Fri,May 24,2019 | 05:23:01pm
HEADLINES:

India

'ਭਾਰਤ 'ਚ ਸੱਚ ਬੋਲਣ ਵਾਲਿਆਂ ਲਈ ਇਹ ਖਤਰਨਾਕ ਸਮਾਂ'

'ਭਾਰਤ 'ਚ ਸੱਚ ਬੋਲਣ ਵਾਲਿਆਂ ਲਈ ਇਹ ਖਤਰਨਾਕ ਸਮਾਂ'

ਐਮਨੇਸਟੀ ਇੰਟਰਨੈਸ਼ਨਲ ਇੰਡੀਆ ਨੇ ਬੀਤੇ ਦਿਨੀਂ ਕਿਹਾ ਕਿ ਪੱਤਰਕਾਰ ਗੌਰੀ ਲੰਕੇਸ਼ ਦੀ ਬੇਂਗਲੂਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ 1 ਸਾਲ ਬਾਅਦ ਵੀ ਕਈ ਪੱਤਰਕਾਰਾਂ ਨੂੰ ਜਾਨ ਨਾਲੋਂ ਮਾਰਨ ਦੀਆਂ ਧਮਕੀਆਂ, ਹਮਲਿਆਂ ਅਤੇ ਝੂਠੇ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਤਰਰਾਸ਼ਟਰੀ ਗੈਰ ਸਰਕਾਰੀ ਸੰਸਥਾ ਐਮਨੇਸਟੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਭਾਰਤ ਵਿੱਚ ਸੱਤਾ ਨੂੰ ਸੱਚ ਕਹਿਣ ਦੇ ਨਜ਼ਰੀਏ ਨਾਲ ਖਤਰਨਾਕ ਸਮਾਂ ਹੈ।
 
ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਪੱਤਰਕਾਰੀਤਾ 'ਤੇ ਹਮਲੇ ਨਾਲ ਨਾ ਸਿਰਫ ਬੋਲਣ ਤੇ ਵਿਚਾਰ ਰੱਖਣ ਦੀ ਆਜ਼ਾਦੀ ਦੇ ਸੰਵਿਧਾਨਕ ਅਧਿਕਾਰ ਦਾ ਗਲ੍ਹ ਘੁੱਟਿਆ ਜਾਂਦਾ ਹੈ, ਸਗੋਂ ਲੋਕਾਂ ਨੂੰ ਚੁੱਪ ਕਰਾਉਣ 'ਤੇ ਵੀ ਇਸਦਾ ਕਾਫੀ ਪ੍ਰਭਾਵ ਪੈਂਦਾ ਹੈ। ਐਮਨੇਸਟੀ ਨੇ ਨਕਸਲੀਆਂ ਨਾਲ ਸਬੰਧ ਦੇ ਦੋਸ਼ ਵਿੱਚ ਨਜ਼ਰਬੰਦ ਕੀਤੇ ਗਏ ਪੱਤਰਕਾਰ ਤੇ ਨਾਗਰਿਕ ਅਧਿਕਾਰ ਵਰਕਰ ਗੌਤਮ ਨਵਲਖਾ ਤੇ ਕਵੀ ਵਰਾਵਰਾ ਰਾਓ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਹ ਵਿਚਾਰ ਰੱਖਣ ਦੀ ਆਜ਼ਾਦੀ ਨੂੰ ਦਬਾਉਣ ਵਾਲਾ ਕਦਮ ਹੈ। 
 
ਗੌਰੀ ਲੰਕੇਸ਼ ਦੀ ਪਿਛਲੇ ਸਾਲ 5 ਸਤੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕੁਝ ਲੋਕਾਂ ਦੇ ਸਬੰਧ ਹਿੰਦੂ ਦੱਖਣ ਪੱਖੀ ਸੰਗਠਨਾਂ ਨਾਲ ਜੁੜੇ ਦੱਸੇ ਜਾ ਰਹੇ ਹਨ। ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕੁਝ ਲੋਕਾਂ ਦਾ ਨਾਂ ਕਥਿਤ ਤੌਰ 'ਤੇ ਸਨਾਤਨ ਸੰਸਥਾ ਅਤੇ ਉਸ ਨਾਲ ਜੁੜੀ ਹਿੰਦੂ ਜਨ ਜਾਗ੍ਰਿਤੀ ਕਮੇਟੀ ਨਾਲ ਜੁੜਿਆ ਹੋਇਆ ਹੈ।
 
ਪੱਤਰਕਾਰ ਗੌਰੀ ਲੰਕੇਸ਼ ਹੱਤਿਆਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਇੱਕ ਸੀਨੀਅਰ ਅਫਸਰ ਨੇ ਬੀਤੇ ਦਿਨੀਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਅੰਤਮ ਦੌਰ ਵਿੱਚ ਹੈ ਅਤੇ ਦੋ ਮਹੀਨੇ ਦੇ ਅੰਦਰ ਚਾਰਜਸ਼ੀਟ ਦਾਖਲ ਕਰ ਦਿੱਤੀ ਜਾਵੇਗੀ। 
 
