Sun,Jul 05,2020 | 07:13:43am
HEADLINES:

India

ਲਾਕਡਾਊਨ 'ਚ ਬਿਨਾਂ ਬਿਮਾਰੀ ਮਰ ਗਏ ਸੈਂਕੜੇ ਲੋਕ : ਰਿਪੋਰਟ

ਲਾਕਡਾਊਨ 'ਚ ਬਿਨਾਂ ਬਿਮਾਰੀ ਮਰ ਗਏ ਸੈਂਕੜੇ ਲੋਕ : ਰਿਪੋਰਟ

ਕੋਰੋਨਾ ਵਾਇਰਸ ਤੋਂ ਬਚਣ ਲਈ ਦੇਸ਼ 'ਚ ਕੀਤੇ ਗਏ ਲਾਕਡਾਊਨ ਦੌਰਾਨ ਕਈ ਲੋਕ ਬਿਨਾਂ ਬਿਮਾਰੀ ਦੇ ਮਾਰੇ ਗਏ। ਇਸ ਸਬੰਧ 'ਚ ਇੱਕ ਖਬਰ 'ਚ ਸਰਵੇਖਣ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਲਾਕਡਾਊਨ ਦੌਰਾਨ ਦੇਸ਼ 'ਚ 383 ਲੋਕਾਂ ਦੀ ਹੋਈ ਮੌਤ ਦਾ ਕਾਰਨ ਬਿਮਾਰੀ ਨਹੀਂ ਸੀ। ਅਮਰੀਕਾ ਦੀ ਐਮਰੋਏ ਯੂਨੀਵਰਸਿਟੀ ਦੀ ਪੀਐੱਚਡੀ ਸਕਾਲਰ ਕਨਿਕਾ ਸ਼ਰਮਾ, ਥੀਜੇਸ਼ ਜੀਐੱਨ ਤੇ ਅਮਨ 'ਤੇ ਅਧਾਰਿਤ ਰਿਸਰਚਰਾਂ ਦੀ ਟੀਮ ਮੁਤਾਬਕ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਲੈ ਕੇ 9 ਮਈ ਤੱਕ 69 ਲੋਕ ਟ੍ਰੇਨ ਤੇ ਸੜਕ ਹਾਦਸਿਆਂ 'ਚ ਮਾਰੇ ਗਏ।

ਇਹ ਲੋਕ ਕੰਮਕਾਜ ਬੰਦ ਹੋ ਜਾਣ ਕਾਰਨ ਆਪਣੇ-ਆਪਣੇ ਸੂਬਿਆਂ ਵੱਲ ਜਾ ਰਹੇ ਸਨ। ਮੀਡੀਆ ਰਿਪੋਰਟਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਕੁੱਲ 383 ਲੋਕਾਂ ਦੀਆਂ ਮੌਤਾਂ ਪਿੱਛੇ ਵੱਡੇ ਕਾਰਨ ਸੜਕ ਹਾਦਸੇ, ਭੁੱਖਮਰੀ, ਸਿਹਤ ਸੇਵਾਵਾਂ ਨਾ ਮਿਲਣਾ, ਪੁਲਸ ਅੱਤਿਆਚਾਰ, ਪੈਦਲ ਚੱਲ-ਚੱਲ ਕੇ ਹੋਈ ਥਕਾਵਟ, ਰੁਜ਼ਗਾਰ ਖੋਹ ਹੋਣ ਕਰਕੇ ਖੁਦਕੁਸ਼ੀਆਂ ਦਾ ਰਿਹਾ। ਮੌਤਾਂ ਦਾ ਇਹ ਅੰਕੜਾ 9 ਮਈ ਤੱਕ ਦਾ ਹੈ, ਜਦਕਿ ਇਸ ਤੋਂ ਬਾਅਦ ਯੂਪੀ ਦੇ ਔਰਇਆ 'ਚ 25 ਪ੍ਰਵਾਸੀ ਮਜ਼ਦੂਰਾਂ ਦੀ ਟਰੱਕ ਹਾਦਸੇ ਕਾਰਨ ਜਾਨਾਂ ਜਾਣ ਅਤੇ ਕਈ ਹੋਰ ਲੋਕਾਂ ਦੇ ਸੜਕ ਹਾਦਸਿਆਂ ਸਮੇਤ ਹੋਰ ਕਾਰਨਾਂ ਕਰਕੇ ਮਾਰੇ ਜਾਣ ਦੀਆਂ ਖਬਰਾਂ ਆਈਆਂ ਹਨ।

