Mon,Apr 22,2019 | 12:34:18am
HEADLINES:

India

ਭਾਜਪਾ ਨੂੰ 6 ਰਾਜਨੀਤਕ ਪਾਰਟੀਆਂ ਤੋਂ 9 ਗੁਣਾ ਜ਼ਿਆਦਾ ਮਿਲਿਆ ਚੰਦਾ

ਭਾਜਪਾ ਨੂੰ 6 ਰਾਜਨੀਤਕ ਪਾਰਟੀਆਂ ਤੋਂ 9 ਗੁਣਾ ਜ਼ਿਆਦਾ ਮਿਲਿਆ ਚੰਦਾ

ਰਾਜਨੀਤਕ ਪਾਰਟੀਆਂ ਦੇ ਚੰਦੇ 'ਤੇ ਨਜ਼ਰ ਰੱਖਣ ਵਾਲੇ ਗੈਰਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਾਈਟਸ, ਮਤਲਬ ਏਡੀਆਰ ਦੀ ਤਾਜ਼ਾ ਰਿਪੋਰਟ ਨੇ ਪੁਰਾਣੇ ਸਵਾਲਾਂ ਨੂੰ ਫਿਰ ਤੋਂ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਭਾਜਪਾ, ਕਾਂਗਰਸ, ਬਸਪਾ, ਐੱਨਸੀਪੀ, ਸੀਪੀਆਈ, ਸੀਪੀਐੱਮ ਤੇ ਤ੍ਰਿਣਮੂਲ ਕਾਂਗਰਸ ਦੇ ਬਹੀ ਖਾਤਿਆਂ ਦੀ ਪੜਤਾਲ ਕਰਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
 
ਚੰਦਾ ਲੈਣ ਨਾਲ ਜੁੜੇ ਨਿਯਮਾਂ ਤਹਿਤ ਰਾਜਨੀਤਕ ਪਾਰਟੀਆਂ ਨੂੰ 20 ਹਜ਼ਾਰ ਰੁਪਏ ਤੋਂ ਜ਼ਿਆਦਾ ਚੰਦਾ ਦੇਣ ਵਾਲੇ ਦਾਨੀਆਂ ਦੇ ਨਾਂ ਜਨਤੱਕ ਕਰਨੇ ਹੁੰਦੇ ਹਨ। ਏਡੀਆਰ ਦੀ ਰਿਪੋਰਟ ਦੱਸਦੀ ਹੈ ਕਿ ਵਿੱਤ ਵਰ੍ਹੇ 2016-17 ਵਿੱਚ ਸੱਤਿਆ ਇਲੈਕਟੋਰਲ ਟਰੱਸਟ ਨਾਂ ਦੀ ਇੱਕ ਕੰਪਨੀ ਨੇ ਭਾਜਪਾ ਨੂੰ ਇਕੱਲੇ 251.22 ਕਰੋੜ ਰੁਪਏ ਚੰਦੇ ਦੇ ਤੌਰ 'ਤੇ ਦਿੱਤੇ। ਇਹ ਭਾਜਪਾ ਨੂੰ ਮਿਲਣ ਵਾਲੇ ਕੁੱਲ ਚੰਦੇ ਦਾ 47.19 ਫੀਸਦੀ ਹੈ।
 
ਇਸੇ ਕੰਪਨੀ ਨੇ 13.90 ਕਰੋੜ ਰੁਪਏ ਕਾਂਗਰਸ ਨੂੰ ਵੀ ਦਿੱਤੇ ਹਨ। ਰਾਸ਼ਟਰੀ ਪਾਰਟੀਆਂ ਨੂੰ ਵਿੱਤ ਵਰ੍ਹੇ 2016-17 ਵਿੱਚ 20 ਹਜ਼ਾਰ ਰੁਪਏ ਤੋਂ ਜ਼ਿਆਦਾ ਮਿਲੇ ਚੰਦੇ ਦੀ ਕੁੱਲ ਰਕਮ 589.38 ਕਰੋੜ ਰੁਪਏ ਹੈ। ਅਜਿਹਾ ਪੈਸਾ 2123 ਚੰਦਿਆਂ ਤੋਂ ਮਿਲਿਆ ਹੈ। ਭਾਜਪਾ ਨੂੰ 1194 ਲੋਕਾਂ ਜਾਂ ਕੰਪਨੀਆਂ ਨੇ 532.27 ਕਰੋੜ ਰੁਪਏ ਦਾ ਚੰਦਾ ਦਿੱਤਾ।
 
