Mon,Oct 22,2018 | 12:04:54pm
HEADLINES:

India

ਮਾਇਆਵਤੀ ਨੇ ਕਿਹਾ-ਸੰਵਿਧਾਨ ਦੀ ਅਣਦੇਖੀ 'ਚ ਭਾਜਪਾ ਦੇ ਨਾਲ-ਨਾਲ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ

ਮਾਇਆਵਤੀ ਨੇ ਕਿਹਾ-ਸੰਵਿਧਾਨ ਦੀ ਅਣਦੇਖੀ 'ਚ ਭਾਜਪਾ ਦੇ ਨਾਲ-ਨਾਲ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ

ਕੇਂਦਰੀ ਭਾਜਪਾ ਮੰਤਰੀ ਅਨੰਤ ਕੁਮਾਰ ਹੇਗੜੇ ਵਲੋਂ ਸੰਵਿਧਾਨ ਨੂੰ ਬਦਲਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਦੇਸ਼ ਭਰ ਵਿੱਚ ਹੰਗਾਮਾ ਹੋ ਰਿਹਾ ਹੈ। ਇਸੇ ਮਾਮਲੇ 'ਤੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਭਾਜਪਾ ਤੇ ਕਾਂਗਰਸ ਦੋਨਾਂ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਅਣਦੇਖੀ ਵਿੱਚ ਭਾਜਪਾ ਦੇ ਨਾਲ-ਨਾਲ ਕਾਂਗਰਸ ਵੀ ਬਰਾਬਰ ਦੀ ਜ਼ਿੰਮੇਵਾਰ ਹੈ। 

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਸੰਵਿਧਾਨ ਦੇ ਪਵਿੱਤਰ ਉਦੇਸ਼ਾਂ ਨੂੰ ਫੇਲ ਸਾਬਿਤ ਕਰਨ ਦੇ ਮਾਮਲੇ ਵਿੱਚ ਭਾਜਪਾ ਅਤੇ ਕਾਂਗਰਸ ਇੱਕ ਹਨ। ਇਹ ਸੱਚ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ। ਸਾਰੇ ਜਾਣਦੇ ਹਨ ਕਿ ਸੰਘ ਦੀ ਸੋਚ ਸੰਵਿਧਾਨ ਵਿਰੋਧੀ ਹੈ। ਇਹੀ ਕਾਰਨ ਹੈ ਕਿ ਦੇਸ਼ ਦੀ ਹਰ ਸੰਵਿਧਾਨਕ ਤੇ ਲੋਕਤੰਤਰਿਕ ਸੰਸਥਾ, ਸੰਸਦ, ਨਿਆਂਪਾਲਿਕਾ, ਕਾਰਜਪਾਲਿਕਾ ਸਾਰੇ ਇੱਕ ਸੰਕਟ ਦੇ ਦੌਰ ਵਿੱਚੋਂ ਲੰਘ ਰਹੇ ਹਨ, ਪਰ ਇਤਿਹਾਸਕ ਸੱਚ ਇਹ ਵੀ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਆਜ਼ਾਦੀ ਤੋਂ ਬਾਅਦ ਜਿਸ ਸਮਾਜਿਕ ਤੇ ਆਰਥਿਕ ਲੋਕਤੰਤਰ ਦਾ ਸੁਪਨਾ ਦੇਖਿਆ ਸੀ, ਉਹ ਕਾਂਗਰਸ ਦੇ ਲੰਮੇ ਸ਼ਾਸਨ ਦੌਰਾਨ ਖਿਲਰਦਾ ਚਲਾ ਗਿਆ।

ਬਸਪਾ ਮੁਖੀ ਨੇ ਕਿਹਾ ਕਿ ਛੂਆਛੂਤ, ਜਾਤੀਵਾਦ, ਜਾਤੀਵਾਦੀ ਹਿੰਸਾ ਅਤੇ ਭੇਦਭਾਵ ਨੂੰ ਸੰਵਿਧਾਨ ਵਿੱਚ ਤਾਂ ਖਤਮ ਕਰ ਦਿੱਤਾ ਗਿਆ, ਪਰ ਸੱਤਾ ਵਰਗ ਦੇ ਲੋਕ ਇਸਨੂੰ ਹਰ ਪੱਧਰ 'ਤੇ ਸ਼ਹਿ ਦਿੰਦੇ ਰਹੇ। ਪੱਛੜੇ ਵਰਗ ਨੂੰ ਉਸਦਾ ਹੱਕ ਦੇਣ ਦੇ ਮਾਮਲੇ ਵਿੱਚ ਕਾਫੀ ਜ਼ਿਆਦਾ ਭੇਦਭਾਵ ਵਧਦਾ ਗਿਆ। 

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਆਜ਼ਾਦੀ ਦੇ ਲੰਮੇ ਸਮੇਂ ਬਾਅਦ ਗੈਰ ਕਾਂਗਰਸ ਸਰਕਾਰ ਵੱਲੋਂ ਬਾਬਾ ਸਾਹਿਬ ਨੂੰ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ ਜਾ ਸਕਿਆ ਅਤੇ ਓਬੀਸੀ ਵਰਗ ਨੂੰ ਸਿੱਖਿਆ ਤੇ ਨੌਕਰੀ ਦੇ ਖੇਤਰ ਵਿੱਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਜਾ ਸਕੀ।

ਮਾਇਆਵਤੀ ਨੇ ਕਿਹਾ ਕਿ ਕਾਂਗਰਸ ਨੂੰ ਇਹ ਗੱਲ ਦੇਸ਼ ਨੂੰ ਦੱਸਣੀ ਚਾਹੀਦੀ ਹੈ ਕਿ ਬਾਬਾ ਸਾਹਿਬ ਨੇ ਸਾਲ 1951 ਵਿੱਚ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ ਸੀ। ਕਾਂਗਰਸ ਦੇ ਸੰਵਿਧਾਨਕ ਭਾਵਨਾ ਦੇ ਉਲਟ ਕੰਮ ਕਰਦੇ ਰਹਿਣ ਕਾਰਨ ਹੀ ਮਜਬੂਰ ਹੋ ਕੇ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕਰਨੀ ਪਈ ਸੀ।

Comments

Leave a Reply