Sat,Jun 23,2018 | 07:14:22pm
HEADLINES:

India

ਐੱਸਸੀ, ਐੱਸਟੀ ਤੇ ਓਬੀਸੀ ਦੇ ਹਿੱਸੇ ਦੀਆਂ 294 ਪੋਸਟਾਂ ਜਨਰਲ ਵਰਗ ਨੂੰ ਦਿੱਤੀਆਂ

ਐੱਸਸੀ, ਐੱਸਟੀ ਤੇ ਓਬੀਸੀ ਦੇ ਹਿੱਸੇ ਦੀਆਂ 294 ਪੋਸਟਾਂ ਜਨਰਲ ਵਰਗ ਨੂੰ ਦਿੱਤੀਆਂ

ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ) ਤੇ ਪਛੜੇ ਵਰਗਾਂ (ਓਬੀਸੀ) ਨੂੰ ਮਿਲੇ ਰਾਖਵੇਂਕਰਨ ਦੇ ਹੱਕ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਹੈ। ਸਰਕਾਰੀ ਵਿਭਾਗਾਂ ਦੇ ਕੰਮਕਾਜ ਨੂੰ ਪ੍ਰਾਈਵੇਟ ਹੱਥਾਂ 'ਚ ਦਿੱਤੇ ਜਾਣ ਕਰਕੇ ਰਾਖਵਾਂਕਰਨ ਵਿਵਸਥਾ ਖਤਰੇ ਵਿਚ ਹੈ, ਉਪਰੋਂ ਜਿਹੜੇ ਵਿਭਾਗ ਸਰਕਾਰ ਤਹਿਤ ਆਉਂਦੇ ਵੀ ਹਨ, ਉਨ੍ਹਾਂ ਵਿਚ ਵੀ ਰਾਖਵੇਂਕਰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ। 

ਹਾਲ ਹੀ 'ਚ ਇੰਟੈਲੀਜੈਂਸ ਬਿਊਰੋ, ਗ੍ਰਹਿ ਮੰਤਰਾਲੇ ਵਲੋਂ 1430 ਪੋਸਟਾਂ ਦੀ ਭਰਤੀ ਪ੍ਰਕਿਰਿਆ ਵਿਚ ਇਹ ਦੇਖਣ ਨੂੰ ਮਿਲਿਆ ਹੈ। ਆਈਬੀ ਲਈ ਕੁੱਲ 1430 ਪੋਸਟਾਂ ਵਿਚੋਂ 130 ਪੋਸਟਾਂ ਐਕਸ ਸਰਵਿਸਮੈਨ ਲਈ ਰੱਖੀਆਂ ਗਈਆਂ ਹਨ। ਬਾਕੀ 1300 ਸੀਟਾਂ ਵਿਚ ਐੱਸਸੀ, ਐੱਸਟੀ ਤੇ ਓਬੀਸੀ ਦੇ ਹਿੱਸੇ ਦੀਆਂ ਰਾਖਵੀਆਂ ਸੀਟਾਂ 'ਤੇ ਵੱਡੇ ਪੱਧਰ 'ਤੇ ਕਟੌਤੀ ਕਰ ਦਿੱਤੀ ਗਈ ਹੈ।
 
1300 ਵਿਚੋਂ 951 ਸੀਟਾਂ ਗੈਰਰਾਖਵੀਆਂ ਕਰ ਦਿੱਤੀਆਂ ਗਈਆਂ ਹਨ। ਓਬੀਸੀ ਨੂੰ 184, ਐੱਸਸੀ ਨੂੰ 109 ਤੇ ਐੱਸਟੀ ਨੂੰ ਸਿਰਫ 56 ਸੀਟਾਂ ਦਿੱਤੀਆਂ ਗਈਆਂ ਹਨ, ਜਦਕਿ ਰਾਖਵਾਂਕਰਨ ਵਿਵਸਥਾ ਤਹਿਤ ਓਬੀਸੀ ਨੂੰ 351, ਐੱਸਸੀ ਨੂੰ 195 ਅਤੇ ਐੱਸਟੀ ਨੂੰ 97 ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। 
 
