Sun,Jul 05,2020 | 05:41:09am
HEADLINES:

India

ਵਾਇਰ ਲੈੱਸ 'ਤੇ 'ਜੈ ਹਿੰਦ'-'ਜੈ ਮਹਾਕਾਲ' ਬੋਲਿਆ ਜਾਂਦਾ ਸੀ, ਮੁਲਾਜ਼ਮ 'ਜੈ ਭੀਮ' ਕਹਿਣ ਲੱਗੇ ਤਾਂ ਐੱਸਪੀ ਨੇ ਕੀਤਾ ਇਤਰਾਜ਼

ਵਾਇਰ ਲੈੱਸ 'ਤੇ 'ਜੈ ਹਿੰਦ'-'ਜੈ ਮਹਾਕਾਲ' ਬੋਲਿਆ ਜਾਂਦਾ ਸੀ, ਮੁਲਾਜ਼ਮ 'ਜੈ ਭੀਮ' ਕਹਿਣ ਲੱਗੇ ਤਾਂ ਐੱਸਪੀ ਨੇ ਕੀਤਾ ਇਤਰਾਜ਼

ਪਿਛਲੇ ਕੁਝ ਦਿਨਾਂ ਤੋਂ ਮੱਧ ਪ੍ਰਦੇਸ਼ ਦੇ ਉਜੈਨ ਖੇਤਰ ਦੇ ਐੱਸਪੀ ਵੱਲੋਂ ਕਥਿਤ ਤੌਰ 'ਤੇ 'ਜੈ ਭੀਮ' ਕਹਿਣ ਤੋਂ ਰੋਕੇ ਜਾਣ ਦੇ ਬਿਆਨ 'ਤੇ ਦੇਸ਼ ਭਰ 'ਚ ਹੰਗਾਮਾ ਹੋ ਰਿਹਾ ਹੈ। 'ਪਤ੍ਰਿਕਾ' ਦੀ ਇੱਕ ਖਬਰ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਉਜੈਨ ਖੇਤਰ ਦੇ ਕਈ ਪੁਲਸ ਮੁਲਾਜ਼ਮ ਵਾਇਰਲੈਸ ਸੈੱਟ 'ਤੇ 'ਜੈ ਭੀਮ' ਨਾਲ ਸੰਬੋਧਨ ਕਰ ਰਹੇ ਸਨ। ਇਸ ਨੂੰ ਲੈ ਕੇ ਇੱਥੇ ਦੇ ਨਵੇਂ ਐੱਸਪੀ ਮਨੋਜ ਸਿੰਘ ਨੇ ਸਖਤ ਇਤਰਾਜ਼ ਪ੍ਰਗਟ ਕੀਤਾ।

ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜਾ ਵੀ ਪੁਲਸ ਮੁਲਾਜ਼ਮ 'ਜੈ ਭੀਮ' ਕਹਿੰਦਾ ਹੋਇਆ ਪਾਇਆ ਗਿਆ, ਉਸ 'ਤੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਜਾਵੇਗੀ। 'ਪੱਤ੍ਰਿਕਾ' ਦੀ ਖਬਰ ਮੁਤਾਬਕ ਪੁਲਸ ਦੇ ਵਾਇਰ ਲੈਸ ਸੈੱਟ 'ਤੇ ਕੋਈ ਵੀ ਸੰਦੇਸ਼ ਭੇਜਣ ਤੋਂ ਪਹਿਲਾਂ ਇੱਥੇ 'ਜੈ ਹਿੰਦ' ਜਾਂ 'ਜੈ ਮਹਾਕਾਲ' ਬੋਲਿਆ ਜਾਂਦਾ ਹੈ।

ਹਾਲਾਂਕਿ ਕੁਝ ਦਿਨਾਂ ਤੋਂ ਕਈ ਪੁਲਸ ਮੁਲਾਜ਼ਮ 'ਜੈ ਭੀਮ' ਨਾਲ ਸੰਬੋਧਨ ਕਰ ਰਹੇ ਸਨ। ਇਸਨੂੰ ਲੈ ਕੇ ਐੱਸਪੀ ਮਨੋਜ ਸਿੰਘ ਵੱਲੋਂ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ 'ਜੈ ਭੀਮ' ਸ਼ਬਦ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਪ੍ਰਤੀ ਸਨਮਾਨ ਵੱਜੋਂ ਵਰਤਿਆ ਜਾਂਦਾ ਹੈ। ਅਜਿਹੇ 'ਚ ਦੇਸ਼ ਭਰ ਦੇ ਅੰਬੇਡਕਰਵਾਦੀ ਸੰਗਠਨ ਤੇ ਬਹੁਜਨ ਸਮਾਜ ਦੇ ਲੋਕ ਐੱਸਪੀ ਵੱਲੋਂ ਦਿੱਤੀ ਚਿਤਾਵਨੀ ਦਾ ਵਿਰੋਧ ਕਰ ਰਹੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'ਜੈ ਭੀਮ' ਬੋਲਣਾ ਗਲਤ ਨਹੀਂ ਹੈ। ਜੇਕਰ 'ਜੈ ਹਿੰਦ' ਜਾਂ 'ਜੈ ਮਹਾਕਾਲ' ਬੋਲਿਆ ਜਾ ਸਕਦਾ ਹੈ, ਫਿਰ 'ਜੈ ਭੀਮ' ਕਿਉਂ ਨਹੀਂ ਬੋਲਿਆ ਜਾ ਸਕਦਾ। ਇਸ ਸਬੰਧ 'ਚ ਲੋਕਾਂ ਨੇ ਟਵਿਟਰ 'ਤੇ ਵੀ #ਜੈ ਭੀਮ ਉਜੈਨ ਪੁਲਸ ਟ੍ਰੈਂਡ ਕਰਾਇਆ।

ਇਸੇ ਵਿਵਾਦ ਵਿਚਕਾਰ ਬੀਤੇ ਦਿਨੀਂ ਐੱਸਪੀ ਉਜੈਨ ਮਨੋਜ ਸਿੰਘ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ 'ਚ ਐੱਸਪੀ ਮਹਾਕਲੇਸ਼ਵਰ ਜਯੋਤਿਰਲਿੰਗ ਮੰਦਰ ਅੱਗੇ ਨਤਮਸਤਕ ਹੁੰਦੇ ਦਿਖਾਈ ਦੇ ਰਹੇ ਹਨ। 'ਜੈ ਭੀਮ' ਬੋਲਣ ਦਾ ਕਥਿਤ ਵਿਰੋਧ ਕਰਨ ਵਾਲੇ ਐੱਸਪੀ ਮਨੋਜ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਮੰਦਰ ਅੱਗੇ ਮੱਥਾ ਟੇਕ ਕੇ ਭਗਵਾਨ ਦਾ ਅਸ਼ੀਰਵਾਦ ਲੈਣ ਆਏ ਸਨ।

Comments

Leave a Reply