03rd
November
ਵਿਵਸਥਾ ਪ੍ਰੀਵਰਤਨ ਅੰਦੋਲਨ ਚਲਾ ਕੇ ਲੋਕਾਂ ਦੀ ਜ਼ਿੰਦਗੀ ਬਦਲਣ ਵਾਲੇ ਅੰਬੇਡਕਰ ਨੂੰ ਮਿਲਣਾ ਚਾਹੀਦੈ ਨੋਬਲ ਪ੍ਰਾਈਜ਼
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਅਮਰੀਕਾ ਦੇ ਡਾ. ਮਾਰਟਿਨ ਲੂਥਰ ਕਿੰਗ ਅਜਿਹੇ ਵਿਅਕਤੀ ਹਨ, ਜੋ ਕਿ ਆਪਣੇ-ਆਪਣੇ ਦੇਸ਼ 'ਚ ਵਾਂਝੇ ਪੀੜਤ ਸਮਾਜ 'ਚ ਪੈਦਾ ਹੋਏ, ਭੇਦਭਾਵ ਦਾ ਸ਼ਿਕਾਰ ਹੋਏ ਅਤੇ ਉਸ ਭੇਦਭਾਵ ਨੂੰ ਸਮਾਪਤ ਕਰਨ ਲਈ ਜੀਵਨ ਭਰ ਸੰਘਰਸ਼ ਕਰਦੇ ਰਹੇ। ਇਨ੍ਹਾਂ ਦੋਨਾਂ ਦਾ ਵਿਸ਼ਵਾਸ ਲੋਕਤੰਤਰ, ਨਿਆਂ, ਆਜ਼ਾਦੀ, ਬਰਾਬਰੀ ਤੇ ਭਾਈਚਾਰੇ 'ਚ ਸੀ। ਇਨ੍ਹਾਂ ਦੋਵੇਂ ਮਹਾਨ ਸਖਸ਼ੀਅਤਾਂ ਦੇ ਅੰਦੋਲਨ ਪੂਰੀ ਤਰ੍ਹਾਂ ਅਹਿੰਸਾ 'ਤੇ ਆਧਾਰਿਤ ਸਨ। ਇਨ੍ਹਾਂ ਦਾ ਮੰਨਣਾ ਸੀ ਕਿ ਸ਼ਾਂਤੀਪੂਰਨ ਸਮਾਜਿਕ ਪ੍ਰੀਵਰਤਨ ਨਾਲ ਅਜਿਹੇ ਅਣਮਨੁੱਖੀ ਭੇਦਭਾਵ ਨੂੰ ਦੂਰ ਕੀਤਾ ਜਾ ਸਕਦਾ ਹੈ।
ਅਮਰੀਕਾ 'ਚ ਜਿਸ ਤਰ੍ਹਾਂ ਦਾ ਵਿਵਹਾਰ ਕਾਲੇ ਲੋਕਾਂ ਦੇ ਨਾਲ ਹੋਇਆ, ਉਸੇ ਤਰ੍ਹਾਂ ਦਾ ਅਣਮਨੁੱਖੀ ਵਿਵਹਾਰ ਭਾਰਤ 'ਚ ਦਲਿਤਾਂ ਦੇ ਨਾਲ ਸਦੀਆਂ ਤੋਂ ਹੁੰਦਾ ਆਇਆ ਹੈ। ਉਨ੍ਹਾਂ ਨੂੰ ਅਛੂਤ ਐਲਾਨ ਕੇ ਸਮਾਜ ਤੋਂ ਬਾਹਰ ਕਰ ਦਿੱਤਾ ਗਿਆ। ਬਾਬਾ ਸਾਹਿਬ ਅੰਬੇਡਕਰ ਇਸਦਾ ਕਾਰਨ ਇਹ ਦੱਸਦੇ ਹਨ ਕਿ ਉਹ ਬੋਧ ਧਰਮ ਨੂੰ ਮੰਨਦੇ ਸਨ। ਭਾਰਤੀ ਸਮਾਜ 'ਚ ਮਨੂੰਸਮ੍ਰਿਤੀ ਦੇ ਨਿਯਮ ਸਨ, ਜਿਸਦੇ ਤਹਿਤ ਹੇਠਲੀਆਂ ਜਾਤੀਆਂ ਅਤੇ ਮਹਿਲਾਵਾਂ ਦੇ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ।
