Fri,May 24,2019 | 05:22:39pm
HEADLINES:

India

ਐੱਸਸੀ-ਐੱਸਟੀ-ਓਬੀਸੀ ਨੇ ਕਿਹਾ-ਕਿਸੇ ਵੀ ਉੱਚ ਜਾਤੀ ਦੇ ਉਮੀਦਵਾਰ ਨੂੰ ਨਹੀਂ ਦੇਵਾਂਗੇ ਵੋਟਾਂ

ਐੱਸਸੀ-ਐੱਸਟੀ-ਓਬੀਸੀ ਨੇ ਕਿਹਾ-ਕਿਸੇ ਵੀ ਉੱਚ ਜਾਤੀ ਦੇ ਉਮੀਦਵਾਰ ਨੂੰ ਨਹੀਂ ਦੇਵਾਂਗੇ ਵੋਟਾਂ

ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ) ਤੇ ਪੱਛੜੇ ਵਰਗਾਂ (ਓਬੀਸੀ) ਨੂੰ ਮਿਲਣ ਵਾਲੇ ਰਾਖਵੇਂਕਰਨ ਅਤੇ ਐੱਸਸੀ-ਐੱਸਟੀ ਐਕਟ ਨੂੰ ਲੈ ਕੇ ਦੇਸ਼ ਵਿੱਚ ਮਾਹੌਲ ਗਰਮ ਹੈ। ਐੱਸਸੀ, ਐੱਸਟੀ ਤੇ ਓਬੀਸੀ ਵਰਗਾਂ ਦੇ ਲੋਕ ਜਿੱਥੇ ਰਾਖਵੇਂਕਰਨ ਤੇ ਐੱਸਸੀ-ਐੱਸਟੀ ਐਕਟ ਦਾ ਸਮਰਥਨ ਕਰ ਰਹੇ ਹਨ, ਉੱਥੇ ਉੱਚ ਜਾਤੀ ਵਰਗਾਂ ਦੇ ਲੋਕ ਇਸਦੇ ਖਿਲਾਫ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕਰ ਰਹੇ ਹਨ।
 
ਇਨ੍ਹਾਂ ਮੁੱਦਿਆਂ 'ਤੇ ਦੋ ਪਾਸਿਆਂ ਤੋਂ ਵਧਦੀ ਖਿੱਚੋਤਾਨ ਕਾਰਨ ਭਾਜਪਾ ਤੇ ਕਾਂਗਰਸ ਦੀਆਂ ਮੁਸ਼ਕਿਲਾਂ ਵੀ ਵਧ ਚੁੱਕੀਆਂ ਹਨ। ਉੱਚ ਜਾਤੀ ਵਰਗਾਂ ਦੀਆਂ ਪਾਰਟੀਆਂ ਮੰਨੀਆਂ ਜਾਣ ਵਾਲੀਆਂ ਭਾਜਪਾ ਤੇ ਕਾਂਗਰਸ ਅੱਧ ਵਿਚਕਾਰ ਫਸ ਗਈਆਂ ਹਨ। ਜੇਕਰ ਉਹ ਆਪਣੇ ਕੋਰ ਵੋਟ ਬੈਂਕ ਉੱਚ ਜਾਤੀਆਂ ਦਾ ਖੁੱਲ ਕੇ ਸਮਰਥਨ ਕਰਦੀਆਂ ਹਨ ਤਾਂ ਐੱਸਸੀ, ਐੱਸਟੀ ਤੇ ਓਬੀਸੀ ਉਸ ਤੋਂ ਨਾਰਾਜ਼ ਹੁੰਦੇ ਹਨ, ਪਰ ਜੇਕਰ ਉਹ ਦਲਿਤਾਂ-ਪੱਛੜਿਆਂ ਦਾ ਸਮਰਥਨ ਕਰਦੀਆਂ ਹਨ ਤਾਂ ਉਨ੍ਹਾਂ ਤੋਂ ਉੱਚ ਜਾਤੀ ਵਰਗ ਨਾਰਾਜ਼ ਹੁੰਦੇ ਹਨ।
 
