Tue,Jun 18,2019 | 07:09:25pm
HEADLINES:

Lifestyle

ਸਮੇਂ ਤੋਂ ਪਹਿਲਾਂ ਹੋਈਆਂ ਮੌਤਾਂ 'ਚੋਂ 30% ਦਾ ਕਾਰਨ ਹਵਾ ਪ੍ਰਦੂਸ਼ਣ

ਸਮੇਂ ਤੋਂ ਪਹਿਲਾਂ ਹੋਈਆਂ ਮੌਤਾਂ 'ਚੋਂ 30% ਦਾ ਕਾਰਨ ਹਵਾ ਪ੍ਰਦੂਸ਼ਣ

ਇੱਕ ਸੋਧ ਤੇ ਸਲਾਹਕਾਰ ਸੰਸਥਾ ਨੇ ਇੱਕ ਨਵੇਂ ਸਰਵੇ ਵਿੱਚ ਦੱਸਿਆ ਹੈ ਕਿ ਦਿੱਲੀ ਵਿੱਚ ਹਰ ਤੀਸਰੇ ਬੱਚੇ ਦਾ ਫੇਫੜਾ ਖਰਾਬ ਹੈ। ਇਸ ਸਰਵੇ ਵਿੱਚ ਹਵਾ ਪ੍ਰਦੂਸ਼ਣ ਅਤੇ ਵਿਅਕਤੀ ਦੀ ਮਾਨਸਿਕ ਸਿਹਤ ਵਿਚਕਾਰ ਹੁਣ ਤੱਕ ਅਣਛੂਹੇ ਸਬੰਧਾਂ ਦੀ ਵੀ ਜਾਂਚ ਕੀਤੀ ਗਈ ਹੈ। ਦਿੱਲੀ ਤੇ ਗੁਆਂਢੀ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੇ ਚੇਤਾਵਨੀ ਪੱਧਰ ਤੱਕ ਪਹੁੰਚਣ ਦੇ ਕੁਝ ਦਿਨ ਬਾਅਦ ਇਹ ਸਰਵੇ ਸਾਹਮਣੇ 
ਆਇਆ ਹੈ। 
 
ਸੈਂਟਰ ਫਾਰ ਸਾਈਂਸ ਐਂਡ ਇਨਵਾਇਰਮੈਂਟ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਵਿੱਚੋਂ 30 ਫੀਸਦੀ ਦਾ ਕਾਰਨ ਹਵਾ ਪ੍ਰਦੂਸ਼ਣ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸਾਲ 2016 ਵਿੱਚ ਸਾਢੇ ਤਿੰਨ ਕਰੋੜ ਲੋਕਾਂ ਨੂੰ ਦੇਸ਼ ਭਰ ਵਿੱਚ ਅਸਥਮਾ ਦੀ ਬਿਮਾਰੀ ਸੀ।
 
'ਬਾਡੀ ਬਰਡਨ : ਲਾਈਫ ਸਟਾਈਲ ਡਿਜ਼ੀਸੇਜ਼' ਸਿਰਲੇਖ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ, ''ਦਿੱਲੀ ਵਿੱਚ ਹਰ ਤੀਸਰੇ ਬੱਚੇ ਦਾ ਫੇਫੜਾ ਖਰਾਬ ਹੈ, ਜਦਕਿ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 30 ਫੀਸਦੀ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ।'' ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਤਾਵਰਣ ਅਤੇ ਸਿਹਤ ਵਿਚਕਾਰ ਮਹੱਤਵਪੂਰਨ ਸਬੰਧ ਹੈ, ਜਿਨ੍ਹਾਂ ਵਿੱਚੋਂ ਹਵਾ ਪ੍ਰਦੂਸ਼ਣ ਅਤੇ ਮਾਨਸਿਕ ਸਿਹਤ ਵਿੱਚ ਸਬੰਧ ਵਰਗੇ ਕਈ ਪੱਖ ਹੁਣ ਤੱਕ ਅਣਛੂਹੇ ਸਨ।
 
ਰਿਪੋਰਟ ਦੇ ਅੰਕੜਿਆਂ ਮੁਤਾਬਕ, ਸਾਲ 2020 ਤੱਕ ਹਰ ਸਾਲ ਕੈਂਸਰ ਦੇ 17.3 ਲੱਖ ਨਵੇਂ ਮਾਮਲੇ ਦਰਜ ਕੀਤੇ ਜਾਣਗੇ, ਜਿਨ੍ਹਾਂ ਦਾ ਮੁੱਖ ਕਾਰਨ ਹਵਾ ਪ੍ਰਦੂਸ਼ਣ, ਤੰਬਾਕੂ, ਸ਼ਰਾਬ ਅਤੇ ਭੋਜਨ ਸਬੰਧੀ ਬਦਲਾਅ ਹੋਣਗੇ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਦਾ ਹਰ 12ਵਾਂ ਵਿਅਕਤੀ ਸ਼ੂਗਰ ਦਾ ਮਰੀਜ਼ ਹੈ, ਜਿਸ ਕਰਕੇ ਸ਼ੂਗਰ ਦੇ ਸਭ ਤੋਂ ਜ਼ਿਆਦਾ ਮਰੀਜਾਂ ਦੇ ਮਾਮਲੇ ਵਿੱਚ ਦੇਸ਼ ਦੂਜੇ ਨੰਬਰ 'ਤੇ ਹੈ। ਦੇਸ਼ ਵਿੱਚ ਹਰ ਸਾਲ 27 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀ ਹੈ। ਅਜਿਹੇ ਵਿੱਚ 52 ਫੀਸਦੀ ਮਾਮਲਿਆਂ ਵਿੱਚ ਮ੍ਰਿਤਕ ਦੀ ਉਮਰ 70 ਸਾਲ ਤੋਂ ਘੱਟ ਹੁੰਦੀ ਹੈ।

