Fri,Dec 14,2018 | 05:04:23am
HEADLINES:

India

94% ਕੇਸਾਂ 'ਚ ਆਪਣਿਆਂ ਨੇ ਹੀ ਕੀਤਾ ਮਹਿਲਾਵਾਂ ਦਾ ਰੇਪ

94% ਕੇਸਾਂ 'ਚ ਆਪਣਿਆਂ ਨੇ ਹੀ ਕੀਤਾ ਮਹਿਲਾਵਾਂ ਦਾ ਰੇਪ

ਯੌਨ ਅਪਰਾਧਾਂ ਦੇ ਮਾਮਲੇ ਵਿੱਚ ਦੇਸ਼ ਦੀਆਂ ਬੱਚੀਆਂ ਤੇ ਮਹਿਲਾਵਾਂ ਬੇਗਾਨੇ ਲੋਕਾਂ ਦੇ ਮੁਕਾਬਲੇ ਆਪਣੇ ਰਿਸ਼ਤੇਦਾਰਾਂ ਤੇ ਜਾਣ-ਪਛਾਣ ਦੇ ਲੋਕਾਂ ਤੋਂ ਕਿਤੇ ਜ਼ਿਆਦਾ ਅਸੁਰੱਖਿਅਤ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਤਾਜ਼ਾ ਰਿਪੋਰਟ ਇਸ ਸਥਿਤੀ ਤੋਂ ਪਰਦਾ ਚੁੱਕ ਰਹੀ ਹੈ।
 
ਅੰਕੜੇ ਦੱਸਦੇ ਹਨ ਕਿ ਸਾਲ 2016 ਵਿੱਚ ਬਲਾਤਕਾਰ ਦੇ 94.6 ਫੀਸਦੀ ਦਰਜ ਮਾਮਲਿਆਂ ਵਿੱਚ ਦੋਸ਼ੀ ਕੋਈ ਹੋਰ ਨਹੀਂ, ਸਗੋਂ ਪੀੜਤਾਵਾਂ ਦੇ ਜਾਣ-ਪਛਾਣ ਵਾਲੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਦਾਦਾ, ਪਿਤਾ, ਭਰਾ ਤੇ ਬੇਟੇ ਤੱਕ ਸ਼ਾਮਲ ਹਨ। ਐੱਨਸੀਆਰਬੀ ਦੀ ਸਲਾਨਾ ਰਿਪੋਰਟ 'ਭਾਰਤ ਵਿੱਚ ਅਪਰਾਧ 2016' ਮੁਤਾਬਕ, ਦੇਸ਼ ਵਿੱਚ ਪਿਛਲੇ ਸਾਲ ਲਿੰਗ ਆਧਾਰਿਤ ਅਪਰਾਧਾਂ ਵਿੱਚ ਬੱਚਿਆਂ ਦਾ ਸੁਰੱਖਿਆ ਕਾਨੂੰਨ (ਪਾਕਸੋ ਐਕਟ), ਇੰਡੀਅਨ ਪੈਨਲ ਕੋਡ (ਆਈਪੀਸੀ) ਦੀ ਧਾਰਾ 376 ਤੇ ਇਸਦੇ ਨਾਲ ਸਬੰਧਤ ਹੋਰ ਧਾਰਾਵਾਂ ਤਹਿਤ ਬਲਾਤਕਾਰ ਦੇ ਕੁੱਲ 38,947 ਮਾਮਲੇ ਦਰਜ ਕੀਤੇ ਗਏ।
 
ਇਨ੍ਹਾਂ ਵਿੱਚੋਂ 36,859 ਮਾਮਲਿਆਂ 'ਚ ਪੀੜਤ ਬੱਚੀਆਂ ਅਤੇ ਮਹਿਲਾਵਾਂ ਦੇ ਜਾਣ-ਪਛਾਣ ਵਾਲਿਆਂ 'ਤੇ ਹੀ ਉਨ੍ਹਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ, 2016 'ਚ ਬਲਾਤਕਾਰ ਦੇ 630 ਮਾਮਲਿਆਂ ਵਿੱਚ ਪੀੜਤਾਵਾਂ ਦੇ ਨਾਲ ਉਨ੍ਹਾਂ ਦੇ ਦਾਦਾ, ਪਿਤਾ, ਭਰਾ ਤੇ ਬੇਟੇ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ, ਜਦਕਿ 1,087 ਮਾਮਲਿਆਂ ਵਿੱਚ ਉਨ੍ਹਾਂ ਦੇ ਹੋਰ ਨਜ਼ਦੀਕ ਦੇ ਲੋਕਾਂ ਨੇ ਉਨ੍ਹਾਂ ਨੂੰ ਬੇਪੱਤ ਕੀਤਾ।
 