ਅਜਿਹੇ 'ਚ ਹੁਣ ਤੱਕ ਇਹ ਅੰਕੜਾ 415 ਤੋਂ ਉਪਰ ਪਹੁੰਚ ਗਿਆ ਹੈ। ਰਿਪੋਰਟ ਮੁਤਾਬਕ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਘਰ ਆ ਰਹੇ 16 ਮਜ਼ਦੂਰਾਂ ਦੀ ਟ੍ਰੇਨ ਹੇਠਾਂ ਮੌਤ ਹੋ ਗਈ। ਇਸੇ ਤਰ੍ਹਾਂ 28 ਮਾਰਚ ਨੂੰ ਕਰਨਾਟਕ ਦੇ ਰਾਏਚੂਰ ਖੇਤਰ 'ਚ 8 ਪ੍ਰਵਾਸੀ ਮਜ਼ਦੂਰ ਸੜਕ ਹਾਦਸੇ ਦੇ ਸ਼ਿਕਾਰ ਹੋਏ। ਰਿਪੋਰਟ ਕਹਿੰਦੀ ਹੈ ਕਿ ਲਾਕਡਾਊਨ ਦੌਰਾਨ 84 ਲੋਕਾਂ ਨੇ ਖੁਦਕੁਸ਼ੀ ਕੀਤੀ।

ਇਨ੍ਹਾਂ ਖੁਦਕੁਸ਼ੀਆਂ ਦਾ ਕਾਰਨ ਇਨਫੈਕਸ਼ਨ, ਸ਼ਰਾਬ ਤੇ ਨੌਕਰੀ ਦਾ ਚਲਾ ਜਾਣਾ ਰਿਹਾ। ਰਿਸਰਚਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਿਹੜਾ ਅੰਕੜਾ ਇਕੱਠਾ ਕੀਤਾ ਗਿਆ ਹੈ, ਮੌਤਾਂ ਉਸ ਤੋਂ ਵੀ ਵੱਧ ਹੋਈਆਂ ਹਨ, ਕਿਉਂਕਿ ਮੌਤ ਦੀਆਂ ਕਈ ਅਜਿਹੀਆਂ ਘਟਨਾਵਾਂ ਵੀ ਹੋਈਆਂ ਹੋਣੀਆਂ, ਜਿਨ੍ਹਾਂ ਨੂੰ ਮੀਡੀਆ ਵੱਲੋਂ ਕਵਰੇਜ ਨਹੀਂ ਦਿੱਤੀ ਗਈ ਹੋਵੇਗੀ। ਇਸ ਰਿਪੋਰਟ 'ਚ ਸਿਹਤ ਸੁਵਿਧਾਵਾਂ ਨਾ ਮਿਲਣ ਬਾਰੇ ਵੀ ਗੰਭੀਰ ਸਵਾਲ ਚੁੱਕੇ ਗਏ ਹਨ।

ਇਸ 'ਚ ਟੀਓਆਈ ਦੀ ਖਬਰ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਅਪ੍ਰੈਲ ਮਹੀਨੇ 'ਚ ਇੱਕ ਗਰਭਵਤੀ ਮਹਿਲਾ ਨੂੰ ਤੇਲੰਗਾਨਾ ਦੇ 6 ਹਸਪਤਾਲਾਂ ਨੇ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਉਸਦਾ ਕੋਵਿਡ-19 ਦਾ ਟੈਸਟ ਕੀਤਾ ਗਿਆ ਤੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਜਾ ਕੇ ਉਸਨੂੰ ਡਿਲੀਵਰੀ ਲਈ ਸਰਕਾਰੀ ਹਸਪਤਾਲ 'ਚ ਦਾਖਲ ਕੀਤਾ ਗਿਆ। ਡਿਲੀਵਰੀ 'ਚ ਦੇਰੀ ਦਾ ਨਤੀਜਾ ਇਹ ਹੋਇਆ ਕਿ ਬੱਚੇ ਦੀ ਮੌਤ ਹੋ ਗਈ ਤੇ ਅਗਲੇ ਹੀ ਦਿਨ ਮਹਿਲਾ ਦੀ ਜਾਨ ਵੀ ਚਲੀ ਗਈ।

ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸਮੇਂ ਸਿਰ ਮੈਡੀਕਲ ਸੁਵਿਧਾ ਨਾ ਮਿਲਣ ਕਾਰਨ ਮਹਿਲਾ ਦੀ ਮੌਤ ਹੋ ਗਈ। ਇਹ ਮਹਿਲਾ ਕੋਵਿਡ-19 ਤਹਿਤ ਰੈਡ ਜ਼ੋਨ ਬਣਾਏ ਗਏ ਖੇਤਰ ਦੀ ਰਹਿਣ ਵਾਲੀ ਸੀ, ਜਿਸ ਕਰਕੇ ਸਥਾਨਕ ਪ੍ਰਸ਼ਾਸਨ ਤੇ ਡਾਕਟਰ ਉਸਦਾ ਇਲਾਜ ਕਰਨ ਤੋਂ ਬਚਦੇ ਰਹੇ।

Comments

Leave a Reply