ਕਾਂਗਰਸ ਨੂੰ ਇਸ ਸਾਲ 599 ਲੋਕਾਂ ਜਾਂ ਕੰਪਨੀਆਂ ਨੇ 41.90 ਕਰੋੜ ਰੁਪਏ ਦਿੱਤੇ ਹਨ। ਬਾਕੀ ਛੇ ਰਾਜਨੀਤਕ ਪਾਰਟੀਆਂ ਨੂੰ ਜਿੰਨਾ ਚੰਦਾ ਮਿਲਿਆ ਹੈ, ਭਾਜਪਾ ਨੂੰ ਉਨ੍ਹਾਂ ਤੋਂ 9 ਗੁਣਾ ਤੋਂ ਵੀ ਜ਼ਿਆਦਾ ਚੰਦਾ ਮਿਲਿਆ ਹੈ। ਬਸਪਾ ਨੇ ਕਿਹਾ ਹੈ ਕਿ ਕਿਸੇ ਨੇ ਵੀ ਉਨ੍ਹਾਂ ਦੀ ਪਾਰਟੀ ਨੂੰ 20 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਚੰਦਾ ਨਹੀਂ ਦਿੱਤਾ।
 
ਰਾਜਨੀਤਕ ਪਾਰਟੀਆਂ ਨੂੰ ਸਾਲ 2016-17 ਵਿੱਚ ਮਿਲੇ ਕੁੱਲ ਚੰਦੇ ਵਿੱਚ 487.36 ਕਰੋੜ ਰੁਪਏ  ਦਾ ਵਾਧਾ ਹੋਇਆ ਦੇਖਿਆ ਗਿਆ ਹੈ, ਜੋ ਕਿ 478 ਫੀਸਦੀ ਜ਼ਿਆਦਾ ਹੈ। ਇਸ ਤੋਂ ਪਹਿਲਾਂ ਦੇ ਵਿੱਤ ਵਰ੍ਹੇ 2015-16 ਵਿੱਚ ਪਾਰਟੀਆਂ ਨੂੰ ਕੁੱਲ 102.02 ਕਰੋੜ ਰੁਪਏ ਦਾ ਚੰਦਾ ਮਿਲਿਆ ਸੀ। ਕਾਨੂੰਨ ਮੁਤਾਬਕ, ਭਾਰਤ ਵਿੱਚ ਕੋਈ ਵੀ ਰਾਜਨੀਤਕ ਪਾਰਟੀ ਸਾਰਿਆਂ ਤੋਂ ਚੰਦਾ ਲੈ ਸਕਦੀ ਹੈ।
 
ਮਤਲਬ ਵਿਅਕਤੀਗਤ ਤੇ ਕਾਰਪੋਰੇਟ ਤੋਂ ਵੀ। ਵਿਦੇਸ਼ੀ ਨਾਗਰਿਕਾਂ ਤੋਂ ਵੀ ਚੰਦਾ ਲਿਆ ਜਾ ਸਕਦਾ ਹੈ। ਕੰਪਨੀਆਂ ਰਾਜਨੀਤਕ ਪਾਰਟੀਆਂ ਨੂੰ ਕਿੰਨਾ ਚੰਦਾ ਦੇ ਸਕਦੀਆਂ ਹਨ, ਇਸ ਨੂੰ ਲੈ ਕੇ ਅਲੱਗ-ਅਲੱਗ ਵਿਵਸਥਾ ਹੈ। ਮਤਲਬ, ਤਿੰਨ ਸਾਲ ਤੋਂ ਘੱਟ ਸਮੇਂ ਵਾਲੀ ਕੰਪਨੀ ਰਾਜਨੀਤਕ ਚੰਦਾ ਨਹੀਂ ਦੇ ਸਕਦੀ ਅਤੇ ਕੰਪਨੀਜ਼ ਐਕਟ ਦੀ ਧਾਰਾ 292ਏ ਦੇ ਮੁਤਾਬਕ ਕੋਈ ਵੀ ਕੰਪਨੀ ਆਪਣੇ ਸਲਾਨਾ ਲਾਭ ਦੇ 5 ਫੀਸਦੀ ਤੱਕ ਦੀ ਰਕਮ ਨੂੰ ਹੀ ਚੰਦੇ ਦੇ ਤੌਰ 'ਤੇ ਦੇ ਸਕਦੀ ਹੈ। ਦੂਜੇ ਪਾਸੇ ਰਾਜਨੀਤਕ ਪਾਰਟੀਆਂ ਲਈ ਚੰਦਾ ਲੈਣ ਲਈ ਕੋਈ ਸੀਮਾ ਨਹੀਂ ਹੈ। ਰਾਜਨੀਤਕ ਪਾਰਟੀਆਂ ਨੂੰ ਇਨਕਮ ਟੈਕਸ ਤੋਂ ਛੋਟ ਮਿਲੀ ਹੋਈ ਹੈ।

 

Comments

Leave a Reply