Wed,Mar 27,2019 | 12:45:32am
HEADLINES:

India

ਜੇਐੱਨਯੂ ਦੇ 'ਲਾਲ ਕਿਲੇ' ਨੂੰ ਨੀਲੀ ਕ੍ਰਾਂਤੀ ਤੋਂ ਖਤਰਾ

ਜੇਐੱਨਯੂ ਦੇ 'ਲਾਲ ਕਿਲੇ' ਨੂੰ ਨੀਲੀ ਕ੍ਰਾਂਤੀ ਤੋਂ ਖਤਰਾ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) 'ਚ ਹਾਲ ਹੀ 'ਚ ਹੋਈਆਂ ਵਿਦਿਆਰਥੀ ਚੋਣਾਂ ਵਿਚ ਆਈਸਾ, ਐੱਸਐੱਫਆਈ ਤੇ ਡੀਐੱਸਐੱਫ ਦੇ ਗੱਠਜੋੜ ਵਾਲਾ ਪੈਨਲ ਯੂਨਾਈਟੇਡ ਲੈਫਟ ਸਾਰੀਆਂ ਚਾਰ ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਿਹਾ। 

ਖੱਬੇ ਪੱਖੀਆਂ ਦੇ ਵਿਦਿਆਰਥੀ ਸੰਗਠਨਾਂ ਦੀ ਇਸ ਸੰਯੁਕਤ ਜਿੱਤ ਨਾਲ ਬੇਸ਼ੱਕ ਜੇਐੱਨਯੂ 'ਚ 'ਲਾਲ ਕਿਲਾ' ਬਰਕਰਾਰ ਰਿਹਾ, ਪਰ ਆਉਣ ਵਾਲੇ ਸਮੇਂ ਵਿਚ ਇਸਨੂੰ 'ਨੀਲੀ ਕ੍ਰਾਂਤੀ' ਤੋਂ ਖਤਰਾ ਪੈਦਾ ਹੋ ਗਿਆ ਹੈ। ਬਿਰਸਾ ਅੰਬੇਡਕਰ ਫੂਲੇ ਸਟੂਡੈਂਟ ਐਸੋਸੀਏਸ਼ਨ (ਬਾਪਸਾ) ਨੇ ਇਨ੍ਹਾਂ ਚੋਣਾਂ ਵਿਚ ਐੱਸਸੀ, ਐੱਸਟੀ, ਓਬੀਸੀ ਤੇ ਧਾਰਮਿਕ ਘੱਟ ਗਿਣਤੀਆਂ ਦੇ ਵਿਦਿਆਰਥੀਆਂ ਦੇ ਸਮਰਥਨ ਨਾਲ ਚੋਣਾਂ ਵਿਚ ਆਪਣੀ ਮਜ਼ਬੂਤ ਮੌਜੂਦਗੀ  ਦਿਖਾ ਦਿੱਤੀ ਹੈ।

ਪ੍ਰਧਾਨ, ਉਪ ਪ੍ਰਧਾਨ, ਜਨਰਲ ਸੈਕਟਰੀ ਤੇ ਜੁਆਇੰਟ ਸੈਕਟਰੀ ਦੇ ਅਹੁਦਿਆਂ ਦੀਆਂ ਚੋਣਾਂ ਵਿਚ ਬਾਪਸਾ ਦੇ ਉਮੀਦਵਾਰ ਬੇਸ਼ੱਕ ਜਿੱਤ ਨਾ ਸਕੇ, ਪਰ ਉਹ ਵੱਡੀ ਗਿਣਤੀ ਵਿਚ ਵੋਟ ਲੈ ਜਾਣ ਵਿਚ ਸਫਲ ਰਹੇ। ਪ੍ਰਧਾਨਗੀ ਦੀ ਚੋਣ ਵਿਚ ਲੈਫਟ ਸਟੂਡੈਂਟ ਸੰਗਠਨਾਂ ਦੀ ਸੰਯੁਕਤ ਉਮੀਦਵਾਰ ਗੀਤਾ ਨੂੰ 1506, ਏਬੀਵੀਪੀ ਦੀ ਨਿਧੀ ਤ੍ਰਿਪਾਠੀ ਨੂੰ 1042 ਵੋਟਾਂ ਪ੍ਰਾਪਤ ਹੋਈਆਂ, ਜਦਕਿ ਬਾਪਸਾ ਦੀ ਮੁਸਲਿਮ ਉਮੀਦਵਾਰ ਸ਼ਬਾਨਾ ਅਲੀ 935 ਵੋਟਾਂ ਪ੍ਰਾਪਤ ਕਰਕੇ ਤੀਜੇ ਸਥਾਨ 'ਤੇ ਰਹੀ। ਕਾਂਗਰਸ ਦੇ ਵਿਦਿਆਰਥੀ ਸੰਗਠਨ ਐੱਨਐੱਸਯੂਆਈ ਦੀ ਵ੍ਰਸ਼ਿਣਕਾ ਨੂੰ ਸਿਰਫ 82 ਵੋਟਾਂ ਪਈਆਂ।

