Sat,Sep 19,2020 | 08:06:14am
HEADLINES:

India

ਮੋਦੀ ਰਾਜ : ਘੱਟ ਹੋਣ ਦੀ ਜਗ੍ਹਾ ਹੋਰ ਵਧ ਗਈ ਮਹਿੰਗਾਈ

ਮੋਦੀ ਰਾਜ : ਘੱਟ ਹੋਣ ਦੀ ਜਗ੍ਹਾ ਹੋਰ ਵਧ ਗਈ ਮਹਿੰਗਾਈ

ਪਿਛਲੇ ਕਈ ਦਹਾਕਿਆਂ ਤੋਂ ਮਹਿੰਗਾਈ ਲਗਭਗ ਹਰ ਚੋਣਾਂ ਵਿੱਚ ਵੱਡਾ ਮੁੱਦਾ ਰਹੀ ਹੈ। ਇਸੇ ਮੁੱਦੇ 'ਤੇ ਕਈ ਸਰਕਾਰਾਂ ਬਣਦੀਆਂ ਤੇ ਕਈ ਡਿਗਦੀਆਂ ਵੀ ਰਹੀਆਂ ਹਨ। ਲੋਕਾਂ ਨੂੰ ਮਹਿੰਗਾਈ ਤੋ ਰਾਹਤ ਦੇਣ ਦਾ ਵਾਅਦਾ ਕਰਕੇ ਰਾਜਨੀਤਕ ਪਾਰਟੀਆਂ ਕੇਂਦਰ ਦੀ ਸੱਤਾ ਤੱਕ ਪਹੁੰਚਦੀਆਂ ਰਹੀਆਂ, ਪਰ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀਆਂ।

2014 ਦੀਆਂ ਲੋਕਸਭਾ ਚੋਣਾਂ ਦੌਰਾਨ ਭਾਜਪਾ ਨੇ ਮਹਿੰਗਾਈ ਦੇ ਮੁੱਦੇ ਨੂੰ ਚੁੱਕਦੇ ਹੋਏ ਲੋਕਾਂ ਤੋਂ ਵੋਟਾਂ ਮੰਗੀਆਂ ਸਨ ਤੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਲੋਕਾਂ ਨੂੰ ਇਸ ਤੋਂ ਰਾਹਤ ਦਿੱਤੀ ਜਾਵੇਗੀ। ਇਸਦੇ ਬਾਵਜੂਦ ਇਸ ਦਿਸ਼ਾ ਵਿੱਚ ਜਨਤਾ ਨੂੰ ਰਾਹਤ ਨਹੀਂ ਮਿਲ ਸਕੀ।

ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਆਪਣਾ ਪਿਛਲਾ 5 ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਤੇ ਹੁਣ ਦੂਜੀ ਵਾਰ ਉਸਦੀ ਸਰਕਾਰ ਬਣੇ ਨੂੰ ਵੀ ਕਰੀਬ 6 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਪਰ ਲੋਕ ਅਜੇ ਵੀ ਮਹਿੰਗਾਈ ਦੀ ਭੱਠੀ ਵਿੱਚ ਸੜ ਰਹੇ ਹਨ।

ਮਹਿੰਗਾਈ ਦੇ ਸਬੰਧ ਵਿੱਚ ਹੀ ਹੁਣ ਕੰਜ਼ਿਊਮਰ ਪ੍ਰਾਈਸ ਇੰਡੈਕਸ ਮਤਲਬ ਰਿਟੇਲ ਇਨਫਲੇਸ਼ਨ ਦੇ ਨਵੇਂ ਅੰਕੜੇ ਸਾਹਮਣੇ ਆਏ ਹਨ, ਜਿਸ ਨਾਲ ਆਮ ਲੋਕਾਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਇਸਦੇ ਤਹਿਤ ਸਬਜ਼ੀਆਂ ਦੀ ਕੀਮਤ ਵਿੱਚ ਤੇਜ਼ੀ ਨਾਲ ਰਿਟੇਲ ਮਹਿੰਗਾਈ ਦਰ ਅਕਤੂਬਰ ਮਹੀਨੇ ਵਿੱਚ ਵਧ ਕੇ 4.62 ਫੀਸਦੀ ਹੋ ਗਈ। ਸਤੰਬਰ ਵਿੱਚ ਇਹ ਦਰ 3.99 ਫੀਸਦੀ ਸੀ।

