Sun,Jul 05,2020 | 05:27:23am
HEADLINES:

India

'ਇਨਸਾਨੀਅਤ ਦਿਖਾਉਣ ਭਾਜਪਾ-ਕਾਂਗਰਸ ਸਰਕਾਰਾਂ, ਮਜ਼ਦੂਰਾਂ ਨੂੰ ਸੁਰੱਖਿਅਤ ਘਰ ਭੇਜਣ'

'ਇਨਸਾਨੀਅਤ ਦਿਖਾਉਣ ਭਾਜਪਾ-ਕਾਂਗਰਸ ਸਰਕਾਰਾਂ, ਮਜ਼ਦੂਰਾਂ ਨੂੰ ਸੁਰੱਖਿਅਤ ਘਰ ਭੇਜਣ'

ਦੇਸ਼ ਵਿੱਚ ਕੀਤੇ ਗਏ ਲਾਕਡਾਊਨ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਦੇ ਖਰਾਬ ਹੋਏ ਹਾਲਾਤ ਤੇ ਉਨ੍ਹਾਂ ਦੀਆਂ ਮੌਤਾਂ ਨੂੰ ਲੈ ਕੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ 16 ਮਈ ਨੂੰ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਤੇ ਵੱਖ-ਵੱਖ ਸੂਬਿਆਂ ਦੀਆਂ ਭਾਜਪਾ ਤੇ ਕਾਂਗਰਸ ਸਰਕਾਰਾਂ ਨੂੰ ਘੇਰਿਆ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਯੂਪੀ-ਹਰਿਆਣਾ ਦੀਆਂ ਭਾਜਪਾ ਸਰਕਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਉਣ ਤੇ ਉਨ੍ਹਾਂ ਦੀਆਂ ਮੁਸੀਬਤਾਂ ਦਾ ਹੱਲ ਕਰਨ ਪ੍ਰਤੀ ਇਹ ਸਰਕਾਰਾਂ ਗੰਭੀਰ ਨਹੀਂ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਦੁਖੀ ਉਹ ਪ੍ਰਵਾਸੀ ਮਜ਼ਦੂਰ ਹਨ, ਜੋ ਕਿ ਰੋਜ਼ੀ-ਰੋਟੀ ਲਈ ਆਪਣੇ ਸੂਬਿਆਂ ਨੂੰ ਛੱਡ ਕੇ ਦੂਜੇ ਸੂਬਿਆਂ 'ਚ ਗਏ ਹੋਏ ਸਨ। ਦੁੱਖ ਦੀ ਗੱਲ ਇਹ ਹੈ ਕਿ ਜਦੋਂ ਉੱਥੇ ਦੀਆਂ ਸਰਕਾਰਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਠਹਿਰਣ ਤੇ ਖਾਣ-ਪੀਣ ਦੀ ਵਿਵਸਥਾ ਨਹੀਂ ਕੀਤੀ ਤਾਂ ਇਨ੍ਹਾਂ ਨੂੰ ਮਜ਼ਬੂਰੀ 'ਚ ਆਪਣੇ ਮੂਲ ਸੂਬੇ ਵੱਲ ਆਉਣ ਬਾਰੇ ਸੋਚਣਾ ਪਿਆ।

ਕੇਂਦਰ ਤੇ ਸੂਬਾ ਸਰਕਾਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੂਲ ਸੂਬਿਆਂ 'ਚ ਭੇਜਣ ਦੀ ਵਿਵਸਥਾ ਕਰਨੀ ਚਾਹੀਦੀ ਸੀ। ਇਹ ਸਰਕਾਰਾਂ ਕਹਿੰਦੀਆਂ ਤਾਂ ਰਹੀਆਂ, ਪਰ ਯੋਗ ਪ੍ਰਬੰਧ ਨਹੀਂ ਕੀਤੇ ਗਏ। ਮਜ਼ਦੂਰਾਂ ਲਈ ਜਿਹੜੀਆਂ ਟ੍ਰੇਨਾਂ ਚਲਾਈਆਂ ਗਈਆਂ, ਉਸਦਾ ਵੀ ਉਨ੍ਹਾਂ ਤੋਂ ਕਿਰਾਇਆ ਵਸੂਲਿਆ ਜਾ ਰਿਹਾ ਹੈ।