ਉਪਪ੍ਰਧਾਨ ਦੀ ਚੋਣ ਵਿਚ ਯੂਨਾਈਟਿਡ ਲੈਫਟ ਉਮੀਦਵਾਰ ਜੋਯਾ ਖਾਨ ਨੂੰ 1876, ਏਬੀਵੀਪੀ ਦੇ ਦੁਰਗੇਸ਼ ਨੂੰ 1028 ਤੇ ਬਾਪਸਾ ਦੇ ਸੁਬੋਧ ਕੁਮਾਰ ਨੂੰ 910 ਵੋਟਾਂ ਮਿਲੀਆਂ। ਜਨਰਲ ਸਕੱਤਰ ਅਹੁਦੇ ਲਈ ਲੈਫਟ ਯੂਨਾਈਟਿਡ ਦੇ ਦੁੱਗੀਰਾਲਾ ਸ਼੍ਰੀਕ੍ਰਿਸ਼ਣਾ ਨੇ 2082, ਏਬੀਵੀਪੀ ਦੇ ਨਿਕੁੰਜ ਨੇ 975 ਤੇ ਬਾਪਸਾ ਦੇ ਕਰਮ ਨੇ 875 ਵੋਟਾਂ ਹਾਸਲ ਕੀਤੀਆਂ। ਸੰਯੁਕਤ ਸਕੱਤਰ ਅਹੁਦੇ ਲਈ ਲੈਫਟ ਯੂਨਾਈਟਿਡ ਦੇ ਸੁਭਾਂਸ਼ੂ ਨੂੰ 1755, ਏਬੀਵੀਪੀ ਦੇ ਪੰਕਜ ਕੇਸਰੀ ਨੂੰ 920 ਤੇ ਬਾਪਸਾ ਦੇ ਵਿਨੋਦ ਕੁਮਾਰ ਨੂੰ 860 ਵੋਟਾਂ ਮਿਲੀਆਂ।

ਲੈਫਟ ਧੜਾ ਬੇਸ਼ੱਕ ਜਿੱਤ ਗਿਆ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਸਦੇ ਵਿਦਿਆਰਥੀ ਸੰਗਠਨਾਂ ਨੇ ਇਹ ਜਿੱਤ ਗੱਠਜੋੜ (ਆਈਸਾ, ਐੱਸਐੱਫਆਈ ਤੇ ਡੀਐੱਸਐੱਫ) ਰਾਹੀਂ ਪ੍ਰਾਪਤ ਕੀਤੀ ਹੈ। ਜੇਕਰ ਲੈਫਟ ਸੰਗਠਨ ਅਲੱਗ-ਅਲੱਗ ਚੋਣ ਲੜਦੇ ਤਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਣੀਆਂ ਲਾਜ਼ਮੀ ਸਨ। ਹਾਰ-ਜਿੱਤ ਦੇ ਇਸ ਗਣਿਤ ਵਿਚਕਾਰ ਸਭ ਤੋਂ ਮਜ਼ਬੂਤ ਧਮਕ ਬਾਪਸਾ ਦੀ ਰਹੀ, ਜਿਸ ਨਾਲ ਜੇਐੱਨਯੂ ਵਿਚ ਵਿਦਿਆਰਥੀ ਰਾਜਨੀਤੀ ਹੁਣ ਬਦਲਾਅ ਦੇ ਦੌਰ ਵੱਲ ਜਾਂਦੀ ਦਿਖਾਈ ਦੇ ਰਹੀ ਹੈ। 