ਅਕਤੂਬਰ ਵਿੱਚ ਰਿਟੇਲ ਮਹਿੰਗਾਈ ਦਰ 15 ਮਹੀਨਿਆਂ ਵਿੱਚ ਸਭ ਤੋਂ ਜ਼ਿਆਦਾ ਰਹੀ। ਮਹੀਨੇ ਦਰ ਮਹੀਨੇ ਆਧਾਰ 'ਤੇ ਅਕਤੂਬਰ ਵਿੱਚ ਸਬਜ਼ੀਆਂ ਦੀ ਮਹਿੰਗਾਈ ਦਰ 15.4 ਫੀਸਦੀ ਤੋਂ ਵਧ ਕੇ 26 ਫੀਸਦੀ 'ਤੇ ਪਹੁੰਚ ਗਈ ਹੈ। ਦੂਜੇ ਪਾਸੇ, ਦਾਲਾਂ ਦੀ ਮਹਿੰਗਾਈ ਦਰ ਵਧ ਕੇ 11.72 ਫੀਸਦੀ ਹੋ ਗਈ, ਜੋ ਕਿ ਸਤੰਬਰ 2019 ਵਿੱਚ 8.34 ਫੀਸਦੀ ਸੀ।

ਬਿਜਲੀ ਤੇ ਫਿਊਲ ਦੀ ਮਹਿੰਗਾਈ ਦਰ ਸਤੰਬਰ ਦੇ 2.18 ਫੀਸਦੀ ਦੇ ਮੁਕਾਬਲੇ 2.02 ਫੀਸਦੀ ਰਹੀ ਹੈ। ਹਾਊਸਿੰਗ ਸੈਕਟਰ ਦੇ ਮਾਮਲੇ ਵਿੱਚ ਰਿਟੇਲ ਮਹਿੰਗਾਈ ਸਤੰਬਰ ਦੇ 4.75 ਫੀਸਦੀ ਤੋਂ ਘੱਟ ਹੋ ਕੇ 4.58 ਫੀਸਦੀ 'ਤੇ ਪਹੁੰਚ ਗਈ ਹੈ। ਕਲੋਥਿੰਗ ਐਂਡ ਫੁਟਵੀਅਰ ਦੀ ਰਿਟੇਲ ਮਹਿੰਗਾਈ ਅਕਤੂਬਰ ਵਿੱਚ ਵਧ ਕੇ 1.65 ਫੀਸਦੀ ਹੋ ਗਈ ਹੈ, ਜੋ ਕਿ ਸਤੰਬਰ ਵਿੱਚ 0.96 ਫੀਸਦੀ 'ਤੇ ਸੀ।

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਰਿਟੇਲ ਇਨਫਲੇਸ਼ਨ ਨੂੰ 4 ਫੀਸਦੀ ਦੇ ਆਲੇ-ਦੁਆਲੇ ਰੱਖਣ ਦਾ ਟੀਚਾ ਰੱਖਿਆ ਹੈ, ਪਰ ਜਿਸ ਤਰ੍ਹਾਂ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਸ ਨਾਲ ਰਿਟੇਲ ਮਹਿੰਗਾਈ ਦਰ ਆਰਬੀਆਈ ਦੇ 4 ਫੀਸਦੀ ਦੇ ਟਾਰਗੇਟ ਤੋਂ ਜ਼ਿਆਦਾ ਹੋ ਗਈ ਹੈ, ਜੋ ਕਿ ਚਿੰਤਾ ਦੀ ਗੱਲ ਹੈ। ਪਿਛਲੇ ਸਾਲ ਦੇ ਅਕਤੂਬਰ ਮਹੀਨੇ ਦੀ ਗੱਲ ਕਰੀਏ ਤਾਂ ਉਸ ਸਮੇਂ ਰਿਟੇਲ ਮਹਿੰਗਾਈ ਦਰ 3.38 ਫੀਸਦੀ ਸੀ। ਅਕਤੂਬਰ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਵਧ ਕੇ 7.89 ਫੀਸਦੀ ਸੀ, ਜਦਕਿ ਪਿਛਲੇ ਮਹੀਨੇ ਵਿੱਚ ਇਹ ਅੰਕੜਾ 5.11 ਫੀਸਦੀ ਸੀ।

Comments

Leave a Reply