ਇਨ੍ਹਾਂ ਨਿਯਮਾਂ ਨੂੰ ਕਾਨੂੰਨ ਦੀ ਮਾਨਤਾ ਨਹੀਂ ਸੀ, ਪਰ ਧਾਰਮਿਕ ਤੇ ਸਮਾਜਿਕ ਮਾਨਤਾ ਸੀ। ਇਸਦੇ ਖਿਲਾਫ ਬਾਬਾ ਸਾਹਿਬ ਅੰਬੇਡਕਰ ਨੇ ਲੰਮੀ ਲੜਾਈ ਲੜੀ। ਉਨ੍ਹਾਂ ਦਾ ਲੋਕਤੰਤਰ ਤੇ ਲੋਕਤੰਤਰਿਕ ਵਿਵਸਥਾ 'ਚ ਪੂਰਾ ਵਿਸ਼ਵਾਸ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਾਤੀਗਤ ਗੈਰਬਰਾਬਰੀ ਅਤੇ ਆਰਥਿਕ ਭੇਦਭਾਵ ਦੋਵੇਂ ਹੀ ਲੋਕਤੰਤਰ ਨੂੰ ਕਮਜ਼ੋਰ ਕਰਨਗੇ। ਇਸ ਲਈ ਉਹ ਸਮਾਜਿਕ ਤੇ ਆਰਥਿਕ ਗੈਰਬਰਾਬਰੀ ਖਿਲਾਫ ਸੰਘਰਸ਼ ਕਰਦੇ ਰਹੇ। ਡਾ. ਅੰਬੇਡਕਰ ਨੇ ਸਾਊਥਬੋਰੋ ਕਮੇਟੀ ਤੋਂ ਲੈ ਕੇ ਸਾਈਮਨ ਕਮਿਸ਼ਨ, ਗੋਲਮੇਜ਼ ਸੰਮੇਲਨ ਅਤੇ ਫਿਰ ਸੰਵਿਧਾਨ ਸਭਾ 'ਚ ਦੱਬੇ-ਕੁਚਲੇ ਵਰਗਾਂ ਦੀ ਨੁਮਾਇੰਦਗੀ ਦਾ ਮਾਮਲਾ ਰੱਖਿਆ ਸੀ।
ਸੰਵਿਧਾਨ ਸਭਾ ਦੇ ਸਮਾਪਤੀ ਭਾਸ਼ਣ 'ਚ ਉਨ੍ਹਾਂ ਨੇ ਕਿਹਾ ਸੀ, ''ਜੇਕਰ ਰਾਜਨੀਤਕ ਲੋਕਤੰਤਰ ਦਾ ਆਧਾਰ ਸਮਾਜਿਕ-ਆਰਥਿਕ ਲੋਕਤੰਤਰ ਨਹੀਂ ਹੋਇਆ ਤਾਂ ਅਜਿਹਾ ਰਾਜਨੀਤਕ ਲੋਕਤੰਤਰ ਜ਼ਿਆਦਾ ਦਿਨ ਤੱਕ ਕਾਇਮ ਨਹੀਂ ਰਹਿ ਸਕਦਾ। ਜੇਕਰ ਲੋਕਤੰਤਰ ਨੂੰ ਸਫਲ ਬਣਾਉਣਾ ਹੈ ਤਾਂ ਸਮਾਜਿਕ-ਆਰਥਿਕ ਬਰਾਬਰੀ ਲਿਆਉਣੀ ਹੋਵੇਗੀ। ਆਜ਼ਾਦੀ, ਬਰਾਬਰੀ ਤੇ ਭਾਈਚਾਰਾ ਤਿੰਨੋ ਇੱਕ-ਦੂਜੇ ਨਾਲ ਜੁੜੇ ਹੋਏ ਹਨ, ਇਨ੍ਹਾਂ 'ਚੋਂ ਕਿਸੇ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ।''
