Tue,Dec 01,2020 | 07:41:58am
HEADLINES:

India

ਦੋਸ਼ੀਆਂ ਦੇ ਸਮਰਥਨ 'ਚ ਅਖੌਤੀ ਉੱਚ ਜਾਤੀ ਵਰਗ ਦੇ ਲੋਕਾਂ ਨੇ ਕੀਤੀ ਸਭਾ

ਦੋਸ਼ੀਆਂ ਦੇ ਸਮਰਥਨ 'ਚ ਅਖੌਤੀ ਉੱਚ ਜਾਤੀ ਵਰਗ ਦੇ ਲੋਕਾਂ ਨੇ ਕੀਤੀ ਸਭਾ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਪਿੰਡ 'ਚ ਅਨੁਸੂਚਿਤ ਜਾਤੀ ਵਰਗ ਦੀ ਇੱਕ ਲੜਕੀ ਨਾਲ ਗੈਂਗਰੇਪ ਤੇ ਉਸਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ 4 ਲੋਕ ਅਖੌਤੀ ਉੱਚ ਜਾਤੀ ਵਰਗ ਨਾਲ ਸਬੰਧਤ ਹਨ। ਇੱਕ ਪਾਸੇ ਜਿੱਥੇ ਇਨ੍ਹਾਂ ਦੋਸ਼ੀਆਂ ਤੇ ਸੂਬੇ ਦੀ ਭਾਜਪਾ ਸਰਕਾਰ ਖਿਲਾਫ ਦੇਸ਼ਭਰ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਠਾਕੁਰ ਸਮਾਜ ਦੇ ਕਈ ਲੋਕ ਇਨ੍ਹਾਂ ਦੋਸ਼ੀਆਂ ਦੇ ਸਮਰਥਨ 'ਚ ਸਾਹਮਣੇ ਆ ਗਏ ਹਨ।

ਐੱਨਡੀਟੀਵੀ ਦੀ ਇੱਕ ਰਿਪੋਰਟ ਮੁਤਾਬਕ 4 ਅਕਤੂਬਰ ਨੂੰ ਸਵੇਰੇ ਹਾਥਰਸ 'ਚ ਭਾਜਪਾ ਦੇ ਇੱਕ ਨੇਤਾ ਤੇ ਸਾਬਕਾ ਵਿਧਾਇਕ ਰਾਜਵੀਰ ਸਿੰਘ ਪਹਿਲਵਾਨ ਦੇ ਘਰ ਦੋਸ਼ੀਆਂ ਦੇ ਸਮਰਥਨ 'ਚ 500 ਦੇ ਕਰੀਬ ਲੋਕ ਇਕੱਠੇ ਹੋਏ। ਇਸ ਦੌਰਾਨ ਇੱਕ ਦੋਸ਼ੀ ਦੇ ਪਰਿਵਾਰ ਵਾਲੇ ਵੀ ਮੌਜੂਦ ਸਨ। ਪ੍ਰਦਰਸ਼ਨ ਦੌਰਾਨ ਦੋਸ਼ ਲਗਾਇਆ ਗਿਆ ਕਿ ਚਾਰੇ ਦੋਸ਼ੀਆਂ ਨੂੰ ਗਲਤ ਦੋਸ਼ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲਣਾ ਚਾਹੀਦਾ ਹੈ। ਕਵਿੰਟ ਦੀ ਰਿਪੋਰਟ ਮੁਤਾਬਕ ਭਾਜਪਾ ਆਗੂ ਰਾਜਵੀਰ ਸਿੰਘ ਪਹਿਲਵਾਨ ਨੇ ਕਿਹਾ ਕਿ ''ਬਲਾਤਕਾਰ ਨਹੀਂ ਹੋਇਆ ਹੈ। ਪੀੜਤ ਦੇ ਪਰਿਵਾਰ ਨੇ ਸ਼ੁਰੂ 'ਚ ਸਿਰਫ ਇੱਕ ਵਿਅਕਤੀ (ਦੋਸ਼ੀ) ਦਾ ਨਾਂ ਕਿਉਂ ਲਿਆ ਅਤੇ ਫਿਰ 3 ਹੋਰ ਨਾਂ ਸ਼ਾਮਲ (ਐੱਫਆਈਆਰ 'ਚ) ਕੀਤੇ ਗਏ? ਲੜਕੀ ਦਾ ਗਲ੍ਹ ਦਬਾਉਣ ਅਤੇ ਹੋਰ ਦੋਸ਼ ਝੂਠੇ ਹਨ। ਹੁਣ ਸੀਬੀਆਈ ਸਹੀ ਢੰਗ ਨਾਲ ਜਾਂਚ ਕਰੇਗੀ, ਸਾਨੂੰ ਉਸ 'ਤੇ ਪੂਰਾ ਭਰੋਸਾ ਹੈ।''

