Tue,Oct 20,2020 | 02:12:32am
HEADLINES:

India

ਮੌਕਾਪ੍ਰਸਤੀ ਤੇ ਦਲਬਦਲੂ ਸਿਆਸਤ ਸਮਾਜ 'ਚ ਜ਼ਹਿਰ ਘੋਲ ਰਹੀ ਹੈ

ਮੌਕਾਪ੍ਰਸਤੀ ਤੇ ਦਲਬਦਲੂ ਸਿਆਸਤ ਸਮਾਜ 'ਚ ਜ਼ਹਿਰ ਘੋਲ ਰਹੀ ਹੈ

ਅਣਜਾਣਪੁਣੇ 'ਚ ਸ਼ੌਹਰਤ ਤੇ ਸੁਆਰਥ ਦੀ ਲਪੇਟ 'ਚ ਆ ਚੁੱਕੇ ਲੋਕ ਸਮਾਜਿਕ ਭਾਈਚਾਰੇ, ਕਦਰਾਂ-ਕੀਮਤਾਂ ਨੂੰ ਦਰਕਿਨਾਰ ਕਰਦੇ ਹੋਏ ਕਦੇ ਕਦਾਈਂ ਸਾਰੀਆਂ ਸੀਮਾਵਾਂ ਪਾਰ ਕਰ ਜਾਂਦੇ ਹਨ ਤੇ ਸਮਾਜਿਕ ਭਾਈਚਾਰਾ ਆਪਸੀ ਫੁੱਟ, ਨਫਰਤ ਤੇ ਤਣਾਓ ਦੀ ਕਗਾਰ ਤੱਕ ਪਹੁੰਚ ਜਾਂਦਾ ਹੈ ਅਤੇ ਅੱਕ ਹਾਰ ਕੇ ਸਿਆਸਤਦਾਨਾਂ ਦੀ ਕੁਰਸੀ ਹੇਠਾਂ ਦਮ ਤੋੜ ਜਾਂਦਾ ਹੈ। ਗੰਦਲੀ ਸਿਆਸਤ ਕਰਦੇ ਅਖੌਤੀ ਸਿਆਸਤਦਾਨਾਂ ਦਾ ਮੁੱਢ ਤੋਂ ਹੀ ਅਕੀਦਾ ਰਿਹਾ ਹੈ ਕਿ ਸਮਾਜ 'ਚ ਫੁੱਟ ਪਾਓ ਤੇ ਆਪਣਾ ਉੱਲੂ ਸਿੱਧਾ ਕਰੋ।

ਅਜਿਹੇ ਅਖੌਤੀ ਸਿਆਸਤਦਾਨ ਹੀ ਆਪਣੇ ਫਾਇਦੇ ਵਾਸਤੇ ਸਮਾਜ 'ਚੋਂ ਉੱਠ ਰਹੀਆਂ ਬਗਾਵਤੀ ਆਵਾਜ਼ਾਂ ਦਾ ਰੁਖ਼ ਬਦਲ ਕੇ ਆਪਣੇ ਹਿੱਤ 'ਚ ਮੋੜ ਲੈਂਦੇ ਹਨ ਤੇ ਬਗਾਵਤੀ ਸੁਰਾਂ ਵਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਸਮਾਜਿਕ ਭਾਈਚਾਰਾ, ਆਪਸੀ ਪਿਆਰ ਆਪਣੀ ਕੁਰਸੀ ਹੇਠਾਂ ਗਿਰਵੀ ਰਖਵਾ ਲੈਂਦੇ ਹਨ। ਅਜਿਹੇ ਗੁੰਮਰਾਹ ਹੋਏ ਲੋਕਾਂ ਦਾ ਪਾਲਣ ਪੋਸ਼ਣ ਅਖੌਤੀ ਸਿਆਸਤਦਾਨ ਪਹਿਲ ਦੇ ਅਧਾਰ 'ਤੇ ਕਰਦੇ ਹਨ ਅਤੇ ਆਏ-ਵਗਾਹੇ ਦਿਸ਼ਾ ਨਿਰਦੇਸ਼ਾਂ ਤਹਿਤ ਅਜਿਹੇ ਲੋਕਾਂ ਨੂੰ ਸਮਾਜ 'ਚ ਕੁੜੱਤਣ ਫੈਲਾਉਣ, ਆਪਸੀ ਭਾਈਚਾਰੇ ਨੂੰ ਖੇਰੂ-ਖੇਰੂ ਕਰਨ ਬਾਬਤ ਭੇਜ ਦਿੰਦੇ ਹਨ।