ਭਾਜਪਾ ਤੇ ਕਾਂਗਰਸ ਕਿਸੇ ਵੀ ਕੀਮਤ 'ਤੇ ਉੱਚ ਜਾਤੀ ਵਰਗਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸੇ ਕਰਕੇ ਉਹ ਖੁੱਲ ਕੇ ਐੱਸਸੀ-ਐੱਸਟੀ ਐਕਟ ਤੇ ਰਾਖਵੇਂਕਰਨ ਦੇ ਸਮਰਥਨ ਵਿੱਚ ਨਹੀਂ ਆ ਰਹੇ ਹਨ ਜਾਂ ਉੱਚ ਜਾਤੀਆਂ ਵੱਲੋਂ ਚੁੱਕੇ ਜਾ ਰਹੇ ਮੁੱਦਿਆਂ ਨੂੰ ਨਕਾਰ ਨਹੀਂ ਰਹੇ ਹਨ। ਰਾਸ਼ਟਰੀ ਪਾਰਟੀਆਂ 'ਚੋਂ ਅਜੇ ਤੱਕ ਸਿਰਫ ਬਸਪਾ ਹੀ ਖੁੱਲ ਕੇ ਐੱਸਸੀ, ਐੱਸਟੀ ਤੇ ਓਬੀਸੀ ਦੇ ਮੁੱਦਿਆਂ 'ਤੇ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ।
 
ਕਾਂਗਰਸ ਤੇ ਭਾਜਪਾ ਲਈ ਸਭ ਵੱਡੀ ਪਰੇਸ਼ਾਨੀ ਚੋਣਾਂ ਵਾਲੇ ਸੂਬੇ ਬਣੇ ਹੋਏ ਹਨ। ਮੱਧ ਪ੍ਰਦੇਸ਼ 'ਚ ਬੀਤੇ ਦਿਨੀਂ ਐੱਸਸੀ, ਐੱਸਟੀ ਤੇ ਓਬੀਸੀ ਸੰਗਠਨਾਂ ਵੱਲੋਂ ਕੀਤੇ ਗਏ ਐਲਾਨ ਨੇ ਇਨ੍ਹਾਂ ਪਾਰਟੀਆਂ ਦੀ ਪਰੇਸ਼ਾਨੀ ਨੂੰ ਹੋ ਵਧਾ ਦਿੱਤਾ ਹੈ। 
 
ਭੋਪਾਲ 'ਚ ਐੱਸਸੀ, ਐੱਸਟੀ ਤੇ ਓਬੀਸੀ ਦੇ ਵਿਸ਼ਾਲ ਸੰਯੁਕਤ ਸੰਮੇਲਨ ਵਿੱਚ 65 ਸੰਗਠਨਾਂ ਦੇ 60 ਤੋਂ ਜ਼ਿਆਦਾ ਬੁਲਾਰਿਆਂ ਨੇ ਖੁੱਲੇ ਮੰਚ ਤੋਂ ਕਿਹਾ ਕਿ ਉਹ ਅਗਲੀਆਂ ਵਿਧਾਨਸਭਾ ਚੋਣਾਂ ਵਿੱਚ ਕਿਸੇ ਵੀ ਉੱਚ ਜਾਤੀ ਦੇ ਉਮੀਦਵਾਰਾਂ ਨੂੰ ਵੋਟਾਂ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਐੱਸਸੀ-ਐੱਸਟੀ ਐਕਟ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੁਲਾਰਿਆਂ ਨੇ ਇਹ ਮੰਗ ਵੀ ਕੀਤੀ ਕਿ ਮੱਧ ਪ੍ਰਦੇਸ਼ ਵਿੱਚ ਓਬੀਸੀ ਨੂੰ 14 ਦੀ ਜਗ੍ਹਾ 27 ਫੀਸਦੀ ਰਾਖਵਾਂਕਰਨ ਦਿੱਤਾ ਜਾਵੇ।
 
ਇਸ ਵਿਸ਼ਾਲ ਸੰਮੇਲਨ ਵਿੱਚ ਮੁੱਖ ਮੁੱਦੇ ਐੱਸਸੀ-ਐੱਸਟੀ ਐਕਟ ਤੇ ਰਾਖਵਾਂਕਰਨ ਰਹੇ। ਇਸ ਦੌਰਾਨ ਭਾਜਪਾ ਸਰਕਾਰ ਖਿਲਾਫ ਗੁੱਸਾ ਵੀ ਦੇਖਣ ਨੂੰ ਮਿਲਿਆ। ਇਸਦੇ ਨਾਲ ਹੀ ਮੌਕੇ 'ਤੇ ਲੋਕਾਂ ਦੇ ਭਾਰੀ ਇਕੱਠ ਨੇ ਰਾਖਵੇਂਕਰਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਇਸ ਸੰਮੇਲਨ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਚੱਲਿਆ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ।
 