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਹਾਥਰਸ ਜ਼ਿਲ੍ਹੇ 'ਚ ਪੀੜਤ ਪਰਿਵਾਰ ਦੇ ਘਰ ਤੋਂ ਕਰੀਬ 500 ਮੀਟਰ ਦੂਰ ਠਾਕੁਰ ਸਮਾਜ ਦੇ ਸੈਂਕੜੇ ਲੋਕਾਂ ਨੇ ਦੋਸ਼ੀਆਂ ਦੇ ਸਮਰਥਨ 'ਚ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਸਬੰਧ 'ਚ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਇਸਦੇ ਮੁਤਾਬਕ 3 ਅਕਤੂਬਰ ਨੂੰ ਰਾਸ਼ਟਰੀ ਸਵਰਣ ਪ੍ਰੀਸ਼ਦ ਦੀ ਇੱਕ ਮੀਟਿੰਗ ਉਸੇ ਪਿੰਡ 'ਚ ਹੋਈ, ਜਿੱਥੇ ਅਨੁਸੂਚਿਤ ਜਾਤੀ ਵਰਗ ਦੀ ਲੜਕੀ ਨਾਲ ਭਿਆਨਕ ਘਟਨਾ ਹੋਈ ਸੀ।

ਇਸ ਸਬੰਧੀ ਇੱਕ ਵੀਡੀਓ 'ਚ ਅਖੌਤੀ ਉੱਚ ਜਾਤੀ ਵਰਗ ਦਾ ਇੱਕ ਵਿਅਕਤੀ ਇਹ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ਠਾਕੁਰ ਵੱਡੇ-ਵੱਡੇ ਹਮਲਿਆਂ ਦਾ ਸਾਹਮਣਾ ਕਰਨ ਲਈ ਹੀ ਪੈਦਾ ਹੁੰਦੇ ਹਨ। ਇਸ ਦੌਰਾਨ ਪੁਲਸ ਨੂੰ ਉਸਦੇ ਨਾਲ ਬਹਿਸ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਉਹ ਕਹਿੰਦਾ ਹੈ ਕਿ 4 ਦੋਸ਼ੀ ਬਲਾਤਕਾਰੀ ਨਹੀਂ ਹਨ। ਅਸੀਂ ਕੋਈ ਦਬਾਅ ਨਹੀਂ ਸਹਾਂਗੇ। ਜੇਕਰ ਅਸੀਂ ਖੜੇ ਹੋ ਗਏ ਤਾਂ ਪੂਰੇ ਦੇਸ਼ ਦਾ ਚੱਲਣਾ ਮੁਸ਼ਕਿਲ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ ਪ੍ਰਭਾਵਸ਼ਾਲੀ ਵਰਗ ਦੇ 4 ਵਿਅਕਤੀਆਂ ਨੇ 19 ਸਾਲ ਦੀ ਅਨੁਸੂਚਿਤ ਜਾਤੀ ਵਰਗ ਦੀ ਲੜਕੀ ਨਾਲ ਕਥਿਤ ਤੌਰ 'ਤੇ ਗੈਂਗਰੇਪ ਕੀਤਾ ਸੀ। ਘਟਨਾ ਦੇ 9 ਦਿਨ ਬਾਅਦ ਜਾ ਕੇ ਪੀੜਤ ਲੜਕੀ ਹੋਸ਼ 'ਚ ਆਈ, ਜਿਸਨੇ ਸਾਰੀ ਕਹਾਣੀ ਪਰਿਵਾਰਕ ਮੈਂਬਰਾਂ ਨੂੰ ਦੱਸੀ ਸੀ।

ਪੀੜਤ ਲੜਕੀ ਨੇ ਮੌਤ ਤੋਂ ਪਹਿਲਾਂ ਦਿੱਤੇ ਆਪਣੇ ਬਿਆਨ 'ਚ ਇਹ ਵੀ ਦੱਸਿਆ ਸੀ ਕਿ ਦੋਸ਼ੀਆਂ ਨੇ ਉਸਦੀ ਜੀਭ ਵੱਢ ਦਿੱਤੀ ਸੀ, ਤਾਂਕਿ ਉਹ ਘਟਨਾ ਬਾਰੇ ਨਾ ਦੱਸ ਸਕੇ। ਉਸਦੀ ਰੀੜ ਦੀ ਹੱਡੀ ਵੀ ਤੋੜ ਦਿੱਤੀ ਗਈ ਸੀ। ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਦੀ ਆਬਾਦੀ 450 ਦੇ ਕਰੀਬ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਠਾਕੁਰ ਸਮਾਜ ਦੇ ਹਨ, ਜਦਕਿ ਅਨੁਸੂਚਿਤ ਜਾਤੀ ਤੇ ਜਨਜਾਤੀ ਵਰਗ ਦੇ ਲੋਕਾਂ ਦੀ ਆਬਾਦੀ ਘੱਟ ਹੈ।

 

Comments

Leave a Reply