ਬਸਪਾ ਮੁਖੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਪੂਰੇ ਦੇਸ਼ 'ਚ ਕਈ ਹਾਦਸੇ ਹੋਏ। ਲੋਕ ਮੌਤ ਦੇ ਮੂੰਹ 'ਚ ਚਲੇ ਗਏ। ਇਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਔਰਈਆ ਖੇਤਰ 'ਚ ਭਿਆਨਕ ਟਰੱਕ ਹਾਦਸਾ ਹੋਇਆ, ਜਿਸ 'ਚ 24 ਮਜ਼ਦੂਰ ਮਾਰੇ ਗਏ, ਜਦਕਿ ਕਈ ਜ਼ਖਮੀ ਹੋ ਗਏ। ਕੁਮਾਰੀ ਮਾਇਆਵਤੀ ਨੇ ਇਸ ਘਟਨਾ ਲਈ ਸਰਕਾਰੀ ਲਾਪਰਵਾਹੀ ਨੂੰ ਜ਼ਿੰਮੇਵਾਰ ਦੱਸਿਆ ਤੇ ਨਾਲ ਹੀ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਯੋਗ ਆਰਥਿਕ ਮਦਦ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਭੇਜਣ ਦੀ ਵਿਵਸਥਾ ਕਰਨ ਦੀ ਜਗ੍ਹਾ ਭਾਜਪਾ ਤੇ ਕਾਂਗਰਸ ਇੱਕ-ਦੂਜੇ 'ਤੇ ਦੋਸ਼ ਲਗਾਉਣ ਲੱਗੇ ਹੋਏ ਹਨ। ਭਾਜਪਾ ਤੇ ਕਾਂਗਰਸ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਨਾਂ 'ਤੇ ਕੀਤੀ ਜਾ ਰਹੀ ਰਾਜਨੀਤੀ ਠੀਕ ਨਹੀਂ ਹੈ।

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਪੰਜਾਬ ਤੇ ਰਾਜਸਥਾਨ 'ਚ ਕਾਂਗਰਸ ਸਰਕਾਰਾਂ ਹਨ, ਜਦਕਿ ਮੱਧ ਪ੍ਰਦੇਸ਼, ਹਰਿਆਣਾ ਵਰਗੇ ਸੂਬਿਆਂ 'ਚ ਭਾਜਪਾ ਸਰਕਾਰਾਂ ਹਨ। ਇਨ੍ਹਾਂ ਸੂਬਿਆਂ 'ਚੋਂ ਪ੍ਰਵਾਸੀ ਮਜ਼ਦੂਰ ਜ਼ਿਆਦਾ ਆ ਰਹੇ ਹਨ, ਜਿਨ੍ਹਾਂ ਵੱਲ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ।

ਬਸਪਾ ਮੁਖੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਪ੍ਰਬੰਧ ਨਾ ਕੀਤੇ ਜਾਣ ਕਰਕੇ ਮਜ਼ਦੂਰ ਪਰੇਸ਼ਾਨ ਹਨ, ਗਰਭਵਤੀ ਮਹਿਲਾਵਾਂ ਦਰੱਖ਼ਤਾਂ ਹੇਠਾਂ ਬੱਚੇ ਨੂੰ ਜਨਮ ਦੇ ਰਹੀਆਂ ਹਨ। ਸਰਕਾਰਾਂ ਇਹ ਵੀ ਨਹੀਂ ਸੋਚ ਰਹੀਆਂ ਕਿ ਇਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਵੇ। ਕੇਂਦਰ ਤੇ ਸੂਬਾ ਸਰਕਾਰਾਂ 'ਚ ਇਨਸਾਨੀਅਤ ਹੋਣੀ ਚਾਹੀਦੀ ਹੈ।

ਕੁਮਾਰੀ ਮਾਇਆਵਤੀ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਮਜ਼ਦੂਰਾਂ ਦੀ ਮਦਦ ਕੀਤੀ ਜਾਵੇ ਤੇ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਗੰਭੀਰ ਹੋ ਕੇ ਇਨ੍ਹਾਂ ਨੂੰ ਸੁਰੱਖਿਅਤ ਸਥਾਨ 'ਤੇ ਭੇਜਣਾ ਚਾਹੀਦਾ ਹੈ। ਜਿਸ ਵੀ ਸੂਬੇ ਦੇ ਇਹ ਲੋਕ ਹਨ, ਉੱਥੇ ਉਨ੍ਹਾਂ ਦੀ ਰੋਟੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜੋ ਸਪੈਸ਼ਲ ਪੈਕੇਜ ਐਲਾਨਿਆ ਗਿਆ ਹੈ, ਉਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਨਾ ਹੋ ਕੇ ਰਹਿ ਜਾਵੇ, ਸਗੋਂ ਇਸਦਾ ਲਾਭ ਮਜ਼ਦੂਰਾਂ ਤੱਕ ਪਹੁੰਚਣਾ ਚਾਹੀਦਾ ਹੈ। ਬਸਪਾ ਮੁਖੀ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਪੈਦਲ ਜਾਂ ਟਰੱਕਾਂ 'ਚ ਨਾ ਜਾਣ, ਸਗੋਂ ਆਪਣੇ ਨੇੜਲੇ ਰੇਲਵੇ ਸਟੇਸ਼ਨ ਪਹੁੰਚਣ, ਤਾਂਕਿ ਸਬੰਧਤ ਸੂਬੇ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ 'ਤੇ ਦਬਾਅ ਬਣੇ ਤੇ ਉਹ ਉਨ੍ਹਾਂ ਨੂੰ ਘਰ ਪਹੁੰਚਾਉਣ ਦੀ ਵਿਵਸਥਾ ਕਰਨ।

Comments

Leave a Reply