ਇਸ ਦੌਰਾਨ ਮਹਿੰਦਰ ਸਿੰਘ, ਭੁਵਨੇਸ਼ ਪਟੇਲ, ਲੋਕੇਂਦਰ ਗੁਰਜਰ, ਰਾਮ ਵਿਸ਼ਵਾਸ ਕੁਸ਼ਵਾਹ, ਲਖਨ ਲਾਲ, ਲਲਿਤ ਕੁਮਾਰ, ਗੌਤਮ ਪਾਟਿਲ ਸਮੇਤ ਕਈ ਅਹੁਦੇਦਾਰਾਂ ਨੇ ਸੰਮੇਲਨ ਨੂੰ ਸੰਬੋਧਿਤ ਕੀਤਾ।

ਇਸ ਦੌਰਾਨ ਓਬੀਸੀ, ਐੱਸਸੀ, ਐੱਸਟੀ ਏਕਤਾ ਮੰਚ ਦੇ ਸੂਬਾ ਪ੍ਰਧਾਨ ਲੋਕੇਂਦਰ ਗੁਰਜਰ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਕਈ ਦਿਨਾਂ ਤੋਂ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਐੱਸਸੀ-ਐੱਸਟੀ ਐਕਟ ਦੇ ਸਭ ਤੋਂ ਜ਼ਿਆਦਾ ਮਾਮਲੇ ਓਬੀਸੀ ਦੇ ਲੋਕਾਂ 'ਤੇ ਹਨ। ਅਸੀਂ ਇਸਦੇ ਲਈ ਨਿਗਰਾਨੀ ਕਮੇਟੀ ਬਣਾਈ ਹੈ। ਓਬੀਸੀ, ਐੱਸਸੀ-ਐੱਸਟੀ ਦੇ ਨਾਲ ਆ ਗਏ ਹਨ।

ਦੂਜੇ ਪਾਸੇ ਉੱਚ ਜਾਤੀ ਵਰਗਾਂ ਵਿੱਚ ਐੱਸਸੀ-ਐੱਸਟੀ ਐਕਟ ਤੇ ਰਾਖਵੇਂਕਰਨ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਜਿਸ ਦਿਨ ਐੱਸਸੀ, ਐੱਸਟੀ ਤੇ ਓਬੀਸੀ ਨੇ ਭੋਪਾਲ ਵਿੱਚ ਵਿਸ਼ਾਲ ਸੰਯੁਕਤ ਸੰਮੇਲਨ ਕੀਤਾ, ਉਸੇ ਦਿਨ ਉੱਚ ਜਾਤੀ ਵਰਗਾਂ ਨੇ ਭੋਪਾਲ ਵਿੱਚ ਪ੍ਰਦਰਸ਼ਨ ਕੀਤੇ। ਇਸ ਦੌਰਾਨ ਬ੍ਰਹਮ ਸਮਾਗਮ ਸਵਰਣ ਕਲਿਆਣ ਕਮੇਟੀ, ਕਸ਼ੱਤਰੀ ਮਹਾਸਭਾ, ਅਖਿਲ ਭਾਰਤੀ ਬ੍ਰਾਹਮਣ ਮਹਾਸਭਾ, ਪ੍ਰਗਤੀਸ਼ੀਲ ਬ੍ਰਾਹਮਣ ਸੰਸਥਾ ਸਮੇਤ ਉੱਚ ਜਾਤੀ ਵਰਗਾਂ ਦੇ ਹੋਰ ਸੰਗਠਨਾਂ ਦੇ ਅਹੁਦੇਦਾਰ ਮੌਜੂਦ ਸਨ। ਉਨ੍ਹਾਂ ਨੇ ਐੱਸਸੀ-ਐੱਸਟੀ ਐਕਟ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

Comments

Leave a Reply