Sun,Jul 05,2020 | 05:23:16am
HEADLINES:

India

ਮੌਤ ਤੋਂ ਪਹਿਲਾਂ ਮਜ਼ਦੂਰਾਂ ਤੋਂ ਰੋਟੀ ਦੇ ਲਈ ਵੀ ਵਸੂਲੇ ਗਏ ਸਨ ਪੈਸੇ

ਮੌਤ ਤੋਂ ਪਹਿਲਾਂ ਮਜ਼ਦੂਰਾਂ ਤੋਂ ਰੋਟੀ ਦੇ ਲਈ ਵੀ ਵਸੂਲੇ ਗਏ ਸਨ ਪੈਸੇ

ਮਹਾਰਾਸ਼ਟਰ ਦੇ ਔਰੰਗਾਬਾਦ 'ਚ ਟ੍ਰੇਨ ਹੇਠਾਂ ਆ ਕੇ ਮਾਰੇ ਗਏ ਮੱਧ ਪ੍ਰਦੇਸ਼ ਦੇ 16 ਮਜ਼ਦੂਰਾਂ ਦੀ ਜ਼ਿੰਦਗੀ ਮੌਤ ਤੋਂ ਪਹਿਲਾਂ ਵੀ ਮਰ-ਮਰ ਕੇ ਲੰਘ ਰਹੀ ਸੀ। ਇਨ੍ਹਾਂ 'ਤੇ ਮੁਸੀਬਤਾਂ ਦਾ ਪਹਾੜ ਉਦੋਂ ਹੀ ਟੁੱਟ ਗਿਆ ਸੀ, ਜਦੋਂ ਸਰਕਾਰ ਵੱਲੋਂ ਅਚਾਨਕ ਲਾਕਡਾਊਨ ਦਾ ਐਲਾਨ ਕੀਤਾ ਗਿਆ। ਇਨ੍ਹਾਂ ਪੀੜਤ ਲੋਕਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸਰਕਾਰੀ ਦਾਅਵਿਆਂ ਦੇ ਬਾਵਜੂਦ ਮਜ਼ਦੂਰਾਂ ਦੀ ਰੋਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਟ੍ਰੇਨ ਹੇਠਾਂ ਮਾਰੇ ਗਏ ਮਜ਼ਦੂਰ ਨੇਮਸ਼ਾਹ ਦੀ ਪਤਨੀ ਦੇਵਵਤੀ ਕਹਿੰਦੀ ਹੈ ਕਿ ਜਿੱਥੇ ਨੇਮਸ਼ਾਹ ਕੰਮ ਕਰਦਾ ਸੀ, ਉਥੇ ਦੇ ਠੇਕੇਦਾਰ ਨੇ ਜਿਹੜੀ ਰੋਟੀ ਦਿੱਤੀ, ਉਸਦੇ ਵੀ ਪੈਸੇ ਉਨ੍ਹਾਂ ਤੋਂ ਵਸੂਲੇ ਗਏ ਸਨ। ਨੇਮਸ਼ਾਹ ਕੋਲ ਕੋਈ ਪੈਸਾ ਨਹੀਂ ਸੀ, ਜਿਸ ਕਰਕੇ ਉਸਨੇ ਆਪਣੀ ਪਤਨੀ ਦੇਵਵਤੀ ਨੂੰ ਫੋਨ ਕਰਕੇ ਆਪਣੇ ਖਾਤੇ 'ਚ ਇੱਕ ਹਜ਼ਾਰ ਰੁਪਏ ਮੰਗਵਾਏ ਸਨ। ਜਦੋਂ ਨੇਮਸ਼ਾਹ ਮਹਾਰਾਸ਼ਟਰ ਦੇ ਜਾਲਨਾ ਖੇਤਰ ਤੋਂ ਆਪਣੇ ਘਰ ਲਈ ਚੱਲਣ ਲੱਗਾ ਤਾਂ ਠੇਕੇਦਾਰ ਨੇ ਉਸ ਤੋਂ ਰੋਟੀ ਦੇ 500 ਰੁਪਏ ਵਸੂਲ ਲਏ। ਇਸੇ ਤਰ੍ਹਾਂ ਬਾਕੀ ਗਰੀਬ ਲਾਚਾਰ ਮਜ਼ਦੂਰਾਂ ਤੋਂ ਵੀ ਪੈਸੇ ਵਸੂਲੇ ਗਏ।

