Tue,Dec 01,2020 | 08:41:06am
HEADLINES:

India

ਦਲਿਤ ਲੜਕੀ ਦੀ ਮੌਤ 'ਤੇ ਦੇਸ਼ਭਰ 'ਚ ਗੁੱਸਾ, ਲੋਕ ਸੜਕਾਂ 'ਤੇ ਆ ਕੇ ਕਰ ਰਹੇ ਪ੍ਰਦਰਸ਼ਨ

ਦਲਿਤ ਲੜਕੀ ਦੀ ਮੌਤ 'ਤੇ ਦੇਸ਼ਭਰ 'ਚ ਗੁੱਸਾ, ਲੋਕ ਸੜਕਾਂ 'ਤੇ ਆ ਕੇ ਕਰ ਰਹੇ ਪ੍ਰਦਰਸ਼ਨ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇੱਕ ਪਿੰਡ 'ਚ ਹੈਵਾਨੀਅਤ ਦਾ ਸ਼ਿਕਾਰ ਹੋਣ ਵਾਲੀ ਦਲਿਤ ਲੜਕੀ ਦੀ 29 ਸਤੰਬਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਦੇਸ਼ ਭਰ 'ਚ ਲੋਕਾਂ 'ਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦਿੱਲੀ ਦੇ ਨਿਰਭਯਾ ਮਾਮਲੇ ਵਾਂਗ ਇਹ ਘਟਨਾ ਵੀ ਰੂਹ ਕੰਬਾ ਦੇਣ ਵਾਲੀ ਹੈ।

ਖਬਰਾਂ ਮੁਤਾਬਕ 14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਇੱਕ ਪਿੰਡ 'ਚ 19 ਸਾਲ ਦੀ ਦਲਿਤ ਲੜਕੀ ਨਾਲ ਅਖੌਤੀ ਉੱਚ ਜਾਤੀ ਦੇ 4 ਵਿਅਕਤੀਆਂ ਨੇ ਕਥਿਤ ਤੌਰ 'ਤੇ ਜਬਰ ਜਿਨਾਹ ਕੀਤਾ। ਇਸ ਦੌਰਾਨ ਲੜਕੀ ਨਾਲ ਹੈਵਾਨੀਅਤ ਕਰਦੇ ਹੋਏ ਉਸਦੀ ਰੀੜ ਦੀ ਹੱਡੀ ਤੋੜ ਦਿੱਤੀ ਗਈ। ਨਾਲ ਹੀ ਜੀਭ ਵੀ ਵੱਢ ਦਿੱਤੀ ਗਈ, ਤਾਂਕਿ ਉਹ ਬੋਲ ਨਾ ਸਕੇ। ਉਸਦੇ ਗਲ੍ਹ ਦੀਆਂ ਹੱਡੀਆਂ 'ਚ ਵੀ 4 ਜਗ੍ਹਾ ਫ੍ਰੈਕਚਰ ਸਨ।

ਲੜਕੀ ਨੂੰ ਗੰਭੀਰ ਹਾਲਤ 'ਚ ਅਲੀਗੜ ਦੇ ਜੇਐੱਨ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ, ਜਿੱਥੋਂ ਹਾਲਤ ਗੰਭੀਰ ਹੋਣ 'ਤੇ ਉਸਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਇੱਥੇ 29 ਸਤੰਬਰ ਨੂੰ ਲੜਕੀ ਨੇ ਆਖਰੀ ਸਾਹ ਲਿਆ। ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਦੀ ਪੁਲਸ ਦੇ ਨਾਲ-ਨਾਲ ਸੂਬੇ ਦੀ ਯੋਗੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੀ ਸਵਾਲਾਂ ਦੇ ਘੇਰੇ 'ਚ ਹੈ। ਦੋਸ਼ ਲੱਗ ਰਹੇ ਹਨ ਕਿ ਉੱਤਰ ਪ੍ਰਦੇਸ਼ ਪੁਲਸ ਨੇ ਪੀੜਤ ਲੜਕੀ ਦੀ ਮ੍ਰਿਤਕ ਦੇਹ ਉਸਦੇ ਪਰਿਵਾਰ ਨੂੰ ਨਾ ਸੌਂਪ ਕੇ, ਉਸਦਾ ਦਾਹ ਸਸਕਾਰ ਰਾਤ ਦੇ ਹਨੇਰੇ 'ਚ ਕਰ ਦਿੱਤਾ।