ਗੌਰੀ ਲੰਕੇਸ਼ ਦੀ ਹੱਤਿਆ ਦੇ ਮਾਮਲੇ ਵਿੱਚ ਬਣੀ ਐੱਸਆਈਟੀ ਨੇ ਇਸ ਸਬੰਧ ਵਿੱਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਮਨੇਸਟੀ ਇੰਡੀਆ ਦੇ ਆਕਾਰ ਪਟੇਲ ਨੇ ਕਿਹਾ, ''ਇਹ ਠੀਕ ਹੈ ਕਿ ਗੌਰੀ ਲੰਕੇਸ਼ ਹੱਤਿਆ ਕਾਂਡ ਦੀ ਜਾਂਚ ਅੱਗੇ ਵਧਦੀ ਦਿਖਾਈ ਦੇ ਰਹੀ ਹੈ, ਪਰ ਕਈ ਹੋਰ ਪੱਤਰਕਾਰਾਂ ਤੇ ਘੁਟਾਲਿਆਂ ਦਾ ਖੁਲਾਸਾ ਕਰਨ ਵਾਲਿਆਂ 'ਤੇ ਹੋਏ ਹਮਲਿਆਂ ਦੀ ਜਾਂਚ ਵਿੱਚ ਸ਼ਾਇਦ ਹੀ ਕੁਝ ਹੋਇਆ ਹੈ। ਇਹ ਭਾਰਤ ਵਿੱਚ ਸੱਤਾ ਨੂੰ ਸੱਚ ਕਹਿਣ ਵਾਲੇ ਕਿਸੇ ਵੀ ਵਿਅਕਤੀ ਲਈ ਖਤਰਨਾਕ ਸਮਾਂ ਹੈ।''
 
'ਰਿਪੋਰਟਰਸ ਵਿਦਾਉਟ ਬਾਡਰਸ' ਮੁਤਾਬਕ, 2018 ਦੇ ਪਹਿਲੇ 6 ਮਹੀਨੇ ਵਿੱਚ ਭਾਰਤ ਵਿੱਚ ਘੱਟ ਤੋਂ ਘੱਟ 4 ਪੱਤਰਕਾਰ ਮਾਰੇ ਗਏ ਹਨ ਅਤੇ ਘੱਟ ਤੋਂ ਘੱਟ 3 ਹੋਰ 'ਤੇ ਹਮਲਾ ਹੋਇਆ ਹੈ। ਐਮਨੇਸਟੀ ਨੇ ਕਿਹਾ ਕਿ ਸਰਕਾਰ ਦੀ ਆਲੋਚਨਾ ਵਾਲੀ ਪੱਤਰਕਾਰਿਤਾ ਕਰਨ ਵਾਲੇ ਕਈ ਹੋਰ ਪੱਤਰਕਾਰਾਂ ਨੂੰ ਵੀ ਧਮਕੀਆਂ ਮਿਲੀਆਂ ਹਨ। ਪਟੇਲ ਨੇ ਕਿਹਾ, ''ਇਹ ਸਹੀ ਸਮਾਂ ਹੈ ਕਿ ਪੱਤਰਕਾਰਾਂ 'ਤੇ ਹੋਏ ਸਾਰੇ ਹਮਲਿਆਂ ਦੀ ਜਾਂਚ ਕੀਤੀ ਜਾਵੇ।''
 
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਮੁਤਾਬਕ 2014 ਅਤੇ 2017 ਦੇ ਵਿਚਕਾਰ ਮੀਡੀਆ ਦੇ ਲੋਕਾਂ ਖਿਲਾਫ 204 ਹਮਲੇ ਦਰਜ ਕੀਤੇ ਗਏ। ਪ੍ਰੈੱਸ ਫ੍ਰੀਡਮ ਇੰਡੈਕਸ ਵਿੱਚ 180 ਦੇਸ਼ਾਂ ਵਿਚਕਾਰ ਭਾਰਤ ਦੀ ਸਥਿਤੀ 2017 ਵਿੱਚ 136 ਤੋਂ ਵੱਧ ਕੇ 2018 ਵਿੱਚ 138 ਹੋ ਗਈ ਹੈ। ਐਮਨੇਸਟੀ ਨੇ ਕਿਹਾ ਕਿ ਪੱਤਰਕਾਰਾਂ ਤੋਂ ਇਲਾਵਾ ਹੋਰ ਲੋਕ, ਜਿਹੜੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਦੇ ਹਨ, ਜਿਵੇਂ ਕਿ ਵ੍ਹਿਸਲਬਲੋਅਰ ਅਤੇ ਸੂਚਨਾ ਦਾ ਅਧਿਕਾਰ (ਆਰਟੀਆਈ) ਵਰਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Comments

Leave a Reply