ਗੰਦਲੀ ਸਿਆਸਤ ਕਰਦੇ ਸਿਆਸਤਦਾਨ ਇਨ੍ਹਾਂ ਗੁੰਮਰਾਹ ਹੋਏ ਲੋਕਾਂ ਨੂੰ ਹਰ ਦਿਸ਼ਾ ਨਿਰਦੇਸ਼ ਆਪਣੇ ਨਫੇ ਮੁਤਾਬਕ ਦਿੰਦੇ ਹਨ ਤੇ ਮੌਕੇ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਇਹ ਸਿਆਸਤਦਾਨ ਇਨ੍ਹਾਂ ਗੁੰਮਰਾਹ ਹੋਏ ਲੋਕਾਂ ਨੂੰ ਸਮਾਜ 'ਚ ਆਪਸੀ ਭਾਈਚਾਰਾ ਵਧਾਉਣ ਤੇ ਆਪਣੇ ਹੀ ਬਰਖਿਲਾਫ ਆਵਾਜ਼ ਬੁਲੰਦ ਕਰਦੀਆਂ ਧਿਰਾਂ ਨਾਲ ਜੋੜ ਦਿੰਦੇ ਹਨ ਤਾਂ ਜੋ ਅਨੁਕੂਲ ਸਮਾਂ ਆਉਂਦਿਆਂ ਹੀ ਇਹ ਗੁੰਮਰਾਹ ਕੀਤੇ ਲੋਕਾਂ ਨੂੰ ਵਾਪਸ ਬੁਲਾ ਕੇ ਅਸਥਾਈ ਰੂਪ 'ਚ ਬਣਾਏ ਸਮਾਜਿਕ ਬਨਾਵਟੀ ਭਾਈਚਾਰੇ ਤੇ ਪਿਆਰ ਦਾ ਮੁੱਲ ਵੱਟ ਸਕਣ ਤੇ ਆਪਣੀ ਮੌਲਿਕ ਸਿਆਸਤ ਨੂੰ ਸਥਿਰਤਾ ਪ੍ਰਦਾਨ ਕਰਦਿਆਂ ਹਾਸ਼ੀਆ ਗ੍ਰਸਤ ਲੋਕਾਂ ਦੇ ਬਰਖਿਲਾਫ ਨੀਤੀਆਂ ਤਿਆਰ ਕਰਕੇ ਸਮਾਜ ਦਾ ਘਾਣ ਕਰ ਸਕਣ।

ਜਾਣੇ-ਅਣਜਾਣੇ 'ਚ ਇਹ ਗੁੰਮਰਾਹ ਹੋਏ ਲੋਕ ਹਾਸ਼ੀਆ ਗ੍ਰਸਤ ਸਮਾਜ ਤੇ ਰੋਜ਼ੀ ਰੋਟੀ ਲਈ ਜੱਦੋ ਜਹਿਦ ਕਰਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਦੀਵੀਂ ਤੇ ਸਥਿਰਤਾ ਪ੍ਰਦਾਨ ਕਰਨ 'ਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਗੁੰਮਰਾਹ ਹੋ ਕੇ ਵਿਵਸਥਾ ਪਰਿਵਰਤਨ ਤੇ ਸਮਾਜਿਕ ਅੰਦੋਲਨ ਲਈ ਘੋਲ ਕਰ ਰਹੀਆਂ ਰਾਜਨੀਤਕ ਤੇ ਗੈਰ ਰਾਜਨੀਤਕ ਧਿਰਾਂ ਦੇ ਰਸਤੇ 'ਚ ਟੋਏ ਪੁੱਟਣ ਦਾ ਕੰਮ ਕਰ ਰਹੇ ਹਨ।

ਸਮਾਜਿਕ ਲੋਕਤੰਤਰ ਦੀ ਅਲੰਬਰਦਾਰੀ ਕਰਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਅਖੌਤੀ ਸਿਆਸਤਦਾਨ ਅੱਜ ਤੱਕ ਹਾਸ਼ੀਆ ਗ੍ਰਸਤ ਤੇ ਕੁੱਲੀ, ਗੁੱਲੀ ਤੇ ਜੁੱਲੀ ਲਈ ਜੱਦੋ ਜਹਿਦ ਕਰਦੇ ਲੋਕਾਂ ਨੂੰ ਮਾਨ-ਸਨਮਾਨ ਵਾਲੀ ਜ਼ਿੰਦਗੀ ਦੇਣ 'ਚ ਨਾਕਾਮਯਾਬ ਹੋਏ ਹਨ। ਅਜਿਹੀ ਸੂਰਤੇ ਹਾਲ 'ਚ ਵਿਵਸਥਾ ਪਰਿਵਰਤਨ ਲਈ ਅੰਦੋਲਨ ਕਰ ਰਹੀਆਂ ਧਿਰਾਂ ਧਰੁਵ ਤਾਰੇ ਵਾਂਗ ਚਮਕਦੀਆਂ ਨਜ਼ਰ ਆਉਂਦੀਆਂ ਹਨ।

ਸਮਾਜਿਕ ਇੱਕਜੁਟਤਾ, ਆਪਸੀ ਭਾਈਚਾਰਾ ਅਤੇ ਗੈਰ ਰਾਜਨੀਤਕ ਸੰਸਥਾਵਾਂ ਨੇ ਹਾਸ਼ੀਆ ਗ੍ਰਸਤ ਸਮਾਜ ਦੀ ਦੂਰਦਸ਼ਾ ਨੂੰ ਸੁਧਾਰਨ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ ਤੇ ਸਮਾਜਿਕ ਅੰਦੋਲਨ ਦਾ ਰੂਪ ਧਾਰਨ ਕਰਦਿਆਂ ਹੋਇਆਂ ਗੰਦਲੀ ਤੇ ਕੋਝੀ ਸਿਆਸਤ ਕਰਨ ਵਾਲੇ ਸਿਆਸਤਦਾਨਾਂ ਨੂੰ ਕੁਰਸੀ ਤੋਂ ਲਾਂਭੇ ਕਰਕੇ ਵਿਵਸਥਾ ਪਰਿਵਰਤਨ ਦੀ ਲਹਿਰ ਨੂੰ ਸਮੇਂ-ਸਮੇਂ ਸਿਰ ਨਵੇਂ ਮੋੜ ਦਿੱਤੇ ਹਨ।

-ਹਰਪ੍ਰੀਤ ਸਿੰਘ ਐਡਵੋਕੇਟ, ਪੰਜਾਬ ਐਂਡ ਹਰਿਆਣਾ ਹਾਈਕੋਰਟ
(ਸੰਪਰਕ ਨੰ. : 89683-84344)

Comments

Leave a Reply