1300 'ਚੋਂ ਸਿਰਫ 349 ਸੀਟਾਂ ਹੀ ਐੱਸਸੀ, ਐੱਸਟੀ ਤੇ ਓਬੀਸੀ ਨੂੰ ਮਿਲੀਆਂ ਹਨ, ਜਦਕਿ ਇਨ੍ਹਾਂ ਦੇ ਹਿੱਸੇ 643 ਸੀਟਾਂ ਆਉਣੀਆਂ ਚਾਹੀਦੀਆਂ ਸਨ। ਇਸ ਤਰ੍ਹਾਂ ਇਨ੍ਹਾਂ ਵਰਗਾਂ ਦੇ ਹਿੱਸੇ ਦੀਆਂ 294 ਸੀਟਾਂ ਜਨਰਲ ਕੋਟੇ ਦੇ ਹਿੱਸੇ ਪਾ ਦਿੱਤੀਆਂ ਗਈਆਂ ਹਨ। ਐੱਸਸੀ, ਐੱਸਟੀ ਤੇ ਓਬੀਸੀ ਦੀ ਆਬਾਦੀ ਮੁਤਾਬਕ 49.5 ਫੀਸਦੀ ਰਾਖਵਾਂਕਰਨ ਇਨ੍ਹਾਂ ਵਰਗਾਂ ਦਾ ਸੰਵਿਧਾਨਕ ਹੱਕ ਹੈ। ਇਸਦੇ ਬਾਵਜੂਦ ਇਸਦੀ ਅਣਦੇਖੀ ਹੋ ਰਹੀ ਹੈ।
 
ਇੰਟੈਲੀਜੈਂਸ ਬਿਊਰੋ, ਗ੍ਰਹਿ ਮੰਤਰਾਲੇ ਨੇ ਕੁੱਲ 1430 ਪੋਸਟਾਂ ਲਈ ਅਰਜ਼ੀਆਂ ਮੰਗੀਆਂ ਹਨ। ਮੰਤਰਾਲੇ ਦੇ ਅਸਿਸਟੈਂਟ ਸੈਂਟਰਲ ਇੰਟੈਲੀਜੈਂਸ ਅਫਸਰ (ਗ੍ਰੇਡ 2) ਪੋਸਟਾਂ ਲਈ ਉਮੀਦਵਾਰ ਅਧਿਕਾਰਕ ਵੈਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ ਲਈ ਪ੍ਰੀਖਿਆਵਾਂ ਲਈਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਇੰਟਰਵਿਊ ਰਾਹੀਂ ਉਮੀਦਵਾਰਾਂ ਦੀ ਚੋਣ ਹੋਵੇਗੀ।
 
ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਵਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਣੀ ਜ਼ਰੂਰੀ ਹੈ ਅਤੇ ਕੰਪਿਊਟਰ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ। ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 27 ਸਾਲ ਵਿਚਕਾਰ ਹੋਣੀ ਜ਼ਰੂਰੀ ਹੈ, ਜਿਸ ਵਿਚ ਓਬੀਸੀ ਵਰਗ ਦੇ ਉਮੀਦਵਾਰਾਂ ਨੂੰ 3 ਸਾਲ ਅਤੇ ਐੱਸਸੀ-ਐੱਸਟੀ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ।
 
ਉਮੀਦਵਾਰ ਮੰਤਰਾਲੇ ਦੀ ਵੈੱਬਸਾਈਟ www.mha.nic.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਪ੍ਰਕਿਰਿਆ ਦੀ ਸ਼ੁਰੂਆਤ 12 ਅਗਸਤ ਤੋਂ ਹੋ ਚੁੱਕੀ ਹੈ ਅਤੇ 2 ਸਤੰਬਰ ਤੱਕ ਉਮੀਦਵਾਰ ਇਸਦੇ ਲਈ ਅਪਲਾਈ ਕਰ ਸਕਦੇ ਹਨ। ਚੋਣ ਲਈ ਪ੍ਰੀਖਿਆ 15 ਅਕਤੂਬਰ ਨੂੰ ਹੋਵੇਗੀ।

Comments

Leave a Reply