1.22 ਕਰੋੜ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਖਤਰਾ
ਯੂਨੀਸੇਫ ਦੀ 6 ਦਸੰਬਰ ਨੂੰ ਜਾਰੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਮੇਤ ਦੱਖਣ ਏਸ਼ੀਆ ਵਿੱਚ ਹਵਾ ਪ੍ਰਦੂਸ਼ਣ ਨਾਲ 1.22 ਕਰੋੜ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਅਸਰ ਪੈ ਸਕਦਾ ਹੈ। ਸੰਯੁਕਤ ਰਾਸ਼ਟਰ ਬਾਲ ਕੋਸ਼ ਯੂਨੀਸੇਫ ਦੀ ਭਾਰਤ ਵਿੱਚ ਸੰਚਾਰ ਮੁਖੀ ਅਲੈਕਜੈਂਡਰਾ ਵੇਸਟਰਬੀਕ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਸੰਕਟ ਨਾਲ ਲੱਖਾਂ ਭਾਰਤੀ ਬੱਚੇ ਪ੍ਰਭਾਵਿਤ ਹੋ ਰਹੇ ਹਨ।
 
ਰਿਪੋਰਟ ਮੁਤਾਬਕ, ਦੱਖਣ ਏਸ਼ੀਆ ਵਿੱਚ ਹਵਾ ਪ੍ਰਦੂਸ਼ਣ ਕਾਰਨ ਇੱਕ ਸਾਲ ਤੋਂ ਘੱਟ ਉਮਰ ਦੇ ਕਰੀਬ 1.22 ਕਰੋੜ ਬੱਚਿਆਂ ਦਾ ਮਾਨਸਿਕ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ। ਹਵਾ ਪ੍ਰਦੂਸ਼ਣ ਕਿਸ ਤਰ੍ਹਾਂ ਛੋਟੇ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਹ ਦੱਸਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਦੂਸ਼ਣਕਾਰੀ ਤੱਤਾਂ ਨਾਲ ਦਿਮਾਗ ਟਿਸ਼ੂਆਂ ਨੂੰ ਨੁਕਸਾਨ ਪਹੁੰਚਦਾ ਹੈ।
 
ਜਨਮ ਦੇ 1,000 ਦਿਨਾਂ ਅੰਦਰ ਹਵਾ ਪ੍ਰਦੂਸ਼ਣ, ਘੱਟ ਪੋਸ਼ਣ ਤੇ ਹਿੰਸਾ ਦੀ ਚਪੇਟ ਵਿੱਚ ਆਉਣ ਨਾਲ ਬੱਚਿਆਂ ਦੇ ਵਿਕਸਿਤ ਹੋ ਰਹੇ ਦਿਮਾਗ 'ਤੇ ਅਸਰ ਪੈਣ  ਨਾਲ ਉਨ੍ਹਾਂ ਦਾ ਸ਼ੁਰੂਆਤੀ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ। ਰਿਪੋਰਟ ਮੁਤਾਬਕ, ਦੱਖਣ ਏਸ਼ੀਆ ਵਿੱਚ ਬੱਚਿਆਂ ਦੀ ਅਜਿਹੀ ਸਭ ਤੋਂ ਜ਼ਿਆਦਾ ਗਿਣਤੀ ਹੈ, ਜੋ ਕਿ ਪ੍ਰਦੂਸ਼ਣ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਵਿੱਚ ਰਹਿੰਦੇ ਹਨ, ਅਜਿਹੇ ਸਥਾਨਾਂ 'ਤੇ ਜਿੱਥੇ ਹਵਾ ਪ੍ਰਦੂਸ਼ਣ ਅੰਤਰਰਾਸ਼ਟਰੀ ਪੱਧਰ ਤੋਂ ਛੇ ਗੁਣਾ ਜ਼ਿਆਦਾ ਹੈ।
 
ਅਲੈਕਜੈਂਡਰਾ ਨੇ ਕਿਹਾ ਕਿ ਬੱਚਿਆਂ ਦੇ ਸਾਫ ਹਵਾ ਵਿੱਚ ਸਾਹ ਲੈਣ ਦੇ ਅਧਿਕਾਰ ਅਤੇ ਉਨ੍ਹਾਂ ਦੀ ਸਿਹਤ 'ਤੇ ਹਵਾ ਪ੍ਰਦੂਸ਼ਣ ਦੇ ਖਤਰਨਾਕ ਅਸਰ ਨੂੰ ਲੈ ਕੇ ਜਾਗਰੂਕਤਾ ਦਾ ਪਸਾਰ ਕਰਨਾ ਯੂਨੀਸੇਫ ਦੀ ਤਰਜੀਹ ਵਿੱਚ ਸ਼ਾਮਲ ਹੈ।

 

Comments

Leave a Reply