ਕਾਲੇ ਲੋਕਾਂ ਦੇ ਅੰਦੋਲਨ ਅਤੇ ਮਾਰਟਿਨ ਲੂਥਰ ਕਿੰਗ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਅਮਰੀਕਾ 'ਚ ਕਈ ਖੇਤਰਾਂ 'ਚ ਅਫਰੀਕਨ-ਅਮਰੀਕਨ ਸਮਾਜ ਨੂੰ ਆਬਾਦੀ ਦੇ ਮੁਤਾਬਕ ਨੁਮਾਇੰਦਗੀ ਮਿਲ ਗਈ ਹੈ। ਬਰਾਕ ਓਬਾਮਾ ਅਮਰੀਕਾ ਦੇ 2 ਵਾਰ ਰਾਸ਼ਟਰਪਤੀ ਬਣ ਚੁੱਕੇ ਹਨ, ਪਰ ਭਾਰਤ 'ਚ ਹੁਣ ਤੱਕ ਕੋਈ ਦਲਿਤ ਪ੍ਰਧਾਨ ਮੰਤਰੀ ਨਹੀਂ ਬਣਿਆ ਹੈ। ਨਾ ਹੀ ਸੱਤਾ ਦੀਆਂ ਸਿਖਰਲੀਆਂ ਪੋਸਟਾਂ 'ਤੇ ਦਲਿਤ ਨਜ਼ਰ ਆਉਂਦੇ ਹਨ। ਮੌਜ਼ੂਦਾ ਦੌਰ 'ਚ ਅਜਿਹਾ ਹੁੰਦਾ ਹੋਇਆ ਦਿਖਾਈ ਵੀ ਨਹੀਂ ਦਿੰਦਾ।
ਓਬਾਮਾ ਦਾ ਰਾਸ਼ਟਰਪਤੀ ਬਣ ਪਾਉਣਾ ਇਸ ਲਈ ਸੰਭਵ ਹੋਇਆ, ਕਿਉਂਕਿ ਅਮਰੀਕਾ ਦੇ ਗੋਰੇ ਲੋਕਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੁਣਿਆ, ਕਿਉਂਕਿ ਉੱਥੇ ਦੀ 15 ਫੀਸਦੀ ਤੋਂ ਵੀ ਘੱਟ ਬਲੈਕ ਆਬਾਦੀ ਦੇ ਚਾਹੁਣ ਨਾਲ ਓਬਾਮਾ ਰਾਸ਼ਟਰਪਤੀ ਨਹੀਂ ਬਣ ਸਕਦੇ ਸਨ। ਮਾਰਟਿਨ ਲੂਥਰ ਕਿੰਗ ਦੇ ਅੰਦੋਲਨ 'ਚ ਗੋਰੇ ਲੋਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ ਅਤੇ ਕਈ ਗੋਰੇ ਲੋਕ ਰੰਗਭੇਦ ਵਿਰੋਧੀ ਅੰਦੋਲਨ 'ਚ ਸ਼ਹੀਦ ਵੀ ਹੋਏ, ਪਰ ਭਾਰਤ 'ਚ ਅਜਿਹਾ ਨਹੀਂ ਹੋਇਆ। ਅਜੇ ਵੀ ਰਿਜ਼ਰਵੇਸ਼ਨ ਦੇ ਪੱਖ 'ਚ ਅੰਦੋਲਨ ਹੋਵੇ ਜਾਂ ਜਾਤੀਗਤ ਭੇਦਭਾਵ ਖਿਲਾਫ ਕੋਈ ਅੰਦੋਲਨ, ਉਨ੍ਹਾਂ 'ਚ ਸਵਰਣ ਹਿੰਦੂਆਂ ਦੀ ਨਹੀਂ ਦੇ ਬਰਾਬਰ ਹਿੱਸੇਦਾਰੀ ਹੁੰਦੀ ਹੈ।
ਫਿਲਹਾਲ ਇਹ ਭਾਰਤੀ ਸਮਾਜ ਵਿਵਸਥਾ ਦੀ ਕਮਜ਼ੋਰੀ ਤੇ ਕਮੀ ਹੈ, ਜਿਸਦਾ ਨਤੀਜਾ ਸਾਰਾ ਦੇਸ਼ ਭੁਗਤ ਰਿਹਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਅਮਰੀਕਾ ਦੇ ਗੋਰਿਆਂ ਵਾਂਗ ਭਾਰਤ 'ਚ ਵੀ ਸਵਰਣਾਂ 