Tue,Oct 20,2020 | 03:10:45am
HEADLINES:

India

ਬਦਹਾਲੀ : ਬੇਰੁਜ਼ਗਾਰੀ ਦੇ ਭਿਆਨਕ ਦੌਰ 'ਚੋਂ ਲੰਘ ਰਿਹੈ ਦੇਸ਼

ਬਦਹਾਲੀ : ਬੇਰੁਜ਼ਗਾਰੀ ਦੇ ਭਿਆਨਕ ਦੌਰ 'ਚੋਂ ਲੰਘ ਰਿਹੈ ਦੇਸ਼

ਦੇਸ਼ ਬੇਰੁਜ਼ਗਾਰੀ ਦੀ ਭਿਆਨਕ ਸਥਿਤੀ 'ਚੋਂ ਲੰਘ ਰਿਹਾ ਹੈ। ਕੋਰੋਨਾ ਦੇ ਮੱਦੇਨਜ਼ਰ ਦੇਸ਼ ਭਰ 'ਚ ਕਰੀਬ ਢਾਈ ਮਹੀਨੇ ਦੇ ਲਾਕਡਾਊਨ ਦੌਰਾਨ ਸਾਰੇ ਦਫਤਰ, ਉਦਯੋਗ, ਕਾਰਖਾਨੇ ਬੰਦ ਰਹੇ ਤੇ ਆਰਥਿਕ ਗਤੀਵਿਧੀਆਂ ਠੱਪ ਰਹੀਆਂ। ਇਸਦਾ ਨਤੀਜਾ ਇਹ ਹੋਇਆ ਕਿ ਕਰੋੜਾਂ ਲੋਕਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਅਤੇ ਨੌਕਰੀਆਂ ਚਲੀਆਂ ਗਈਆਂ। ਇਸ ਸਮੇਂ ਅਰਥ ਵਿਵਸਥਾ 'ਚ ਮੰਦੀ ਦੇ ਨਾਲ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਲੋਕਾਂ ਕੋਲ ਕੰਮ ਨਹੀਂ ਹੈ, ਨੌਕਰੀਆਂ ਨਹੀਂ ਹਨ। ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ। ਇਨ੍ਹਾਂ 'ਚ ਉਹ ਲੋਕ ਵੀ ਸ਼ਾਮਲ ਹਨ, ਜੋ ਪਹਿਲਾਂ ਤੋਂ ਬਜ਼ਾਰ 'ਚ ਨੌਕਰੀ ਦੀ ਤਲਾਸ਼ 'ਚ ਸਨ।

ਬੇਰੁਜ਼ਗਾਰੀ ਦਾ ਇਹ ਸੰਕਟ ਕੋਈ ਨਵਾਂ ਨਹੀਂ ਹੈ। ਲਾਕਡਾਊਨ ਤੋਂ ਪਹਿਲਾਂ ਵੀ ਬੇਰੁਜ਼ਗਾਰੀ ਦਰ ਪਿਛਲੇ 4 ਦਹਾਕੇ ਦੇ ਉੱਚ ਪੱਧਰ 'ਤੇ ਪਹੁੰਚ ਚੁੱਕੀ ਸੀ। ਵੱਖ-ਵੱਖ ਏਜੰਸੀਆਂ ਦੇ ਅੰਕੜੇ ਦਿਖਾਉਂਦੇ ਹਨ ਕਿ ਦੇਸ਼ 'ਚ ਬੇਰੁਜ਼ਗਾਰੀ ਭਿਆਨਕ ਪੱਧਰ 'ਤੇ ਪਹੁੰਚ ਚੁੱਕੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਮੀ (ਸੀਐੱਮਆਈਈ) ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਬੇਰੁਜ਼ਗਾਰੀ ਹੈਰਾਨੀਜਨਕ ਢੰਗ ਨਾਲ ਵਧ ਰਹੀ ਹੈ। ਮਾਰਚ ਤੋਂ ਜੁਲਾਈ ਵਿਚਕਾਰ ਦੇਸ਼ 'ਚ ਤਨਖਾਹ ਲੈਣ ਵਾਲੇ 1.9 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ।

ਇਹ ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜੋ ਕਿ ਸੰਗਠਿਤ ਖੇਤਰ 'ਚ ਕੰਮ ਕਰਦੇ ਹਨ। ਗੈਰ ਸੰਗਠਿਤ ਖੇਤਰ ਦੀ ਹਾਲਤ ਦਾ ਤਾਂ ਅਨੁਮਾਨ ਵੀ ਨਹੀਂ ਲਗਾਇਆ ਜਾ ਸਕਦਾ। ਬੇਰੁਜ਼ਗਾਰੀ ਦਰ 26 ਫੀਸਦੀ ਦੇ ਪੱਧਰ 'ਤੇ ਪਹੁੰਚ ਚੁੱਕੀ ਹੈ। ਆਜ਼ਾਦ ਭਾਰਤ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਬੇਰੁਜ਼ਗਾਰੀ ਦਰ ਇੰਨੀ ਜ਼ਿਆਦਾ ਹੈ। ਮਾੜਾ ਹਾਲ ਤਾਂ ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦਾ ਹੈ, ਜੋ ਕਿਤੇ ਨਾ ਕਿਤੇ ਨੌਕਰੀ ਕਰ ਰਹੇ ਸਨ ਅਤੇ ਹਰ ਮਹੀਨੇ ਤਨਖਾਹ ਪ੍ਰਾਪਤ ਕਰ ਰਹੇ ਸਨ, ਪਰ ਜਿਵੇਂ ਹੀ ਇਸ ਖੇਤਰ 'ਚ ਵੱਡੀ ਗਿਣਤੀ 'ਚ ਨੌਕਰੀਆਂ ਗਈਆਂ ਤਾਂ ਲੋਕਾਂ ਨੂੰ ਤਨਖਾਹ ਮਿਲਣੀ ਬੰਦ ਹੋ ਗਈ।

