Wed,Dec 19,2018 | 09:48:29am
HEADLINES:

India

ਮਿਸਾਲ : ਪਤਨੀ ਨੂੰ ਨਹੀਂ ਭਰਨ ਦਿੱਤਾ ਪਾਣੀ, ਦਲਿਤ ਨੇ 40 ਦਿਨਾਂ 'ਚ ਖੋਦਿਆ ਖੂਹ

ਮਿਸਾਲ : ਪਤਨੀ ਨੂੰ ਨਹੀਂ ਭਰਨ ਦਿੱਤਾ ਪਾਣੀ, ਦਲਿਤ ਨੇ 40 ਦਿਨਾਂ 'ਚ ਖੋਦਿਆ ਖੂਹ

ਮੁੰਬਈ। ਮਹਾਰਾਸ਼ਟਰ 'ਚ ਇਕ ਦਲਿਤ ਮਜਦੂਰ ਦੀ ਕਹਾਣੀ ਵੀ ਕੁਝ ਮਾਉਂਟੇਨਮੈਨ ਦਸ਼ਰਥ ਮਾਂਝੀ ਵਾਂਗ ਹੀ ਹੈ। ਖੂਹ ਦੇ ਮਾਲਕ ਨੇ ਇਕ ਦਿਨ ਪਤਨੀ ਨੂੰ ਪਾਣੀ ਨਹੀਂ ਭਰਨ ਦਿੱਤਾ। ਬੀਏ ਪਾਸ ਮਜਦੂਰ ਬਾਪੂ ਰਾਓ ਨੂੰ ਪਤਨੀ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ ਅਤੇ ਉਸਨੇ ਖੂਹ ਖੋਦਣ ਦਾ ਫੈਸਲਾ ਕਰ ਲਿਆ। 

ਦਿਨ ਰਾਤ ਇਕ ਕਰਕੇ 40 ਦਿਨਾਂ ਵਿਚ ਜ਼ਮੀਨ 'ਚੋਂ ਪਾਣੀ ਕੱਢ ਦਿੱਤਾ। ਉਸਦੀ ਮਿਹਨਤ ਨੇ ਰੰਗ ਦਿਖਾਇਆ ਅਤੇ ਹੁਣ ਸੁੱਕੇ ਦੀ ਮਾਰ ਸਹਿ ਰਹੇ ਇਲਾਕੇ ਦੇ ਦਲਿਤਾਂ ਦੇ ਨਾਲ-ਨਾਲ ਉੱਚੀ ਜਾਤੀ ਦੇ ਲੋਕ ਵੀ ਇੱਥੋਂ ਪਾਣੀ ਲੈ ਕੇ ਪਿਆਸ ਬੁਝਾ ਰਹੇ ਹਨ। 

ਮੀਡੀਆ ਰਿਪੋਰਟ ਮੁਤਾਬਕ ਵਾਸ਼ਿਮ ਦੇ ਬਾਪੂ ਰਾਓ ਤਜਨੇ ਪਾਣੀ ਕੱਢਣ ਲਈ ਰੋਜ਼ਾਨਾ 6 ਘੰਟੇ ਖੂਹ ਪੁੱਟਦਾ ਸੀ। ਉਸਦੀ ਜ਼ਿੱਦ ਸੀ ਕਿ ਜਦੋਂ ਤੱਕ ਜ਼ਮੀਨ 'ਚੋਂ ਪਾਣੀ ਕੱਢ ਨਹੀਂ ਦਿੰਦਾ, ਉਦੋਂ ਤੱਕ ਖੁਦਾਈ ਕਰਦਾ ਰਹਾਂਗਾ। ਇਸਦੇ ਲਈ ਉਸਨੇ ਘਰ ਵਾਲਿਆਂ ਦੀ ਵੀ ਮਦਦ ਨਹੀਂ ਲਈ।

ਉਸਨੂੰ ਉਮੀਦ ਸੀ ਕਿ ਇਕ ਦਿਨ ਜ਼ਮੀਨ 'ਚੋਂ ਪਾਣੀ ਜ਼ਰੂਰ ਨਿਕਲੇਗਾ। ਉਸ ਦਿਨ ਪਿਆਸ ਬੁਝਾਉਣ ਲਈ ਕਿਸੇ ਨੂੰ ਬੇਇੱਜ਼ਤ ਨਹੀਂ ਹੋਣਾ ਪਵੇਗਾ। ਪਿੰਡ ਵਾਲਿਆਂ ਨੇ ਇਸ ਦੌਰਾਨ ਕਈ ਵਾਰ ਬਾਪੂ ਰਾਓ ਦਾ ਮਜ਼ਾਕ ਉਡਾਇਆ, ਪਰ ਉਹ ਆਪਣੇ ਕੰਮ ਵਿਚ ਲੱਗਿਆ ਰਿਹਾ।

ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਜਦੋਂ ਬਾਪੂ ਰਾਓ ਨੂੰ ਪਾਣੀ ਨਜ਼ਰ ਆਇਆ ਤਾਂ ਲੱਗਿਆ ਕਿ ਜਿਵੇਂ ਇਕ ਨਵੀਂ ਸਵੇਰ ਹੋ ਗਈ ਹੈ। ਬਾਪੂ ਰਾਓ ਦੀ ਇਕ ਚੰਗੀ ਜ਼ਿੱਦ ਦਾ ਨਤੀਜਾ ਹੀ ਹੈ ਕਿ ਅੱਜ ਵਾਸ਼ਿਮ ਜਿਲੇ ਦੇ ਕਲਾਮਬੇਸ਼ਵਰ ਪਿੰਡ ਦੇ ਲੋਕਾਂ ਨੂੰ ਪਾਣ ਮਿਲਣ ਲੱਗਾ ਹੈ।

ਬਾਪੂ ਰਾਓ ਨੇ ਕਿਹਾ, ''ਖੂਹ ਦੇ ਮਾਲਿਕ ਨੇ ਜਦੋਂ ਪਾਣੀ ਭਰਨ ਗਈ ਪਤਨੀ ਨੂੰ ਭਜਾ ਦਿੱਤਾ ਤਾਂ ਉਸ ਦਿਨ ਉਹ ਬਹੁਤ ਰੋਇਆ। ਸਾਡੀ ਬੇਇੱਜ਼ਤੀ ਕਿਉਂ? ਕੀ ਅਸੀਂ ਗਰੀਬ ਅਤੇ ਦਲਿਤ ਹਾਂ, ਇਸ ਲਈ?'' ਉਸੇ ਦਿਨ ਉਸਨੇ ਤੈਅ ਕਰ ਲਿਆ ਸੀ ਕਿ ਪਾਣੀ ਲਈ ਕਿਸੇ ਦੇ ਸਾਹਮਣੇ ਹੱਥ ਨਹੀਂ ਅੱਡੇਗਾ। ਅਗਲੇ ਹੀ ਦਿਨ ਮਾਲੇਗਾਂਵ ਤੋਂ ਔਜਾਰ ਖਰੀਦ ਕੇ ਲਿਆਇਆ ਤੇ ਖੁਦਾਈ ਸ਼ੁਰੂ ਕਰ ਦਿੱਤੀ।

ਬਾਪੂ ਰਾਓ ਨੂੰ ਹੁਣ ਇਲਾਕੇ ਵਿਚ ਪਹਿਚਾਣ ਮਿਲਣ ਲੱਗੀ ਹੈ। ਮਰਾਠੀ ਚੈਨਲ 'ਤੇ ਉਨਾਂ ਦੀ ਫਿਲਮ ਦੇਖ ਕੇ ਨਾਨਾ ਪਾਟੇਕਰ ਨੇ ਫੋਨ 'ਤੇ ਗੱਲ ਕੀਤੀ। ਇਕ ਸੋਸ਼ਲ ਐਕਟੀਵਿਸਟ ਨੇ ਉਨਾਂ ਨੂੰ 5000 ਰੁਪਏ ਦੀ ਮਦਦ ਦੇਣ ਦਾ ਵਾਅਦਾ ਕੀਤਾ। ਇਸੇ ਤਰਾਂ ਹੋਰ ਲੋਕ ਵੀ ਬਾਪੂ ਰਾਓ ਦੀ ਮਦਦ ਕਰਨਾ ਚਾਹੁੰਦੇ ਹਨ।

ਪਿੰਡ ਦੇ ਦਲਿਤ ਤੇ ਗਰੀਬ ਲੋਕ ਖੁਸ਼ ਹਨ ਕਿ ਹੁਣ ਉਨਾਂ ਨੂੰ ਪਾਣੀ ਲਈ ਮੀਲਾਂ ਦੂਰ ਨਹੀਂ ਜਾਣਾ ਪਵੇਗਾ, ਬੇਇੱਜ਼ਤ ਨਹੀਂ ਹੋਣਾ ਪਵੇਗਾ। ਫਿਲਹਾਲ 15 ਫੁੱਟ ਡੂੰਘੇ ਖੂਹ ਨੂੰ ਚੌੜਾ ਕਰਨ ਲਈ ਹੁਣ ਬਾਪੂ ਰਾਓ ਦੀ ਪਤਨੀ ਸੰਗੀਤਾ ਤੇ ਗੁਆਂਢੀ ਵੀ ਮਦਦ ਕਰ ਰਹੇ ਹਨ।

Comments

Leave a Reply