Fri,Sep 17,2021 | 12:06:15pm
HEADLINES:

India

'ਭਾਜਪਾ ਫਿਰਕੂ ਪਾਰਟੀ, ਉਸਦੇ ਨਾਲ ਬਸਪਾ ਦਾ ਗੱਠਜੋੜ ਕਦੇ ਨਹੀਂ ਹੋਵੇਗਾ'

'ਭਾਜਪਾ ਫਿਰਕੂ ਪਾਰਟੀ, ਉਸਦੇ ਨਾਲ ਬਸਪਾ ਦਾ ਗੱਠਜੋੜ ਕਦੇ ਨਹੀਂ ਹੋਵੇਗਾ'

ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਕੁਮਾਰੀ ਮਾਇਆਵਤੀ ਨੇ ਅੱਜ 2 ਨਵੰਬਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ, ਕਾਂਗਰਸ ਤੇ ਸਮਾਜਵਾਦੀ ਪਾਰਟੀ 'ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੇ ਭਾਜਪਾ ਸਬੰਧੀ ਬਿਆਨ ਨੂੰ ਲੈ ਕੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਮੁਸਲਮਾਨਾਂ ਨੂੰ ਭੜਕਾਉਣ ਲਈ ਸਾਜ਼ਿਸ਼ਾਂ ਘੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਬਸਪਾ ਦੇ ਬਿਲਕੁਲ ਉਲਟ ਹੈ।

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਸੰਨਿਆਸ ਲੈ ਸਕਦੇ ਹਨ, ਪਰ ਭਵਿੱਖ 'ਚ ਭਾਜਪਾ ਨਾਲ ਕਦੇ ਗੱਠਜੋੜ ਨਹੀਂ ਕਰਨਗੇ। ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ 29 ਅਕਤੂਬਰ ਨੂੰ ਦਿੱਤੇ ਗਏ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਬਸਪਾ ਤੇ ਭਾਜਪਾ ਵਿਚਕਾਰ ਗੱਠਜੋੜ ਦੀਆਂ ਅਫਵਾਹਾਂ ਖੜੀਆਂ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਸੀ ਕਿ ਐੱਮਐੱਲਸੀ ਚੋਣਾਂ 'ਚ ਸਮਾਜਵਾਦੀ ਪਾਰਟੀ ਨੂੰ ਹਰਾਉਣ ਲਈ ਉਨ੍ਹਾਂ ਦੀ ਪਾਰਟੀ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਕਰੇਗੀ, ਪਰ ਇਸ ਬਿਆਨ ਨੂੰ ਸਪਾ ਤੇ ਕਾਂਗਰਸ ਨੇ ਸਾਜ਼ਿਸ਼ ਵਾਂਗ ਇਸਤੇਮਾਲ ਕੀਤਾ ਅਤੇ ਮੁਸਲਮਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ।

ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਪਹਿਲਾਂ ਭਾਜਪਾ ਨਾਲ ਗੱਠਜੋੜ ਕੀਤਾ ਸੀ, ਉਦੋਂ ਵੀ ਉਹ ਝੁਕੇ ਨਹੀਂ ਸਨ। ਉਨ੍ਹਾਂ ਕਿਹਾ, ''ਮੈਂ ਸੱਤਾ ਦਾ ਤਿਆਗ ਕਰ ਦਿੱਤਾ, ਪਰ ਭਾਜਪਾ ਦੇ ਅੱਗੇ ਝੁਕੀ ਨਹੀਂ। ਮੈਂ ਚਾਰ ਵਾਰ ਮੁੱਖ ਮੰਤਰੀ ਰਹੀ, ਪਰ ਕਦੇ ਵੀ ਹਿੰਦੂ-ਮੁਸਲਿਮ ਦੰਗੇ ਨਹੀਂ ਹੋਣ ਦਿੱਤੇ। ਭਾਜਪਾ ਨੇ ਮੇਰੇ 'ਤੇ ਦਬਾਅ ਪਾਉਣ ਲਈ ਸੀਬੀਆਈ ਅਤੇ ਈਡੀ ਦਾ ਇਸਤੇਮਾਲ ਕੀਤਾ, ਪਰ ਉਦੋਂ ਵੀ ਮੈਂ ਨਹੀਂ ਝੁਕੀ।''