'ਚ ਮਨੁੱਖੀ ਚੇਤਨਾ ਦਾ ਵਿਸਤਾਰ ਹੋਵੇਗਾ ਅਤੇ ਉਹ ਵੱਡੀ ਗਿਣਤੀ 'ਚ ਜਾਤੀ ਮੁਕਤੀ ਦੇ ਅੰਦੋਲਨ ਨਾਲ ਜੁੜਣਗੇ। ਜੇਕਰ ਅਜਿਹਾ ਹੋਇਆ ਤਾਂ ਡਾ. ਅੰਬੇਡਕਰ ਦੇ ਯੋਗਦਾਨ ਦੀ ਉਹ ਨਵੇਂ ਸਿਰੇ ਤੋਂ ਪੜਤਾਲ ਕਰ ਸਕਣਗੇ।
ਮੇਰਾ ਮੰਨਣਾ ਹੈ ਕਿ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਯੋਗਦਾਨ ਲਈ ਵਿਸ਼ਵ ਸ਼ਾਂਤੀ ਦਾ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਸੀ। ਉਨ੍ਹਾਂ ਨੂੰ ਇੱਕ ਅਜਿਹੀ ਸਖਸ਼ੀਅਤ ਦੇ ਤੌਰ 'ਤੇ ਯਾਦ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਭਾਰਤ 'ਚ ਨਹੀਂ, ਪੂਰੀ ਦੁਨੀਆ 'ਚ ਇੰਨਾ ਵੱਡਾ ਸਮਾਜਿਕ ਪ੍ਰੀਵਰਤਨ ਅਹਿੰਸਾਤਮਕ ਢੰਗ ਨਾਲ ਕਰਕੇ ਦਿਖਾਇਆ, ਜਿਸ ਨਾਲ ਕਰੋੜਾਂ ਲੋਕਾਂ ਦੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਆਇਆ।
ਅੱਜ ਭਾਰਤ 'ਚ ਲੋਕਤੰਤਰ 'ਤੇ ਦਲਿਤ-ਪੱਛੜੇ ਸਮਾਜ ਦਾ ਭਰੋਸਾ ਹੈ ਤਾਂ ਇਸਦਾ ਸਭ ਤੋਂ ਵੱਡਾ ਕ੍ਰੈਡਿਟ ਡਾ. ਅੰਬੇਡਕਰ ਨੂੰ ਜਾਂਦਾ ਹੈ। ਇਹ ਭਾਰਤ ਦੀ ਨਹੀਂ, ਸਗੋਂ ਪੂਰੇ ਵਿਸ਼ਵ 'ਚ ਲੋਕਤੰਤਰ ਲਈ ਬਹੁਤ ਵੱਡੀ ਸਫਲਤਾ ਹੈ। ਮਾਰਟਿਨ ਲੂਥਰ ਕਿੰਗ ਨੂੰ 1964 'ਚ ਸ਼ਾਂਤੀ ਲਈ ਨੋਬਲ ਸਨਮਾਨ ਦਿੱਤਾ ਗਿਆ ਸੀ। ਨੋਬਲ ਪੀਸ ਪ੍ਰਾਈਜ਼ ਕਮੇਟੀ ਨੂੰ ਡਾ. ਅੰਬੇਡਕਰ ਦੇ ਨਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਧੰਨਵਾਦ ਸਹਿਤ ਡਾ. ਮੁਖਤਿਆਰ ਸਿੰਘ
(ਲੇਖਕ ਦਿੱਲੀ ਯੂਨੀਵਰਸਿਟੀ 'ਚ ਟੀਚਰ ਰਹੇ ਹਨ)