ਕੋਰੋਨਾ ਸੰਕਟ ਕਰਕੇ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ 'ਚ ਰੁਜ਼ਗਾਰ ਦੀ ਸਥਿਤੀ ਨੂੰ ਲੈ ਕੇ ਏਸ਼ੀਆਈ ਵਿਕਾਸ ਬੈਂਕ (ਏਡੀਬੀ) ਤੇ ਅੰਤਰ ਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੀ ਨਵੀਂ ਰਿਪੋਰਟ ਮੁਤਾਬਕ ਇਸ ਸਾਲ ਦੇ ਅਖੀਰ ਤੱਕ ਭਾਰਤ ਦੇ 43 ਲੱਖ ਨੌਜਵਾਨਾਂ ਹੱਥੋਂ ਨੌਕਰੀਆਂ ਖੋਹ ਹੋ ਜਾਣਗੀਆਂ। ਲਾਕਡਾਊਨ ਦੌਰਾਨ ਪੈਦਾ ਹੋਏ ਬੇਰੁਜ਼ਗਾਰੀ ਦੇ ਇਸ ਸੰਕਟ ਤੋਂ ਬਾਹਰ ਆਉਣ ਲਈ ਕੇਂਦਰ ਸਰਕਾਰ ਨੇ ਇੱਕ ਪੋਰਟਲ ਅਸੀਮ ਦੀ ਵੀ ਵਿਵਸਥਾ ਕੀਤੀ ਹੈ।

ਇਸ ਪੋਰਟਲ 'ਤੇ 40 ਦਿਨਾਂ 'ਚ 69 ਲੱਖ ਬੇਰੁਜ਼ਗਾਰਾਂ ਨੇ ਨੌਕਰੀ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ 'ਚੋਂ ਸਿਰਫ 7,700 ਲੋਕਾਂ ਨੂੰ ਕੰਮ ਮਿਲਿਆ। ਮਤਲਬ ਕਿ 0.1 ਫੀਸਦੀ ਲੋਕ। ਦੇਸ਼ 'ਚ ਜਿਸ ਤੇਜ਼ੀ ਨਾਲ ਬੇਰੁਜ਼ਗਾਰੀ ਵਧ ਰਹੀ ਹੈ, ਉਸਦੇ ਅਨੁਪਾਤ 'ਚ ਰੁਜ਼ਗਾਰ ਮਿਲਣ ਦੀ ਸੰਭਾਵਨਾ ਨਹੀਂ ਦੇ ਬਰਾਬਰ ਹੈ। ਖਾਸ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਅਧਿਕਾਰਕ ਤੌਰ 'ਤੇ ਪਿਛਲੇ ਕਈ ਸਾਲਾਂ ਤੋਂ ਰੁਜ਼ਗਾਰ ਦੇ ਅੰਕੜੇ ਜਨਤੱਕ ਨਹੀਂ ਕੀਤੇ ਹਨ।

ਸਾਫ ਹੈ ਸਰਕਾਰ ਉਪਭੋਗ, ਰੁਜ਼ਗਾਰ ਤੇ ਹੋਰ ਆਰਥਿਕ ਅੰਕੜਿਆਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ, ਤਾਂਕਿ ਭਿਆਨਕ ਸਥਿਤੀ ਸਾਹਮਣੇ ਨਾ ਆਵੇ। ਰੁਜ਼ਗਾਰ 'ਤੇ ਪਹਿਲੀ ਸੱਟ ਨੋਟਬੰਦੀ ਨਾਲ ਲੱਗੀ ਸੀ। ਇਸ ਤੋਂ ਬਾਅਦ ਕੋਰੋਨਾ ਮਹਾਮਾਰੀ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਦੇਸ਼ ਦੇ ਕੁੱਲ ਰੁਜ਼ਗਾਰ 'ਚ ਸਰਕਾਰੀ ਤੇ ਜਨਤੱਕ ਖੇਤਰ ਦਾ ਬਹੁਤ ਘੱਟ ਹਿੱਸਾ ਹੈ, ਫਿਰ ਵੀ ਇਨ੍ਹਾਂ 'ਚ ਕਈ ਸਾਲਾਂ ਤੋਂ ਪੈਂਡਿੰਗ ਪਈਆਂ ਭਰਤੀਆਂ ਤੁਰੰਤ ਕੀਤੇ ਜਾਣ 'ਤੇ ਕੁਝ ਰਾਹਤ ਮਿਲ ਸਕਦੀ ਹੈ। ਇਸਦੇ ਨਾਲ ਹੀ ਨਿੱਜੀ ਖੇਤਰ ਲਈ ਤਨਖਾਹ ਸਬਸਿਡੀ ਵਰਗੇ ਉਪਾਅ ਵੀ ਪ੍ਰਭਾਵਸ਼ਾਲੀ ਹੋਣਗੇ।  

-ਆਤਿਫ ਰੱਬਾਨੀ

Comments

Leave a Reply