵਿਚ ਇਨਫਲੇਮੇਸ਼ਨ ਘੱਟ ਹੋ ਗਿਆ। ਦੌੜਨ ਨਾਲ ਗੋਡਿਆਂ ਵਿਚ ਤਕਲੀਫ ਘੱਟ ਹੋ ਸਕਦੀ ਹੈ।

ਸਰੀਰਕ ਗਤੀਵਿਧੀ ਦਿਮਾਗ ਲਈ ਫਾਇਦੇਮੰਦ
ਕਸਰਤ ਕਾਰਨ ਦਿਲ ਤੇਜੀ ਨਾਲ ਖੂਨ ਪੰਪ ਕਰਦਾ ਹੈ। ਇਹ ਸਰੀਰ ਵਿਚ ਆਕਸੀਜਨ ਦਾ ਸਭ ਤੋਂ ਜ਼ਿਆਦਾ ਉਪਯੋਗ ਕਰਨ ਵਾਲੇ ਦਿਮਾਗ ਲਈ ਲਾਭਦਾਇਕ ਹੈ। ਸਰੀਰਕ ਗਤੀਵਿਧੀ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਦੀ ਸੁਰੱਖਿਆ, ਉਨ੍ਹਾਂ ਦੀ ਮੁਰੰਮਤ ਅਤੇ ਨਵੀਆਂ ਕੋਸ਼ਿਕਾਵਾਂ ਦੇ ਜਨਮ ਦੀ ਨਿਊਰੋਟ੍ਰਾਫਿਕ ਗਤੀਵਿਧੀ ਵਧਦੀ ਹੈ। ਕਸਰਤ ਕਰਨ ਵਾਲੇ ਲੋਕਾਂ ਦੇ ਦਿਮਾਗ ਦੇ ਕੁਝ ਹਿੱਸੇ ਜ਼ਿਆਦਾ ਵੱਡੇ ਹੁੰਦੇ ਹਨ।

ਜ਼ਿਆਦਾ ਹਲਚਲ ਨਾਲ ਯਾਦਦਾਸ਼ਤ ਕਮਜ਼ੋਰ ਨਹੀਂ ਪੈਂਦੀ। ਸੋਧ ਮੁਤਾਬਕ, ਇਕ ਦਿਨ ਵਿਚ 68 ਮਿੰਟ ਦੀ ਹਲਕੀ ਸਰੀਰਕ ਗਤੀਵਿਧੀ ਕਰਨ ਵਾਲੇ ਲੋਕਾਂ ਦਾ ਦਿਮਾਗ ਇਸ ਤੋਂ ਘੱਟ ਸਰਗਰਮ ਲੋਕਾਂ ਦੇ ਮੁਕਾਬਲੇ ਜ਼ਿਆਦਾ ਸਿਹਤਮੰਦ ਰਹਿੰਦਾ ਹੈ। ਦੌੜਨ, ਸਵੀਮਿੰਗ ਵਰਗੀਆਂ ਐਰੋਬਿਕ ਕਸਰਤਾਂ ਦਿਮਾਗੀ ਸਿਹਤ ਲਈ ਚੰਗੀਆਂ ਹਨ।

(ਸਰੋਤ : ਟਾਈਮ)

Comments

Leave a Reply