ਲਾਕਡਾਊਨ ਦੌਰਾਨ ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਦੇ ਅੰਤੌਲੀ ਪਿੰਡ ਨੇ ਬਹੁਤ ਕੁਝ ਗੁਆਇਆ। ਔਰੰਗਾਬਾਦ 'ਚ ਟ੍ਰੇਨ ਹੇਠਾਂ ਆ ਕੇ ਮਾਰੇ ਗਏ 16 ਮਜ਼ਦੂਰਾਂ 'ਚੋਂ 9 ਲੋਕ ਇਸੇ ਪਿੰਡ ਦੇ ਦੱਸੇ ਜਾਂਦੇ ਹਨ। ਇੱਕ ਰਿਪੋਰਟ ਮੁਤਾਬਕ 60 ਸਾਲ ਦੇ ਰਾਮ ਨਿਰੰਜਨ ਸਿੰਘ ਨੇ ਹਾਦਸੇ 'ਚ ਆਪਣੇ ਦੂਜੇ ਤੇ ਤੀਜੇ ਨੰਬਰ ਦੇ 2 ਬੇਟਿਆਂ ਅਤੇ ਜਵਾਈ ਨੂੰ ਗੁਆ ਲਿਆ। ਚੌਥੇ ਨੰਬਰ ਦਾ ਬੇਟਾ ਰਘੁਰਾਜ ਸਿੰਘ ਪਿਛਲੇ 5 ਸਾਲ ਤੋਂ ਲਾਪਤਾ ਹੈ।

ਉਹ ਬੇਰੁਜ਼ਗਾਰੀ ਤੋਂ ਤੰਗ ਆ ਕੇ ਕੰਮ ਦੀ ਤਲਾਸ਼ 'ਚ ਚਲਾ ਗਿਆ ਸੀ। ਰਾਮ ਨਿਰੰਜਨ ਦੇ 5 ਬੇਟਿਆਂ 'ਚੋਂ ਸਭ ਤੋਂ ਵੱਡਾ ਅਜੀਤ ਸਿੰਘ ਰਾਏਪੁਰ 'ਚ ਮਜ਼ਦੂਰੀ ਕਰਦਾ ਹੈ। ਦੂਜਾ ਨਿਰਵੇਸ਼ ਤੇ ਤੀਜਾ ਰਾਵੇਂਦਰ ਔਰੰਗਾਬਾਦ ਟ੍ਰੇਨ ਹਾਦਸੇ ਦੇ ਸ਼ਿਕਾਰ ਹੋ ਗਏ। ਸਭ ਤੋਂ ਛੋਟਾ ਪੰਜਵੇਂ ਨੰਬਰ ਦਾ ਬੇਟਾ ਜੈ ਪ੍ਰਕਾਸ਼ ਸਿੰਘ ਅਜੇ ਪੜ੍ਹਾਈ ਕਰ ਰਿਹਾ ਹੈ।

ਰਾਮ ਨਿਰੰਜਨ ਦੀ ਛੋਟੀ ਬੇਟੀ ਚੰਦਰਵਤੀ ਦਾ ਵਿਆਹ ਮੁਹੱਲੇ 'ਚ ਹੀ ਰਹਿਣ ਵਾਲੇ ਦੀਪਕ ਸਿੰਘ ਦੇ ਨਾਲ ਹੋਇਆ ਸੀ। ਉਹ ਵੀ ਦੋਨਾਂ ਬੇਟਿਆਂ ਨਾਲ ਰੇਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਤੋਂ ਬਾਅਦ ਰਾਮ ਨਿਰੰਜਨ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਹ ਕਦੇ ਅਚਾਨਕ ਹੱਸਣ ਲੱਗਦੇ ਹਨ ਤੇ ਕਦੇ ਚੁੱਪ ਹੋ ਕੇ ਰੋਣ ਲੱਗ ਜਾਂਦੇ ਹਨ। ਰਾਮ ਨਿਰੰਜਨ ਦੀ ਪਤਨੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।

Comments

Leave a Reply