Sat,May 30,2020 | 12:34:41am
HEADLINES:

India

ਮਿਸਾਲ : 1.24 ਲੱਖ ਵਿਦਿਆਰਥੀਆਂ ਨੇ ਕਿਹਾ-ਨਾ ਸਾਡਾ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤੀ

ਮਿਸਾਲ : 1.24 ਲੱਖ ਵਿਦਿਆਰਥੀਆਂ ਨੇ ਕਿਹਾ-ਨਾ ਸਾਡਾ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤੀ

ਕੇਰਲ 'ਚ ਸਿੱਖਿਅਕ ਵਰ੍ਹੇ 2017-18 ਦੌਰਾਨ ਸਕੂਲਾਂ 'ਚ ਕਲਾਸ ਪਹਿਲੀ ਤੋਂ 12ਵੀਂ ਤੱਕ 'ਚ ਦਾਖਲਾ ਪਾਉਣ ਵਾਲੇ 1,24,144 ਵਿਦਿਆਰਥੀਆਂ ਨੇ ਜਾਤੀ ਤੇ ਧਰਮ ਦੇ ਕਾਲਮ ਨੂੰ ਖਾਲੀ ਛੱਡ ਦਿੱਤਾ। ਉਨ੍ਹਾਂ ਬੱਚਿਆਂ ਦਾ ਤਰਕ ਹੈ ਕਿ ਉਹ ਕਿਸੇ ਜਾਤੀ ਜਾਂ ਧਰਮ 'ਚ ਵਿਸ਼ਵਾਸ ਨਹੀਂ ਕਰਦੇ।

ਇਸ ਨਾਲ ਮਿਲਦੀ-ਜੁਲਦੀ ਇੱਕ ਹੋਰ ਘਟਨਾ ਤਮਿਲਨਾਡੂ 'ਚ ਸਾਹਮਣੇ ਆਈ। ਉੱਥੇ ਵੇਲੂਰ ਜ਼ਿਲ੍ਹੇ ਦੇ ਤਿਰੂਪੱਤੁਰ ਦੀ ਇੱਕ ਮਹਿਲਾ ਸਨੇਹਾ ਸਰਕਾਰ ਨੇ ਇਸ ਗੱਲ ਦਾ ਸਰਟੀਫਿਕੇਟ ਹਾਸਲ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਕਿ ਉਨ੍ਹਾਂ ਦੀ ਨਾ ਤਾਂ ਕੋਈ ਜਾਤੀ ਹੈ ਅਤੇ ਨਾ ਹੀ ਕੋਈ ਧਰਮ। ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ। ਇਸਦੀ ਮਹੱਤਤਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਸਨੇਹਾ ਨੂੰ ਇਹ ਸਰਟੀਫਿਕੇਟ ਲੈਣ ਲਈ 9 ਸਾਲ ਲੰਮਾ ਸੰਘਰਸ਼ ਕਰਨਾ ਪਿਆ।

ਧਰਮ ਤੇ ਜਾਤੀ ਦੇ ਭੇਦਭਾਵ ਅੱਜ ਦੇਸ਼ 'ਚ ਤਰ੍ਹਾਂ-ਤਰ੍ਹਾਂ ਦੇ ਸੰਘਰਸ਼ ਤੇ ਫਸਾਦ ਦਾ ਕਾਰਨ ਬਣ ਰਹੇ ਹਨ। ਇਸ ਕਰਕੇ ਇਨ੍ਹਾਂ ਭੇਦਭਾਵ ਤੋਂ ਉੱਪਰ ਉੱਠਣ ਜਾਂ ਇਨ੍ਹਾਂ ਨੂੰ ਭੁਲਾਉਣ ਦੀਆਂ ਇਹ ਕੋਸ਼ਿਸ਼ਾਂ ਕਾਫੀ ਮਹੱਤਵਪੂਰਨ ਹਨ। ਧਰਮ ਅਧਾਰਿਤ ਭੇਦਭਾਵ ਬੇਸ਼ੱਕ ਅੱਜ ਜ਼ਿਆਦਾ ਵੱਡਾ ਨਜ਼ਰ ਆ ਰਿਹਾ ਹੋਵੇ, ਪਰ ਸੱਚ ਇਹ ਹੈ ਕਿ ਧਰਮ ਤੋਂ ਜ਼ਿਆਦਾ ਵੱਡਾ ਜਾਲ ਜਾਤੀ ਦਾ ਹੈ।