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੀ ਪਾਰਟੀ ਦੀ ਵਿਚਾਰਧਾਰਾ ਅਲੱਗ-ਅਲੱਗ ਹੈ। ਮਾਇਆਵਤੀ ਨੇ ਕਿਹਾ, ''ਸਾਲ 2003 'ਚ ਜਦੋਂ ਕੇਂਦਰ 'ਚ ਭਾਜਪਾ ਦੀ ਸਰਕਾਰ ਸੀ ਤਾਂ ਮੈਨੂੰ ਝੂਠੇ ਕੇਸ 'ਚ ਫਸਾ ਕੇ ਗੱਠਜੋੜ ਦਾ ਦਬਾਅ ਭਾਜਪਾ ਨੇ ਬਣਾਇਆ। ਉਸ ਸਮੇਂ ਸੋਨੀਆ ਗਾਂਧੀ ਨੇ ਮੇਰੇ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਮੇਰੇ ਨਾਲ ਅਨਿਆਂ ਹੋ ਰਿਹਾ ਹੈ, ਕਾਂਗਰਸ ਦੀ ਸਰਕਾਰ ਆਉਣ 'ਤੇ ਮੇਰੇ ਨਾਲ ਨਿਆਂ ਹੋਵੇਗਾ, ਪਰ ਉਸ ਤੋਂ ਬਾਅਦ ਕਈ ਸਾਲਾਂ ਤੱਕ ਕਾਂਗਰਸ ਦੀ ਸਰਕਾਰ ਕੇਂਦਰ 'ਚ ਰਹੀ, ਪਰ ਉਸਨੇ ਵੀ ਨਿਆਂ ਨਹੀਂ ਕੀਤਾ। ਕਾਂਗਰਸ ਭਾਜਪਾ ਦੀ ਵੀ ਪਿਓ ਨਿੱਕਲੀ ਤੇ ਆਪਣੀ ਸਰਕਾਰ ਦੌਰਾਨ ਸਾਨੂੰ ਦਬਾਉਂਦੀ ਰਹੀ, ਪਰ ਅਸੀਂ ਦੱਬਣਾ ਨਹੀਂ ਸੀ। ਇਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਗਏ, ਜਿੱਥੋਂ ਸਾਨੂੰ ਨਿਆਂ ਮਿਲਿਆ।''

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਬਸਪਾ ਕਿਸੇ ਵੀ ਕੀਮਤ 'ਤੇ ਦੇਸ਼ 'ਚ ਭਾਜਪਾ ਵਰਗੀ ਫਿਰਕੂ ਪਾਰਟੀ ਦਾ ਸਾਥ ਨਹੀਂ ਦੇਵੇਗੀ। ਭਾਜਪਾ ਨਾਲ ਮਿਲ ਕੇ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਮਾਇਆਵਤੀ ਨੇ ਕਿਹਾ, ''ਮੈਂ ਸਾਫ ਕਹਿ ਦੇਣਾ ਚਾਹੁੰਦੀ ਹਾਂ ਕਿ ਬਸਪਾ ਦਾ ਭਾਜਪਾ ਦੇ ਨਾਲ ਕਦੇ ਗੱਠਜੋੜ ਨਹੀਂ ਹੋਵੇਗਾ।'' ਹਾਲਾਂਕਿ ਮਾਇਆਵਤੀ ਨੇ ਕਿਹਾ ਕਿ ਨਾ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈਣ ਜਾ ਰਹੇ ਹਨ ਅਤੇ ਨਾ ਹੀ ਕਿਸੇ ਦੇ ਦਬਾਅ 'ਚ ਆਉਣ ਵਾਲੇ ਹਨ। ਉਹ ਹਰ ਮੋਰਚੇ 'ਤੇ ਜਾਤੀਵਾਦੀ, ਪੂੰਜੀਵਾਦੀ ਤੇ ਫਿਰਕੂ ਤਾਕਤਾਂ ਦਾ ਮੁਕਾਬਲਾ ਕਰਦੇ ਰਹਿਣਗੇ।

(Photo-Vimal Varun)

Comments

Leave a Reply