ਪਿਛਲੇ ਤਿੰਨ ਸਾਲਾਂ ਵਿਚ ਬਾਪਸਾ ਨੇ ਜਿਹੜੀ ਜਗ੍ਹਾ ਬਣਾਈ ਹੈ, ਉਸ ਤੋਂ ਲਗਦਾ ਹੈ ਕਿ ਭਵਿੱਖ ਵਿਚ ਬਾਪਸਾ ਹੀ 'ਲਾਲ ਕਿਲੇ' ਨੂੰ ਸੱਤਾ ਤੋਂ ਉਤਾਰਨ ਵਿਚ ਸਫਲ ਹੋਵੇਗੀ। ਜਿਸ ਜਗ੍ਹਾ ਭਾਜਪਾ ਦੇ ਵਿਦਿਆਰਥੀ ਸੰਗਠਨ ਏਬੀਵੀਪੀ ਨੂੰ ਆਉਣ ਵਿਚ ਕਈ ਸਾਲ ਲੱਗ ਗਏ, ਉੱਥੇ ਬਾਪਸਾ ਨੇ ਸਿਰਫ ਤਿੰਨ ਸਾਲ 'ਚ ਹੀ ਉਹ ਜਗ੍ਹਾ ਬਣਾਈ ਹੈ। ਇਨ੍ਹਾਂ ਤਿੰਨ ਸਾਲਾਂ ਵਿਚ ਹੀ ਬਾਪਸਾ ਕਾਂਗਰਸ ਦੇ ਵਿਦਿਆਰਥੀ ਸੰਗਠਨ ਐੱਨਐੱਸਯੂਆਈ ਨੂੰ ਪਿੱਛੇ ਛੱਡਣ ਵਿਚ ਸਫਲ ਹੋ ਗਿਆ ਹੈ। ਬਾਪਸਾ ਦਾ ਇਹ ਉਭਾਰ ਆਉਣ ਵਾਲੇ ਸਮੇਂ 'ਚ ਬਹੁਜਨ ਵਿਚਾਰਧਾਰਾ ਵਾਲੀ ਵਿਦਿਆਰਥੀ ਰਾਜਨੀਤੀ ਲਈ ਸ਼ੁਭ ਸੰਕੇਤ ਹੈ।

ਮਜ਼ਬੂਤ ਹੁੰਦਾ 'ਬਾਪਸਾ'
ਜੇਐੱਨਯੂ ਵਿਦਿਆਰਥੀ ਸੰਗਠਨ ਚੋਣਾਂ ਵਿਚ ਆਮ ਤੌਰ 'ਤੇ ਲੈਫਟ ਬਨਾਮ ਲੈਫਟ ਦੀ ਜੰਗ ਹੁੰਦੀ ਰਹੀ ਹੈ, ਪਰ ਹੁਣ ਅਜਿਹਾ ਨਹੀਂ ਹੈ। ਇੱਥੇ ਬਹੁਜਨ ਅੰਬੇਡਕਰਵਾਦੀ ਰਾਜਨੀਤੀ ਦੇ ਨਾਂ 'ਤੇ ਉਭਰਿਆ ਬਾਪਸਾ ਵੱਡੀ ਤਾਕਤ ਬਣ ਗਿਆ ਹੈ। ਇਸਨੇ ਕੈਂਪਸ ਵਿਚ ਦਲਿਤ, ਪਛੜੇ, ਆਦਿਵਾਸੀਆਂ, ਮੁਸਲਮਾਨਾਂ ਤੇ ਹੋਰ ਧਾਰਮਿਕ ਘੱਟ ਗਿਣਤੀਆਂ ਵਿਚ ਆਪਣੀ ਮਜ਼ਬੂਤੀ ਸਥਾਪਿਤ ਕਰਨੀ ਸ਼ੁਰੂ ਕਰ ਦਿੱਤੀ ਹੈ।

ਮੀਡੀਆ ਤੋਂ ਦੂਰ ਰਹਿ ਕੇ ਇਸਨੇ ਆਪਣਾ ਕੈਡਰ ਮਜ਼ਬੂਤ ਕੀਤਾ। ਨਤੀਜਾ ਇਹ ਹੋਇਆ ਕਿ ਇਹ ਲੈਫਟ ਲਈ ਉਨ੍ਹਾਂ ਦੇ ਹੀ ਕਿਲੇ 'ਚ ਚੁਣੌਤੀ ਬਣ ਗਿਆ। ਮਾਹਿਰਾਂ ਮੁਤਾਬਕ, ਸਿਰਫ ਤਿੰਨ ਸਾਲ ਪਹਿਲਾਂ ਬਣੇ ਬਾਪਸਾ ਦੇ ਉਭਾਰ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਲੈਫਟ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ।

Comments

Leave a Reply