ਸਮਾਜ 'ਚ ਜਾਤੀਵਾਦੀ ਦਲਦਲ 'ਚ ਕੋਈ ਕਮੀ ਆਉਂਦੀ ਨਹੀਂ ਦਿਖਾਈ ਦੇ ਰਹੀ ਹੈ, ਸਗੋਂ ਸਿੱਖਿਆ ਦੇ ਪ੍ਰਚਾਰ-ਪਸਾਰ ਦੇ ਬਾਵਜੂਦ ਇਸ 'ਚ ਵਾਧਾ ਹੀ ਹੋ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੀਆਂ ਦਲਿਤ ਅੱਤਿਆਚਾਰਾਂ ਦੀਆਂ ਖਬਰਾਂ ਇਸਦਾ ਸਬੂਤ ਹਨ। ਆਜ਼ਾਦੀ ਦੇ 7 ਦਹਾਕੇ ਬਾਅਦ ਵੀ ਦੇਸ਼ 'ਚ ਜਾਤੀਵਾਦ ਨਾ ਸਿਰਫ ਸਮਾਜ 'ਚ, ਸਗੋਂ ਸਰਕਾਰੀ ਦਸਤਾਵੇਜ਼ਾਂ 'ਚ ਵੀ ਡੂੰਘਾਈ ਨਾਲ ਬੈਠ ਗਿਆ ਹੈ।

ਅੱਜ ਵੀ ਜਾਤੀ ਦਾ ਜ਼ਿਕਰ ਸਰਕਾਰੀ ਦਸਤਾਵੇਜ਼ਾਂ 'ਚ ਹੁੰਦਾ ਹੈ। ਹਾਲਾਂਕਿ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਕੀ ਜਾਤੀ ਦਾ ਜ਼ਿਕਰ ਨਾ ਕਰਨ ਨਾਲ ਜਾਤੀਵਾਦ ਦਾ ਖਾਤਮਾ ਹੋ ਜਾਵੇਗਾ? ਸਾਫ ਹੈ ਕਿ ਇਸਦਾ ਸਪੱਸ਼ਟ ਜਵਾਬ ਨਾਂਹ 'ਚ ਹੀ ਆਵੇਗਾ। ਜਾਤੀਵਾਦੀ ਜੰਜਾਲ ਸਿਰਫ ਸਰਕਾਰੀ ਦਸਤਾਵੇਜ਼ਾਂ 'ਚ ਨਹੀਂ ਹੈ। ਇਸਦਾ ਅਸਲੀ ਠਿਕਾਣਾ ਲੋਕਾਂ ਦੇ ਦਿਮਾਗ 'ਚ ਹੈ। ਅੱਜ ਵੀ ਵਿਆਹਾਂ 'ਚ ਜਾਤੀਵਾਦੀ ਭੇਦਭਾਵ ਤੋਂ ਉੱਪਰ ਉੱਠਣ ਦੀ ਹਿੰਮਤ ਸਮਾਜ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਦਿਖਾਉਂਦਾ ਹੈ।

ਹਾਲਾਂਕਿ ਅਜਿਹੇ ਹਾਲਾਤ ਦੇ ਬਾਵਜੂਦ ਜੇਕਰ ਕੋਈ ਇੱਕ ਮਹਿਲਾ ਲੰਮਾ ਸੰਘਰਸ਼ ਚਲਾਉਂਦੇ ਹੋਏ ਸਰਕਾਰ ਤੋਂ ਆਪਣੇ ਜਾਤੀਹੀਣ, ਧਰਮਹੀਣ ਹੋਣ ਦਾ ਸਰਟੀਫਿਕੇਟ ਪ੍ਰਾਪਤ ਕਰਦੀ ਹੈ ਜਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਛੋਟੇ ਬੱਚਿਆਂ ਨੂੰ ਇਨ੍ਹਾਂ ਭੇਦਭਾਵ ਤੋਂ ਉੱਪਰ ਐਲਾਨਦੇ ਹਨ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈ। ਇਸਨੂੰ ਭਾਰਤੀ ਸਮਾਜ ਲਈ ਇੱਕ ਦਿਸ਼ਾ ਸੂਚਕ ਘਟਨਾ ਦੇ ਰੂਪ 'ਚ ਲਿਆ ਜਾਣਾ ਚਾਹੀਦਾ ਹੈ।
-ਨਰਪਤ ਦਾਨ

Comments

Leave a Reply