ਪਿਛਲੇ ਸਾਲ 2,174 ਮਾਮਲਿਆਂ 'ਚ ਪੀੜਤ ਬੱਚੀਆਂ ਤੇ ਮਹਿਲਾਵਾਂ ਦੇ ਰਿਸ਼ਤੇਦਾਰ ਇਨ੍ਹਾਂ ਨਾਲ ਬਲਾਤਾਕਰ ਦੇ ਦੋਸ਼ਾਂ ਦੇ ਘੇਰੇ 'ਚ ਆਏ ਸਨ, ਜਦਕਿ 10,520 ਮਾਮਲਿਆਂ ਵਿੱਚ ਪੀੜਤਾਵਾਂ ਦੇ ਗੁਆਂਢੀਆਂ 'ਤੇ ਬਲਾਤਕਾਰ ਦੇ ਮਾਮਲੇ ਦਰਜ ਹੋਏ ਸਨ। ਕੰਪਨੀ ਮਾਲਕਾਂ ਤੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ 600 ਮਾਮਲਿਆਂ ਵਿੱਚ ਬਲਾਤਕਾਰ ਦੇ ਦੋਸ਼ ਲੱਗੇ ਸਨ। 
 
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਇਨ੍ਹਾਂ ਅੰਕੜਿਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, ''ਸਾਡੇ ਸਮਾਜ ਵਿੱਚ ਲੜਕੀਆਂ 'ਤੇ ਹਮੇਸ਼ਾ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਰਹੀਆਂ ਹਨ, ਪਰ ਇਹ ਸਭ ਬਹੁਤ ਹੋ ਗਿਆ। ਹੁਣ ਸਮਾਂ ਆ ਗਿਆ ਹੈ ਕਿ ਹਰ ਘਰ ਵਿੱਚ ਲੜਕਿਆਂ ਨੂੰ ਬਚਪਨ ਵਿੱਚ ਹੀ ਸਿਖਾਇਆ ਜਾਵੇ ਕਿ ਉਨ੍ਹਾਂ ਨੂੰ ਦੇਸ਼ ਦੀਆਂ ਸਮਾਜਿਕ ਕਦਰਾਂ ਕੀਮਤਾਂ ਮੁਤਾਬਕ ਆਪਣੇ ਪਰਿਵਾਰ ਅਤੇ ਇਸ ਤੋਂ ਬਾਹਰ ਦੀਆਂ ਬੱਚੀਆਂ ਤੇ ਮਹਿਲਾਵਾਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਹੈ।''
 
ਉਨ੍ਹਾਂ ਕਿਹਾ ਕਿ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਉਪਲੱਬਧ ਹੈ। ਅਜਿਹੇ ਵਿੱਚ ਲੜਕਿਆਂ ਦੀ ਸੋਚ ਨੂੰ ਗੰਦਾ ਹੋਣ ਤੋਂ ਬਚਾਉਣ ਲਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਮੋਬਾਈਲ ਫੋਨ ਅਤੇ ਕੰਪਿਊਟਰ 'ਤੇ ਕੀ ਦੇਖ ਰਹੇ ਹਨ।
 
ਐੱਨਸੀਆਰਬੀ ਦੀ ਰਿਪੋਰਟ ਮੁਤਾਬਕ, ਸਾਲ 2016 ਵਿੱਚ ਮਹਿਲਾਵਾਂ ਦੇ ਲਿਵ-ਇਨ ਜੋੜੀਦਾਰਾਂ, ਪਤੀਆਂ ਅਤੇ ਸਾਬਕਾ ਪਤੀਆਂ 'ਤੇ 557 ਮਾਮਲਿਆਂ ਵਿੱਚ ਬਲਾਤਕਾਰ ਦੇ ਮਾਮਲੇ ਦਰਜ ਹੋਏ। ਵਿਆਹ ਦਾ ਵਾਅਦਾ ਕਰਕੇ ਮਹਿਲਾਵਾਂ ਨਾਲ ਬਲਾਤਕਾਰ ਦੇ 10,068 ਮਾਮਲੇ ਦਰਜ ਕੀਤੇ ਗਏ। ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਬਲਾਤਕਾਰ ਦੇ ਹੋਰ 11,223 ਦਰਜ ਮਾਮਲਿਆਂ ਵਿੱਚ ਪੀੜਤ ਬੱਚੀਆਂ ਅਤੇ ਮਹਿਲਾਵਾਂ ਦੋਸ਼ੀਆਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਜਾਣ-ਪਛਾਣ ਵਿੱਚ ਸਨ।

 

Comments

Leave a Reply