ਖਬਰਾਂ ਮੁਤਾਬਕ ਇਹ ਦੋਸ਼ ਲੱਗੇ ਕਿ ਪੁਲਸ ਨੇ ਦੋਸ਼ੀਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਹਿਲਾਂ ਮਾਮਲੇ 'ਚ ਛੇੜਛਾੜ ਦੇ ਦੋਸ਼ ਤਹਿਤ ਐਫਆਈਆਰ ਦਰਜ ਕੀਤੀ ਸੀ। 21 ਸਤੰਬਰ ਨੂੰ ਲੜਕੀ ਦੇ ਹੋਸ਼ 'ਚ ਆਉਣ ਤੋਂ ਬਾਅਦ ਕੀਤੀ ਗਈ ਡਾਕਟਰੀ ਜਾਂਚ ਦੌਰਾਨ ਮੈਡੀਕਲ ਰਿਪੋਰਟ 'ਚ ਗੈਂਗਰੇਪ ਦੀ ਗੱਲ ਸਾਫ ਹੋਈ। ਇਸ ਤੋਂ ਬਾਅਦ ਮਾਮਲਾ ਭੜਕ ਗਿਆ। ਪੀੜਤ ਲੜਕੀ ਨੇ ਹੋਸ਼ 'ਚ ਆਉਣ 'ਤੇ ਇਹ ਵੀ ਦੱਸਿਆ ਸੀ ਕਿ ਦੋਸ਼ੀਆਂ ਨੇ ਉਸਦੀ ਜੀਭ ਵੱਢ ਦਿੱਤੀ ਸੀ, ਤਾਂਕਿ ਉਹ ਘਟਨਾ ਬਾਰੇ ਨਾ ਦੱਸ ਸਕੇ।

ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਦੀ ਆਬਾਦੀ 450 ਦੇ ਕਰੀਬ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਠਾਕੁਰ ਸਮਾਜ ਦੇ ਹਨ, ਜਦਕਿ ਅਨੁਸੂਚਿਤ ਜਾਤੀ ਤੇ ਜਨਜਾਤੀ ਵਰਗ ਦੇ ਲੋਕਾਂ ਦੀ ਆਬਾਦੀ ਘੱਟ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਿੰਡ ਦੇ ਅੰਦਰ ਠਾਕੁਰਾਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ।

ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਦੇ ਨਿਰਦੇਸ਼ਾਂ ਆਦਿ ਦੇ ਬਾਵਜੂਦ ਦਲਿਤਾਂ ਤੇ ਮਹਿਲਾਵਾਂ 'ਤੇ ਅੱਤਿਆਚਾਰ, ਬਲਾਤਕਾਰ ਤੇ ਹੱਤਿਆ ਆਦਿ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਹਨ। ਇਸ ਨਾਲ ਸਰਕਾਰ ਦੀ ਨੀਅਤ 'ਤੇ ਸਵਾਲ ਉੱਠਣਾ ਸੁਭਾਵਿਕ ਹੈ। ਖਾਸ ਤੌਰ 'ਤੇ ਵਿਦਿਆਰਥਣਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਤਾਂ ਅਜਿਹੀ ਕਾਨੂੰਨ ਵਿਵਸਥਾ ਕਿਸ ਕੰਮ ਦੀ?

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਪੁਲਸ ਵੱਲੋਂ ਹਾਥਰਸ ਦੀ ਗੈਂਗਰੇਪ ਪੀੜਤ ਦਲਿਤ ਲੜਕੀ ਦੀ ਲਾਸ਼ ਨੂੰ ਉਸਦੇ ਪਰਿਵਾਰ ਨੂੰ ਨਾ ਸੌਂਪ ਕੇ ਉਨ੍ਹਾਂ ਦੀ ਮਰਜੀ ਦੇ ਬਿਨਾਂ ਤੇ ਉਨ੍ਹਾਂ ਦੀ ਗੈਰਮੌਜ਼ੂਦਗੀ 'ਚ ਹੀ ਅੱਧੀ ਰਾਤ ਨੂੰ ਅੰਤਮ ਸਸਕਾਰ ਕਰ ਦੇਣਾ ਲੋਕਾਂ 'ਚ ਸ਼ੱਕ ਤੇ ਗੁੱਸਾ ਪੈਦਾ ਕਰਦਾ ਹੈ। ਬਸਪਾ ਮੁਖੀ ਨੇ ਪੁਲਸ ਦੇ ਅਜਿਹੇ ਵਤੀਰੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੀ ਹੈ। ਕੁਮਾਰੀ ਮਾਇਆਵਤੀ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਕਾਰਵਾਈ ਕਰਨੀ ਚਾਹੀਦੀ ਹਨ। ਉੱਤਰ ਪ੍ਰਦੇਸ਼ ਸਰਕਾਰ ਤੇ ਪੁਲਸ ਦੇ ਵਤੀਰੇ ਤੋਂ ਅਜਿਹਾ ਬਿਲਕੁਲ ਨਹੀਂ ਲਗਦਾ ਕਿ ਗੈਂਗਰੇਪ ਪੀੜਤਾ ਦੀ ਮੌਤ ਤੋਂ ਬਾਅਦ ਵੀ ਉਸਦੇ ਪਰਿਵਾਰ ਨੂੰ ਨਿਆਂ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲ ਸਕੇਗੀ।

Comments

Leave a Reply